ਬਾਘਾਂ ਦੀ ਥਾਂ ਮਨੁੱਖੀ ਆਬਾਦੀ ਨੂੰ ਠੱਲ੍ਹਣ ਦੀ ਲੋੜ: ਰਣਦੀਪ ਹੁੱਡਾ
ਮੁੰਬਈ: ਬੌਲੀਵੁੱਡ ਅਦਾਕਾਰ ਅਤੇ ਪਸ਼ੂ ਪ੍ਰੇਮੀ ਰਣਦੀਪ ਹੁੱਡਾ ਨੇ ਅਜਿਹੀਆਂ ਰਿਪੋਰਟਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਬਾਘਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਜਨਮ ਨਿਯੰਤਰਣ ਢੰਗ ਵਰਤਣ ’ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰਸਤਾਵਿਤ ਯੋਜਨਾ ਦੀ ਨਿਖੇਧੀ ਕਰਦੇ ਹਨ। ਹੁੱਡਾ ਨੇ ਇਸ ਨੂੰ ਹਾਸੋਹੀਣਾ ਅਤੇ ਖਤਰਨਾਕ ਵਿਚਾਰ ਕਰਾਰ ਦਿੰਦਿਆਂ ਕਿਹਾ ਕਿ ਇਸ ਵੇਲੇ ਬਾਘਾਂ ਦੀ ਥਾਂ ਮਨੁੱਖਾਂ ਦੀ ਆਬਾਦੀ ਨੂੰ ਕਾਬੂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਘ ਸਿਰਫ਼ ਸਾਡੀ ਜੰਗਲੀ ਜੀਵ ਵਿਰਾਸਤ ਦਾ ਪ੍ਰਤੀਕ ਨਹੀਂ ਹਨ, ਉਹ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ। ਉਨ੍ਹਾਂ ਦੀ ਕੁਦਰਤੀ ਪ੍ਰਜਨਨ ਪ੍ਰਕਿਰਿਆ ਵਿੱਚ ਦਖਲ ਦੇਣ ਦੀ ਕੋਈ ਵੀ ਕੋਸ਼ਿਸ਼ ਗਲਤ ਦਿਸ਼ਾ ਵਿੱਚ ਇੱਕ ਕਦਮ ਸਾਬਤ ਹੋ ਸਕਦਾ ਹੈ। ਅਜਿਹੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਆਬਾਦੀ ਘਟਾਉਣ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਸਾਨੂੰ ਉਨ੍ਹਾਂ ਲਈ ਸੁਰੱਖਿਅਤ ਵਾਤਾਵਰਨ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਫਿਲਹਾਲ ਰਣਦੀਪ ਆਗਾਮੀ ਐਕਸ਼ਨ ਥ੍ਰਿਲਰ ‘ਮੈਚਬਾਕਸ’ ਵਿੱਚ ਹੌਲੀਵੁੱਡ ਸਟਾਰ ਜੌਨ ਸੀਨਾ ਨਾਲ ਦਿਖਾਈ ਦੇਣਗੇ ਜਿਸ ਦੀ ਸ਼ੂਟਿੰਗ ਇਸ ਵੇਲੇ ਹੰਗਰੀ ਦੇ ਸ਼ਹਿਰ ਬੁਡਾਪੈੱਸਟ ਵਿੱਚ ਕੀਤੀ ਜਾ ਰਹੀ ਹੈ। -ਆਈਏਐੱਨਐੱਸ