For the best experience, open
https://m.punjabitribuneonline.com
on your mobile browser.
Advertisement

ਗੈਂਗਸਟਰਾਂ, ਤਸਕਰਾਂ ਤੇ ਅਤਿਵਾਦੀਆਂ ਦਾ ਨੈੱਟਵਰਕ ਤੋੜਨ ਦੀ ਲੋੜ: ਗੌਰਵ ਯਾਦਵ

06:37 AM Feb 04, 2025 IST
ਗੈਂਗਸਟਰਾਂ  ਤਸਕਰਾਂ ਤੇ ਅਤਿਵਾਦੀਆਂ ਦਾ ਨੈੱਟਵਰਕ ਤੋੜਨ ਦੀ ਲੋੜ  ਗੌਰਵ ਯਾਦਵ
ਪੁਲੀਸ ਅਧਿਕਾਰੀ ਨੂੰ ਕੰਮੈਡੇਸ਼ਨ ਡਿਸਕ ਨਾਲ ਸਨਮਾਨਿਤ ਕਰਦੇ ਹੋਏ ਡੀਜੀਪੀ ਗੌਰਵ ਯਾਦਵ।
Advertisement

ਐੱਨਪੀ ਧਵਨ
ਪਠਾਨਕੋਟ, 3 ਫਰਵਰੀ
‘ਹੁਣ ਗੈਂਗਸਟਰਾਂ, ਤਸਕਰਾਂ ਤੇ ਅਤਿਵਾਦੀਆਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈ ਅਤੇ ਇਹ ਸਾਰੇ ਇਕੱਠੇ ਹੋ ਕੇ ਸਾਡੇ ਦੁਸ਼ਮਣ ਦੇਸ਼ ਦੀ ਬਦਨਾਮ ਖੁਫੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਦਾ ਟਾਕਰਾ ਕਰਨ ਲਈ ਸਾਡੀਆਂ ਸਾਰੀਆਂ ਫੋਰਸਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ।’ ਇਹ ਸੱਦਾ ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਪਠਾਨਕੋਟ ਦੇ ਸਰਹੱਦੀ ਜ਼ਿਲ੍ਹੇ ਦੇ ਨਰੋਟ ਜੈਮਲ ਸਿੰਘ ਵਿੱਚ ਪੰਜਾਬ ਪੁਲੀਸ ਦੇ ਅਧਿਕਾਰੀਆਂ, ਕਾਂਸਟੇਬਲਾਂ, ਬੀਐੱਸਐੱਫ ਅਤੇ ਆਰਮੀ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤਾ।
ਇੱਥੇ ਉਨ੍ਹਾਂ 30 ਪੁਲੀਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕੰਮੈਡੇਸ਼ਨ ਡਿਸਕ, 11 ਨੂੰ ਪ੍ਰਸ਼ੰਸਾ ਪੱਤਰ ਅਤੇ ਬੀਐੱਸਐੱਫ ਦੇ 3 ਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਠਾਨਕੋਟ ਪੁੱਜ ਕੇ ਨਵੇਂ ਬਣਾਏ ਗਏ ਸਾਈਬਰ ਕਰਾਈਮ ਥਾਣੇ ਦਾ ਉਦਘਾਟਨ ਕੀਤਾ। ਇਸ ਮੌਕੇ ਸਰਹੱਦੀ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ, ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ, ਡੀਐੱਸਪੀ ਸੁਮੀਰ ਸਿੰਘ ਮਾਨ, ਬੀਐੱਸਐੱਫ ਕਮਾਂਡੈਂਟ ਸੁਨੀਲ ਮਿਸ਼ਰਾ, ਐੱਸਐੱਸਪੀ ਗੁਰਦਾਸਪੁਰ ਸੋਹੇਲ ਕਾਸਿਮ ਮੀਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਾਲ 1970-1980 ਵਿੱਚ ਗੈਂਗਸਟਰ, ਅਤਿਵਾਦੀ ਅਤੇ ਸਮਗਲਰ ਅਲੱਗ-ਅਲੱਗ ਕੰਮ ਕਰਦੇ ਸਨ ਅਤੇ ਇਨ੍ਹਾਂ ਦਾ ਕੰਟਰੋਲ ਪਾਕਿਸਤਾਨ ਵਿੱਚੋਂ ਚਲਦਾ ਸੀ ਤੇ ਕਮਾਂਡ ਵਿਦੇਸ਼ਾਂ ਵਿੱਚੋਂ। ਅਮਰੀਕਾ ਵਰਗੇ ਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਪੱਖੀ ਲੋਕ ਉਤਸ਼ਾਹਿਤ ਕਰਦੇ ਸਨ ਪਰ ਹੁਣ ਇਹ ਸਾਰੇ ਇਕੱਠ ਹੋ ਕੇ ਕੰਮ ਕਰਨ ਲੱਗੇ ਹਨ ਅਤੇ ਇੱਕੋ ਖੇਪ ਵਿੱਚ ਹੀ ਨਸ਼ਾ ਤੇ ਅਸਲਾ ਹੁੰਦਾ ਹੈ ਜੋ ਡਰੋਨਾਂ ਰਾਹੀਂ ਭੇਜਿਆ ਜਾਂਦਾ ਹੈ। ਹੁਣ ਪੁਲੀਸ ਵੀ ਇਨ੍ਹਾਂ ਦੀਆਂ ਤਾਕਤਾਂ ਨੂੰ ਤੋੜਨ ਲਈ ਇਕੱਠੇ ਹੋ ਕੇ ਕੰਮ ਕਰੇਗੀ।
ਉਨ੍ਹਾਂ ਬੀਐੱਸਐੱਫ, ਆਰਮੀ ਅਤੇ ਹੋਰ ਫੋਰਸਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਾਡਾ ਸਭਨਾਂ ਦਾ ਮਕਸਦ ਇੱਕ ਹੈ, ਕੰਮ ਇੱਕ ਹੈ ਅਤੇ ਦੁਸ਼ਮਣ ਇੱਕ ਹੈ। ਇਸ ਕਰਕੇ ਦੇਸ਼ ਦੀ ਸੇਵਾ ਕਰਨਾ ਤੇ ਸੁਰੱਖਿਆ ਕਰਨਾ ਸਭਨਾਂ ਦਾ ਇੱਕੋ ਉਦੇਸ਼ ਹੈ ਤੇ ਇਸ ਉਦੇਸ਼ ਦੀ ਪੂਰਤੀ ਲਈ ਸਭਨਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਪਠਾਨਕੋਟ ਦੇ ਸਰਹੱਦੀ ਜ਼ਿਲ੍ਹੇ ਅੰਦਰ ਸਾਰੀਆਂ ਫੋਰਸਾਂ ਦਾ ਵਧੀਆ ਤਾਲਮੇਲ ਹੈ ਤੇ ਵਧੀਆ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਭਨਾਂ ਨੂੰ ਇੱਕ-ਦੂਸਰੇ ਨਾਲ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਕੇ ਇੰਨ੍ਹਾਂ ਦੇਸ਼ ਵਿਰੋਧੀ ਤਾਕਤਾਂ ਦਾ ਨੈਟਵਰਕ ਤੋੜਨਾ ਚਾਹੀਦਾ ਹੈ।
ਪੰਜਾਬ ਦੀਆਂ ਜੇਲ੍ਹਾਂ ਦੀ ਗੱਲ ਕਰਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅਪਰਾਧਿਕ ਗਤੀਵਿਧੀਆਂ ਲਈ ਸ਼ੈਲਟਰ ਬਣ ਰਹੀਆਂ ਹਨ ਕਿਉਂਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ-ਅਤਿਵਾਦੀਆਂ ਦਾ ਜੇਲ੍ਹਾਂ ਵਿੱਚ ਵੀ ਨੈੱਟਵਰਕ ਹੈ। ਤਸਕਰੀ ਅਤੇ ਹੋਰ ਸਮਗਲਿੰਗ ਲਈ ਜੇਲ੍ਹਾਂ ਤੋਂ ਵੀ ਮਾਡਿਊਲ ਤਿਆਰ ਹੋ ਰਿਹਾ ਹੈ। ਹੁਣ ਜੇਲ੍ਹਾਂ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਵਾਲੇ ਅਪਰਾਧੀਆਂ ਦਾ ਕ੍ਰਿਮੀਨਲ ਰਿਕਾਰਡ ਚੰਗੀ ਤਰ੍ਹਾਂ ਖੰਗਾਲਿਆ ਜਾਵੇਗਾ।

Advertisement

Advertisement
Advertisement
Author Image

Advertisement