ਅੱਛੇ ਦਿਨਾਂ ਲਈ ਕਾਂਗਰਸ ਦੀ ਸਰਕਾਰ ਲਿਆਉਣ ਦੀ ਲੋੜ: ਔਜਲਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਅਪਰੈਲ
ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਭਾਜਪਾ ਦੀ ਸਰਕਾਰ ਲੋਕਾਂ ਨੂੰ ਕਈ ਤਰ੍ਹਾਂ ਦੇ ਝੂਠੇ ਅਤੇ ਲੁਭਾਵਣੇ ਸਬਜ਼ਬਾਗ ਦਿਖਾ ਕੇ ਸੱਤਾ ’ਤੇ ਕਾਬਜ਼ ਹੋਈ ਸੀ। ਉਨ੍ਹਾਂ ਵੱਲੋਂ ਦਿੱਤਾ ਗਿਆ ‘ਅੱਛੇ ਦਿਨ ਆਨੇ ਵਾਲੇ ਹੈਂ’ ਦਾ ਨਾਅਰਾ ਬਿਲਕੁਲ ਝੂਠਾ ਸਾਬਤ ਹੋਇਆ ਹੈ। ਹਕੀਕਤ ਇਹ ਹੈ ਕਿ ਲੋਕਾਂ ਦੇ ਅੱਛੇ ਦਿਨ ਸਿਰਫ ਕਾਂਗਰਸ ਦੇ ਰਾਜ ਵਿੱਚ ਹੀ ਆ ਸਕਦੇ ਹਨ ਜਿਸ ਲਈ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ ਬਹੁਤ ਜ਼ਰੂਰੀ ਹੈ। ਆਪਣੀ ਰਿਹਾਇਸ਼ ’ਤੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਔਜਲਾ ਨੇ ਕਿਹਾ ਕਿ 30 ਰੁਪਏ ਪ੍ਰਤੀ ਲਿਟਰ ਪੈਟਰੋਲ ਦੇਣ ਦੀਆਂ ਗੱਲਾਂ ਕਰਨ ਵਾਲਿਆਂ ਦੇ ਚਿਹਰਿਆਂ ਤੋਂ ਨਕਾਬ ਉਤਰ ਚੁੱਕਾ ਹੈ ਅਤੇ ਲੋਕ ਅਸਲੀਅਤ ਜਾਣ ਚੁੱਕੇ ਹਨ। ਲੋਕ ਜਾਣਦੇ ਹਨ ਕਿ ਸਾਲ 2014 ਤੋਂ ਪਹਿਲਾਂ ਮਨਮੋਹਨ ਸਿੰਘ ਦੀ ਕਾਂਗਰਸੀ ਸਰਕਾਰ ਸਮੇਂ ਪੈਟਰੋਲ 60 ਅਤੇ ਗੈਸ ਸਿਲੰਡਰ 400 ਰੁਪਏ ਵਿੱਚ ਮਿਲਦਾ ਸੀ ਜੋ ਹੁਣ 1000 ਤੋਂ ਉੱਪਰ ਅਤੇ ਪੈਟਰੋਲ 100 ਤੋਂ ਪਾਰ ਵਿਕ ਰਿਹਾ ਹੈ। ਇਸ ਸਰਕਾਰ ਦੇ ਵੇਲੇ ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ, ਫਿਰਕੂ ਵੰਡੀਆਂ ਪਾਈਆਂ ਜਾ ਰਹੀਆਂ ਹਨ ਜਦਕਿ ਕਿਸਾਨ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੀਆਂ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਹਨ ਅਤੇ ਬਾਰਡਰਾਂ ’ਤੇ ਡੇਰੇ ਲਾਈ ਬੈਠੇ ਹਨ ਪਰ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੜੇ ਚਾਅ ਨਾਲ ਵੋਟਾਂ ਪਾ ਕੇ ਜਿਤਾਇਆ ਸੀ, ਉਹ ਵੀ ਆਸਾਂ ’ਤੇ ਖਰੀ ਨਹੀਂ ਉਤਰ ਸਕੀ। ਉਨ੍ਹਾਂ ਦੇਸ਼ ਦੇ ਸੁਨਹਿਰੀ ਭਵਿੱਖ ਲਈ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਵਰਕਰ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜਾਣਕਾਰੀ ਮੁਤਾਬਕ ਬਿਕਰਮ ਗਿੱਲ, ਪ੍ਰਤਾਪ ਰਾਮਗੜ੍ਹੀਆ, ਕਰਨ ਲੋਧੀ (ਸਾਰੇ ਪਿੰਡ ਜਗਦੇਵ ਕਲਾਂ), ਰਣਜੀਤ ਗਿੱਲ, ਪ੍ਰਤਾਪ ਗਿੱਲ, ਕਰਨ ਸੰਧੂ, ਲਵ ਸੰਧੂ (ਸਾਰੇ ਰਾਜਾਸਾਂਸੀ), ਵਿਸ਼ਾਲ ਸ਼ਾਹ ਖਤਰਾਏ ਅਤੇ ਅਰਸ਼ ਖਾਨੋਵਾਲ, ਮਨਦੀਪ ਮਹਿਲਾਂ ਵਾਲਾ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਨੂੰ ਗੁਰਜੀਤ ਔਜਲਾ ਨੇ ਪਾਰਟੀ ਦਫ਼ਤਰ ਵਿੱਚ ਪਾਰਟੀ ਦੇ ਸਿਰੋਪੇ ਪਾ ਕੇ ਸ਼ਾਮਲ ਕੀਤਾ।