ਸਮਾਜਿਕ ਤੇ ਆਰਥਿਕ ਢਾਂਚਾ ਬਦਲਣ ਦੀ ਲੋੜ
ਕਸ਼ਮੀਰ ਸਿੰਘ ਸੰਧੂ ਕਾਦੀਆਂ
ਕੁਦਰਤੀ ਜਖੀਰਿਆਂ ਨਾਲ ਭਰਪੂਰ ਭਾਰਤ ਹੁਕਮਰਾਨਾਂ ਦੀਆਂ ਗਲਤ ਆਰਥਿਕ ਤੇ ਸਿਆਸੀ ਨੀਤੀਆਂ ਕਾਰਨ ਕੰਗਾਲੀ ਅਤੇ ਸਮੱਸਿਆਵਾਂ ਦਾ ਦੇਸ਼ ਬਣ ਕੇ ਰਹਿ ਗਿਆ ਹੈ। ਭਾਰਤ ਨੂੰ ਜਿੱਥੇ ਵਿਦੇਸ਼ੀਆਂ ਨੇ ਲੁੱਟਿਆ ਉੱਥੇ ਸਾਡੇ ਦੇਸ਼ ਦੇ ਸਿਆਸਤਦਾਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਉਹ ਲੋਕ ਹਿੱਤਾਂ ਦੀ ਰਾਖੀ ਕਰਨ ਦੀ ਬਜਾਇ ਆਪਣੇ ਹੀ ਹਤਿਾਂ ਦੀ ਰਾਖੀ ਕਰਦੇ ਹਨ ਅਤੇ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਦੀ ਦੌੜ ਵਿਚ ਰਹਿੰਦੇ ਹਨ। ਲੋਕ ਭਲਾਈ ਦੀ ਗੱਲ ਕਰਨੀ ਹੋਵੇ ਤਾਂ ਸਿਰਫ ਚੋਣਾਂ ਸਮੇਂ ਕਰਦੇ ਹਨ। ਬਾਅਦ ਵਿਚ ਕਾਨੂੰਨ ਨੂੰ ਦਰੜ ਦਰੜ ਕੇ ਇਨਸਾਫ ਨੂੰ ਹੀ ਸੂਲੀ ਚਾੜ੍ਹ ਕੇ ਆਪਣੀ ਕੁਰਸੀ ਸਲਾਮਤ ਰੱਖਣ ਲਈ ਹਰ ਤਰ੍ਹਾਂ ਦੇ ਖੂਨ-ਖਰਾਬੇ, ਦੰਗੇ-ਫਸਾਦ, ਧਰਮਾਂ ਦੀ ਦੁਹਾਈ ਪਾ ਕੇ ਲੋਕ ਲਹਿਰਾਂ ਨੂੰ ਕੁਚਲਦੇ ਸ਼ਾਹੀ ਫਰਮਾਨ ਜਾਰੀ ਕਰ ਕੇ ਜਿੱਤ ਲਈ ਹਰ ਢੰਗ-ਤਰੀਕਾ ਵਰਤਦੇ ਹਨ। ਬਹੁਤੇ ਸਿਆਸਤਦਾਨ ਅਤੇ ਧਰਮ ਨੂੰ ਆਧਾਰ ਬਣਾ ਕੇ ਸਿਆਸਤ ਕਰਨ ਵਾਲੇ ਕਦੀ ਧਰਮ, ਕਦੀ ਜਾਤ ਅਤੇ ਕਦੀ ਕੋਈ ਹੋਰ ਮੁੱਦਾ ਬਣਾਈ ਰੱਖਦੇ ਹਨ ਜਿਸ ਦਾ ਆਮ ਲੋਕਾਂ ਨਾਲ ਕੋਈ ਸਬੰਧ ਨਹੀਂ ਹੁੰਦਾ।
ਅਸਲ ਵਿਚ ਪੂਰੇ ਵਿਸ਼ਵ ਵਿਚ ਭਾਰਤ ਹੀ ਇੱਕੋ-ਇੱਕ ਦੇਸ਼ ਹੈ ਜਿੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ ਪਰ ਚੰਦ ਕੁ ਲੋਕ ਆਪਣੇ ਸਵਾਰਥਾਂ ਖਾਤਰ ਇਨ੍ਹਾਂ ਨੂੰ ਧਰਮਾਂ ਮਜ਼ਹਬਾਂ ਦੇ ਨਾਂ ’ਤੇ ਆਪਸ ਵਿਚ ਲੜਾ ਕੇ ਅਤੇ ਖੂਨ ਖਰਾਬਾ ਕਰਵਾ ਕੇ ਆਪਣੇ ਮੁਫਾਦ ਮੁਤਾਬਿਕ ਕੰਮ ਕਰਦੇ ਹਨ। ਇਹ ਜਾਣਦੇ ਨੇ ਕਿ ਕਿਵੇਂ ਗਲਤ ਹੱਥਕੰਡਿਆਂ ਰਾਹੀਂ ਲੋਕਾਂ ਨੂੰ ਨਸ਼ੇ ਲਗਾਉਣੇ ਨੇ। ਅੱਜ ਮੁਲਕ ਅੰਦਰ ਸ਼ਰੇਆਮ ਹਰ ਤਰ੍ਹਾਂ ਦੇ ਨਸ਼ੇ ਵਿਕ ਰਹੇ ਹਨ ਜਿਸ ਨਾਲ ਸਾਡਾ ਨੌਜਵਾਨ ਵਰਗ ਇਸ ਦਲਦਲ ਵਿਚ ਦਿਨੋ-ਦਿਨ ਧਸ ਰਿਹਾ ਹੈ। ਇਹੋ ਕੁਝ ਸਾਡੇ ਸਿਆਸੀ ਨੇਤਾ ਚਾਹੁੰਦੇ ਹਨ ਕਿ ਨੌਜਵਾਨਾਂ ਨੂੰ ਨਸਿ਼ਆਂ ਦੀ ਦਲਦਲ ਵਿਚ ਧੱਕ ਕੇ ਇਨ੍ਹਾਂ ’ਤੇ ਰਾਜ ਕੀਤਾ ਜਾਵੇ। ਅੱਜ ਕਿਸੇ ਲੀਡਰ ਨੂੰ ਦੇਸ਼ ਦੇ ਭਵਿੱਖ ਦਾ, ਉਨ੍ਹਾਂ ਲੱਖਾਂ ਕਰੋੜਾਂ ਨੌਜਵਾਨਾਂ ਜਿਹੜੇ ਪੜ੍ਹੇ ਲਿਖੇ ਹਨ ਤੇ ਹੱਥਾਂ ਵਿਚ ਡਿਗਰੀਆਂ ਲਈ ਫਿਰਦੇ ਹਨ ਤੇ ਲੱਖਾਂ ਕਰੋੜਾਂ ਦੀ ਗਿਣਤੀ ਵਿਚ ਉਹ ਲੋਕ ਜੋ ਨਰਕ ਤੋਂ ਵੀ ਬਦਤਰ ਜਿ਼ੰਦਗੀ ਜਿਊਣ ਲਈ ਮਜਬੂਰ ਹਨ, ਦਾ ਕੋਈ ਧਿਆਨ ਨਹੀਂ। ਅੱਜ ਲੱਖਾਂ ਲੋਕ ਫੁੱਟਪਾਥਾਂ, ਗੰਦੇ ਨਾਲਿਆਂ, ਸੜਕਾਂ ਕਿਨਾਰੇ ਮੁਢਲੀਆਂ ਸਹੂਲਤਾਂ ਤੋਂ ਇਲਾਵਾ ਭੁੱਖੇ ਢਿੱਡ ਨੀਲੀ ਛੱਤ ਹੇਠ ਦਿਨ ਗੁਜ਼ਾਰਨ ਲਈ ਮਜਬੂਰ ਹਨ ਪਰ ਸਾਡੇ ਦੇਸ਼ ਦੇ ਹਾਕਮ ਬੱਸ ਕਾਗਜ਼ੀਂ ਪੱਤਰੀਂ ਕਰੋੜਾਂ ਰੁਪਏ ਦੇਸ਼ ਦੇ ਵਿਕਾਸ ਲਈ ਲਾਉਣ ਦੇ ਅਖਬਾਰੀ ਬਿਆਨ ਦਿੰਦੇ ਨਹੀਂ ਥੱਕਦੇ।
ਇਹ ਲੋਕ ਸਿਰਫ ਤੇ ਸਿਰਫ ਵੋਟਾਂ ਵੇਲੇ ਭੋਲੇ ਭਾਲੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾਉਂਦੇ ਹਨ ਤੇ ਫਿਰ ਪੂਰੇ ਪੰਜ ਸਾਲ ਬੰਨੇ। ਕਦੇ ਵਿਦੇਸ਼ਾਂ ਦੀਆਂ ਸੈਰਾਂ ਕਰਨ ਅਤੇ ਕਦੇ ਆਪਣਾ ਇਲਾਜ ਕਰਾਉਣ ਦੇ ਬਹਾਨੇ ਆਪਣੇ ਨਾਲ ਦੇ ਨੌਜਵਾਨਾਂ ਨੂੰ ਬਾਹਰ ਛੱਡ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਬਟੋਰ ਕੇ ਆਪਣੀਆਂ ਤਜਿੌਰੀਆਂ ਭਰਦੇ ਹਨ। ਸਾਡਾ ਦੇਸ਼ ਉਂਝ ਤਾਂ ਲੋਕਤੰਤਰੀ ਦੇਸ਼ ਅਖਵਾਉਂਦਾ ਹੈ ਜਿਸ ਵਿਚ ਹਰ ਮਨੁੱਖ ਨੂੰ ਆਪਣੇ ਢੰਗ ਨਾਲ ਜਿਊਣ ਦੀਆਂ ਵੱਖ ਵੱਖ ਧਰਾਵਾਂ ਹਨ ਪਰ ਉਸ ਸੰਵਿਧਾਨ ਦੀਆਂ ਧਰਾਵਾਂ ਸਿਰਫ ਫਾਈਲਾਂ ਤੱਕ ਹੀ ਸੀਮਤ ਹਨ। ਜੇ ਦੇਸ਼ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਨਿਗਾਹ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਕੁ ਆਜ਼ਾਦ ਹਾਂ। ਵੱਖ ਵੱਖ ਕਾਰਖਾਨਿਆਂ, ਭੱਠਿਆਂ ਉੱਤੇ ਅੱਜ ਵੀ ਸਰਮਾਏਦਾਰਾਂ ਵੱਲੋਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਰੱਖਿਆ ਜਾਂਦਾ ਹੈ; ਇਥੋਂ ਤੱਕ ਕਿ ਪ੍ਰਸ਼ਾਸਨ ਵੀ ਇਨ੍ਹਾਂ ਸਰਮਾਏਦਾਰਾਂ ਦਾ ਹੀ ਪੱਖ ਪੂਰਦਾ ਹੈ। ਜੇ ਭਾਰਤ ਦੇ ਅਰਬਪਤੀਆਂ ਦੀ ਪੂਰੀ ਕਮਾਈ ’ਤੇ ਟੈਕਸ ਵਸੂਲਿਆ ਜਾਵੇ ਤਾਂ ਦੇਸ਼ ਦੇ ਲੋਕਾਂ ਨੂੰ ਸਿਹਤ ਅਤੇ ਸਿਖਿਆ ਸਹੂਲਤਾਂ ਦੇਣ ਵਿਚ ਸਰਕਾਰ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਿਚ ਸਫਲਤਾ ਮਿਲ ਸਕਦੀ ਹੈ। ਇਸ ਦੇ ਨਾਲ ਹੀ ਸਰਕਾਰ ਦੇਸ਼ ਭਰ ਵਿਚੋਂ ਚੰਦ ਕੁ ਵੱਡੇ ਸਰਮਾਏਦਾਰਾਂ ਵੱਲੋਂ ਵੱਖ ਵੱਖ ਬੈਂਕਾਂ ਤੋਂ ਹਾਸਲ ਕੀਤੇ ਅਰਬਾਂ ਰੁਪਏ ਦੇ ਕਰਜ਼ੇ ਵਸੂਲ ਲਵੇ ਤਾਂ ਇਸ ਨਾਲ ਹੀ ਪੰਜਾਬ ਦੇ ਲੱਖਾਂ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਤੋਂ ਨਜਿਾਤ ਪਾਈ ਜਾ ਸਕਦੀ ਹੈ। ਇਸ ਸਮੇਂ ਪੰਜਾਬ ਦੇ ਕਿਸਾਨਾਂ ’ਤੇ ਬੈਂਕਾਂ ਅਤੇ ਆੜ੍ਹਤੀਆਂ ਦਾ ਹਜ਼ਾਰਾਂ ਕਰੋੜਾਂ ਰੁਪਏ ਦਾ ਕਰਜ਼ਾ ਹੈ ਜੋ ਨਿੱਤ ਦਿਨ ਵਧ ਰਿਹਾ ਹੈ। ਇਨ੍ਹਾਂ ਚੰਦ ਕੁ ਸਰਮਾਏਦਾਰਾਂ ਵੱਲੋਂ ਕਰਜ਼ਾ ਨਾ ਵਾਪਸ ਮੋੜਨ ਲਈ ਇਹ ਕਈ ਤਰ੍ਹਾਂ ਦੇ ਪੁੱਠੇ ਸਿੱਧੇ ਤਰੀਕਿਆਂ ਰਾਹੀਂ ਸਰਕਾਰ ਨੂੰ ਚੂਨਾ ਲਾਉਂਦੇ ਹਨ। ਬੈਂਕਾਂ ਤੋਂ ਲਏ ਕਰਜ਼ੇ ਨਾਲ ਬਣਾਈਆਂ ਫੈਕਟਰੀਆਂ ਨੂੰ ਬੜੇ ਸਾਜਿ਼ਸ਼ੀ ਢੰਗ ਨਾਲ ਦਿਨੋ-ਦਿਨ ਘਾਟੇ ਵਿਚ ਦੱਸ ਕੇ ਇਹ ਕਰੋੜਾਂ ਰੁਪਏ ਬਟੋਰ ਲੈਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਡਿਫਾਲਟਰਾਂ ’ਤੇ ਕੋਈ ਠੋਸ ਕਾਨੂੰਨ ਲਾਗੂ ਕਰ ਕੇ ਇਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲਣ। ਦੂਜੇ ਪਾਸੇ ਕਿਸਾਨ ਜੋ ਦਿਨੋ-ਦਿਨ ਕਰਜ਼ਈ ਹੋ ਰਹੇ ਹਨ, ਉਨ੍ਹਾਂ ਨੂੰ ਤਾਂ ਡਿਫਾਲਟਰ ਕਰਾਰ ਦੇ ਕੇ ਨੋਟਿਸ ’ਤੇ ਨੋਟਿਸ ਭੇਜੇ ਜਾਂਦੇ ਹਨ ਹਾਲਾਂਕਿ ਉਹ ਆਪਣੀ ਸੋਨੇ ਵਰਗੀ ਫਸਲ ਨੂੰ ਦਿਨ ਰਾਤ ਇੱਕ ਕਰ ਕੇ ਮਹਿੰਗੇ ਭਾਅ ਦੀਆਂ ਖਾਦਾਂ, ਦਵਾਈਆਂ ਪਾ ਕੇ ਕਰਜ਼ੇ ਦੇ ਭਾਰ ਹੇਠ ਦਬ ਰਹੇ ਹਨ। ਹੋਰ ਤਾਂ ਹੋਰ, ਇਨ੍ਹਾਂ ਦੀ ਫਸਲ ਕਈ ਕਈ ਦਿਨ ਮੰਡੀਆਂ ਵਿਚ ਰੁਲਦੀ ਰਹਿੰਦੀ ਹੈ। ਜੇ ਵਿਕਦੀ ਵੀ ਹੈ ਤਾਂ ਕੌਡੀਆਂ ਦੇ ਭਾਅ ਜਿਸ ਨਾਲ ਉਸ ਦਾ ਆੜ੍ਹਤੀਏ ਦਾ ਕਰਜ਼ਾ ਵੀ ਨਹੀਂ ਪੂਰਾ ਹੁੰਦਾ। ਬੀਤੇ ਸਮੇਂ ਤੋਂ ਅਸੀਂ ਅਖਬਾਰਾਂ ਵਿਚ ਰੋਜ਼ ਪੜ੍ਹਦੇ ਹਾਂ ਕਿ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਆਤਮ-ਹੱਤਿਆ ਕਰ ਲਈ। ਅੱਜ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਜੇ ਨੌਕਰੀ ਹੈ ਤਾਂ ਨੌਕਰੀ ਲੈਣ ਲਈ ਰਿਸ਼ਵਤ ਦੇਣੀ ਪੈਂਦੀ ਹੈ ਜਿਸ ਕਰ ਕੇ ਨੌਜਵਾਨ ਪੈਸਾ ਦੇਣ ਤੋਂ ਅਸਮਰਥ ਹੋਣ ਕਾਰਨ ਵਿਹਲੇ ਫਿਰਦੇ ਹਨ। ਅੱਜ ਸਾਨੂੰ ਲੋੜ ਹੈ, ਇਨ੍ਹਾਂ ਬੇਰੁਜ਼ਗਾਰਾਂ ਦੇ ਭਖਦੇ ਮਸਲਿਆਂ ਦਾ ਕੋਈ ਠੋਸ ਹੱਲ ਲੱਭਣ ਲਈ ਮੰਚ ’ਤੇ ਇਕੱਠੇ ਹੋ ਕੇ ਇਸ ਢਾਂਚੇ ਨੂੰ ਸੁਧਾਰਨ ਦੀ ਕੋਸਿ਼ਸ਼ ਕੀਤੀ ਜਾਵੇ ਤਾਂ ਕਿ ਸਮਾਜ ਨੂੰ ਇਨ੍ਹਾਂ ਸਰਮਾਏਦਾਰਾਂ ਦੀ ਕੈਦ ’ਚੋਂ ਕੱਢਿਆ ਜਾ ਸਕੇ ਅਤੇ ਬੇਰੁਜ਼ਗਾਰੀ ਨੂੰ ਦੂਰ ਕਰ ਕੇ ਚੰਗੇ ਸਮਾਜ ਦੀ ਸਥਾਪਨਾ ਕਰੀਏ ਜਿੱਥੇ ਕੋਈ ਕਿਸਾਨ ਗਰੀਬੀ ਤੋਂ ਤੰਗ ਆ ਕੇ ਖੁਦਕੁਸ਼ੀ ਨਾ ਕਰੇ, ਕੋਈ ਨੌਜਵਾਨ ਨੌਕਰੀ ਰੁਜ਼ਗਾਰ ਲੱਭਦਾ ਲੱਭਦਾ ਨਸਿ਼ਆਂ ਦੀ ਦਲਦਲ ਵਿਚ ਨਾ ਧਸ ਜਾਵੇ। ਕੋਈ ਮਜ਼ਦੂਰ ਕਿਸੇ ਸਰਮਾਏਦਾਰ ਵੱਲੋਂ ਬੰਧੂਆ ਨਾ ਬਣਾਇਆ ਜਾਵੇ। ਇਸ ਲਈ ਸਾਨੂੰ ਸਭ ਨੂੰ ਤਕੜੇ ਤੇ ਲੰਮੇ ਸੰਘਰਸ਼ ਦੀ ਲੋੜ ਹੈ। ਇਨ੍ਹਾਂ ਮਸਲਿਆਂ ਦੇ ਹੱਲ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਹੈ; ਹੱਕ ਖੋਹਣੇ ਪੈਂਦੇ ਹਨ।
ਇਉਂ ਸਾਨੂੰ ਸਭ ਨੂੰ ਇੱਕ ਪਲੈਟਫਾਰਮ ’ਤੇ ਇਕੱਠੇ ਹੋ ਕੇ ਜਿੱਥੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਲੋੜ ਹੈ ਉੱਥੇ ਚੰਗੇ ਸਮਾਜ ਦੀ ਸਥਾਪਨਾ ਵੀ ਕਰਨੀ ਚਾਹੀਦੀ ਹੈ ਜਿਸ ਵਿਚ ਕੋਈ ਧੱਕੇਸ਼ਾਹੀ ਨਾ ਹੋਵੇ ਤਾਂ ਹੀ ਅਸੀਂ ਆਪਣੇ ਉਨ੍ਹਾਂ ਸ਼ਹੀਦਾਂ ਦੇ ਸੁਫ਼ਨੇ ਪੂਰੇ ਕਰ ਸਕਾਂਗੇ ਜਿਨ੍ਹਾਂ ਨੇ ਆਪਣਾ ਜੀਵਨ ਇਸ ਦੇਸ਼ ਤੋਂ ਕੁਰਬਾਨ ਕਰ ਦਿੱਤਾ। ਉਨ੍ਹਾਂ ਵਧੀਆ ਸਮਾਜ ਸਿਰਜਣ, ਆਪਣੇ ਲੋਕਾਂ ਨੂੰ ਬਰਾਬਰੀ ਤੇ ਪੂਰਨ ਆਜ਼ਾਦੀ ਦਿਵਾਉਣ ਲਈ ਲੜਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੇ ਇਹ ਸੁਫ਼ਨੇ ਅੱਜ ਤੱਕ ਅਧੂਰੇ ਪਏ ਹਨ। ਆਓ, ਸਾਰੇ ਰਲ ਮਿਲ ਕੇ ਪੰਜਾਬ ਦੇ ਖੇਤੀ ਆਧਾਰ ਢਾਂਚੇ ਨੂੰ ਬਦਲ ਕੇ ਤਕਨੀਕੀ ਖੇਤਰ ਵੱਲ ਕਦਮ ਵਧਾਈਏ ਤਾਂ ਜੋ ਜ਼ਮੀਨਾਂ ਬਚੀਆਂ ਰਹਿਣ, ਸਾਡੇ ਬੱਚਿਆਂ ਨੂੰ ਜਾਨ ਜੋਖਿ਼ਮ ਵਿਚ ਪਾ ਕੇ ਵਿਦੇਸ਼ ਨਾ ਜਾਣਾ ਪਵੇ। ਹੁਣ ਸਾਡੇ ਲਈ ਇਹੀ ਇੱਕੋ-ਇੱਕ ਰਾਹ ਬਚਿਆ ਹੈ।
ਸੰਪਰਕ: 78379-17054