ਚੌਕਸ ਰਹਿਣ ਦੀ ਲੋੜ
ਜਿਸ ਦਿਨ (28 ਮਈ) ਭਾਰਤ ਦੇ ਨਵੇਂ ਸੰਸਦ ਭਵਨ ਦਾ ਉਦਘਾਟਨ ਹੋਇਆ, ਉਸੇ ਦਿਨ ਜੰਤਰ-ਮੰਤਰ ਵਿਚ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਉਦੋਂ ਹਿਰਾਸਤ ਵਿਚ ਲਿਆ ਗਿਆ ਜਦੋਂ ਉਹ ਨਵੇਂ ਸੰਸਦ ਭਵਨ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਮਹਿਲਾ ਪਹਿਲਵਾਨ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੁਆਰਾ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕਰਨ ਖ਼ਿਲਾਫ਼ ਧਰਨਾ ਦੇ ਰਹੀਆਂ ਸਨ। ਮਹਿਲਾ ਪਹਿਲਵਾਨਾਂ ਨੂੰ ਹਿਰਾਸਤ ‘ਚ ਲਏ ਜਾਣ ਦੇ ਦ੍ਰਿਸ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ। ਲੋਕਾਂ ਨੇ ਵੇਖਿਆ ਕਿ ਕਿਵੇਂ ਕੌਮਾਂਤਰੀ ਪੱਧਰ ਦੀਆਂ ਮਹਿਲਾ ਪਹਿਲਵਾਨਾਂ ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਤੇ ਹੋਰਾਂ ਨੂੰ ਹਿਰਾਸਤ ਵਿਚ ਲੈਣ ਸਮੇਂ ਧੂਹਿਆ-ਘਸੀਟਿਆ ਗਿਆ। ਹਿਰਾਸਤ ਵਿਚ ਲੈਣ ਤੋਂ ਬਾਅਦ ਜਦੋਂ ਪੁਲੀਸ ਨੇ ਉਨ੍ਹਾਂ ਨੂੰ ਬੱਸ ਵਿਚ ਬਿਠਾਇਆ ਤਾਂ ਦੋ ਮਹਿਲਾ ਪਹਿਲਵਾਨਾਂ ਨੇ ਆਪਣੀ ਸੈਲਫ਼ੀ ਸੋਸ਼ਲ ਮੀਡੀਆ ‘ਤੇ ਪਾਈ। ਇਸ ਦਾ ਪਹਿਲਾ ਰੂਪ ਸੋਸ਼ਲ ਮੀਡੀਆ ‘ਤੇ ਆਉਣ ਤੋਂ ਬਾਅਦ ਇਕ ਹੋਰ ਰੂਪ ਸਾਹਮਣੇ ਆਇਆ ਜਿਸ ਵਿਚ ਬੱਸ ਵਿਚ ਬੈਠੀਆਂ ਇਹ ਮਹਿਲਾ ਪਹਿਲਵਾਨ ਮੁਸਕਰਾਉਂਦੀਆਂ ਦਿਖਾਈ ਦੇ ਰਹੀਆਂ ਸਨ। ਇਸ ਰੂਪ ਦੇ ਨਾਲ ਮਹਿਲਾ ਪਹਿਲਵਾਨਾਂ ਵਿਰੁੱਧ ਅਪਮਾਨਜਨਕ ਭਾਸ਼ਾ ਵਰਤੀ ਗਈ ਕਿ ਉਹ ਰੋਸ ਪ੍ਰਦਰਸ਼ਨ ਇਸ ਲਈ ਕਰ ਰਹੀਆਂ ਹਨ ਕਿਉਂਕਿ ਉਹ ਖੇਡਾਂ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੀਆਂ; ਇਹ ਰੂਪ ਮੌਲਿਕ ਸੈਲਫ਼ੀ ਨੂੰ ਵਿਗਾੜ ਕੇ ਬਣਾਇਆ ਗਿਆ ਸੀ। ਫੇਸਬੁੱਕ ਅਤੇ ਇੰਟਰਨੈੱਟ ‘ਤੇ ਪ੍ਰਾਪਤ ਹੋਰ ਸਾਧਨਾਂ ਰਾਹੀਂ ਤੁਸੀਂ ਕਿਸੇ ਵੀ ਤਸਵੀਰ ਵਿਚ ਚਿਹਰਿਆਂ ‘ਤੇ ਮਸਨੂਈ ਮੁਸਕਰਾਹਟ ਜਾਂ ਕਿਸੇ ਹੋਰ ਤਰੀਕੇ ਦਾ ਭਾਵ ਪੈਦਾ ਕਰ ਸਕਦੇ ਹੋ। ਇਹ ਵਿਗੜਿਆ ਹੋਇਆ ਰੂਪ ਕੁਝ ਸ਼ਰਾਰਤੀ ਅਨਸਰਾਂ ਨੇ ਮਹਿਲਾ ਪਹਿਲਵਾਨਾਂ ਨੂੰ ਬਦਨਾਮ ਕਰਨ ਲਈ ਬਣਾਇਆ ਸੀ।
ਕਿਹਾ ਜਾਂਦਾ ਹੈ ਕਿ ਤਸਵੀਰ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਹੁੰਦੀ ਹੈ; ਹਰ ਤਸਵੀਰ ਆਪਣੇ ਆਪ ਵਿਚ ਕਹਾਣੀ ਦੱਸਦੀ ਹੈ। ਮਹਿਲਾ ਪਹਿਲਵਾਨਾਂ ਨੂੰ ਹਿਰਾਸਤ ਵਿਚ ਲਏ ਜਾਣ ਵੇਲੇ ਦੀਆਂ ਤਸਵੀਰਾਂ ਦੱਸਦੀਆਂ ਹਨ ਕਿ ਦਿੱਲੀ ਪੁਲੀਸ ਨੇ ਉਨ੍ਹਾਂ ਨਾਲ ਕਿੰਨਾ ਅਣਮਨੁੱਖੀ ਵਿਹਾਰ ਕੀਤਾ। ਇਤਿਹਾਸਕਾਰ ਭਗਵਾਨ ਜੋਸ਼ ਨੇ ਕਦੇ ਲਿਖਿਆ ਸੀ, ”ਹਰ ਤਸਵੀਰ ਤਕਦੀਰ ਦੇ ਕਦਮ ਵਾਂਗ ਹੁੰਦੀ ਹੈ। ਉਸ ਨੂੰ ਫੇਰ ਮਿਟਾਇਆ ਨਹੀਂ ਜਾ ਸਕਦਾ। ਉਹ ਸਮੇਂ ਦੀ ਪੱਕੀ ਚਸ਼ਮਦੀਦ ਗਵਾਹ ਬਣ ਕੇ ਉਂਝ ਦੀ ਉਂਝ ਖੜ੍ਹੀ ਰਹਿੰਦੀ ਹੈ।” ਇਹ ਕਥਨ ਸਹੀ ਹੈ ਪਰ ਨਾਲ ਇਹ ਵੀ ਸਹੀ ਹੈ ਕਿ ਹੁਣ ਤਸਵੀਰਾਂ ਨੂੰ ਵਿਗਾੜਿਆ ਜਾ ਸਕਦਾ ਹੈ। ਜਿੱਥੇ ਮਹਿਲਾ ਪਹਿਲਵਾਨਾਂ ਨਾਲ ਧੂਹ-ਘਸੀਟ ਦੀਆਂ ਤਸਵੀਰਾਂ ਉਨ੍ਹਾਂ ‘ਤੇ ਹੋਏ ਜਬਰ ਦੀਆਂ ਗਵਾਹ ਹਨ, ਉੱਥੇ ਉਨ੍ਹਾਂ ਦੀ ਵਿਗਾੜੀ ਗਈ ਤਸਵੀਰ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੇ ਇਹ ਪੇਸ਼ ਕਰਨ ਦਾ ਯਤਨ ਕੀਤਾ ਕਿ ਮਹਿਲਾ ਪਹਿਲਵਾਨਾਂ ਦਾ ਰੋਸ ਪ੍ਰਦਰਸ਼ਨ ਸਹੀ ਨਹੀਂ ਹੈ, ਉਹ ਕੁਝ ਬਾਹਰੀ ਕਾਰਨਾਂ ਤੋਂ ਸੇਧ ਲੈ ਰਿਹਾ ਹੈ; ਉਹ ਇਹ ਰੋਸ ਪ੍ਰਦਰਸ਼ਨ ਮਸ਼ਹੂਰੀ ਖੱਟਣ ਲਈ ਕਰ ਰਹੀਆਂ ਤੇ ਇਸ ‘ਚੋਂ ਆਨੰਦਿਤ ਹੋ ਕੇ ਮੁਸਕਰਾ ਰਹੀਆਂ ਹਨ।
ਮਹਿਲਾ ਪਹਿਲਵਾਨਾਂ ਨਾਲ ਵੱਡਾ ਅਨਿਆਂ ਹੋ ਰਿਹਾ ਹੈ। ਉਨ੍ਹਾਂ ਦੇ ਆਵਾਜ਼ ਉਠਾਉਣ ਦੇ ਬਾਵਜੂਦ ਜ਼ੋਰਾਵਰਾਂ ਦਾ ਦਿਲ ਨਹੀਂ ਪਿਘਲਿਆ ਅਤੇ ਉਨ੍ਹਾਂ ਨੂੰ ਇਹ ਤਾਕੀਦ ਕੀਤੀ ਜਾ ਰਹੀ ਹੈ ਕਿ ਉਹ ਅਜਿਹੇ ਕਦਮ ਨਾ ਚੁੱਕਣ ਜਿਨ੍ਹਾਂ ਨਾਲ ਖੇਡਾਂ ਦੀ ਅਹਿਮੀਅਤ ਕਮਜ਼ੋਰ ਹੋਵੇ। ਉਨ੍ਹਾਂ ਨੇ ਆਪਣੇ ਮੈਡਲ ਗੰਗਾ ਵਿਚ ਪ੍ਰਵਾਹ ਕਰਨ ਦਾ ਫ਼ੈਸਲਾ ਕਰ ਲਿਆ ਸੀ ਪਰ ਕਿਸਾਨ ਆਗੂਆਂ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਨਾ ਕਰਨ ਲਈ ਪ੍ਰੇਰਿਤ ਕੀਤਾ ਹੈ। ਹਿਰਾਸਤ ਵਿਚ ਲੈਣ ਤੋਂ ਬਾਅਦ ਉਨ੍ਹਾਂ ਦੀ ਵਿਗਾੜੀ ਹੋਈ ਤਸਵੀਰ ਸੋਸ਼ਲ ਮੀਡੀਆ ‘ਤੇ ਪਾਉਣਾ ਇਹ ਜ਼ਾਹਿਰ ਕਰਦਾ ਹੈ ਕਿ ਦਮਨਕਾਰੀ ਆਪਣੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਕਿਸ ਹੱਦ ਤਕ ਜਾ ਸਕਦੇ ਹਨ। ਇਹ ਸਾਨੂੰ ਸੋਸ਼ਲ ਮੀਡੀਆ ‘ਤੇ ਪ੍ਰਾਪਤ ਵੱਖ ਵੱਖ ਤਰ੍ਹਾਂ ਦੇ ਸਾਧਨਾਂ ਤੋਂ ਵੀ ਆਗਾਹ ਕਰਦਾ ਹੈ ਕਿ ਸੱਚਾਈ ਨੂੰ ਕਿਵੇਂ ਤੋੜਿਆ-ਮਰੋੜਿਆ ਤੇ ਵਿਗਾੜਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਦੋ-ਧਾਰੀ ਤਲਵਾਰ ਹੈ; ਜਿੱਥੇ ਇਸ ਰਾਹੀਂ ਥਾਂ ਥਾਂ ‘ਤੇ ਹੋ ਰਹੇ ਦਮਨ ਅਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਈ ਜਾ ਰਹੀ ਹੈ, ਉੱਥੇ ਕੱਟੜਪੰਥੀ ਅਤੇ ਅਸਮਾਜਿਕ ਤੱਤ ਇਸ ਨੂੰ ਸੱਚਾਈ ਨੂੰ ਵਿਗਾੜ ਕੇ ਦਿਖਾਉਣ ਅਤੇ ਜ਼ਹਿਰੀਲਾ ਪ੍ਰਚਾਰ ਕਰਨ ਲਈ ਵਰਤ ਰਹੇ ਹਨ। ਸੱਚਾਈ ਨੂੰ ਤੋੜਨ-ਮਰੋੜਨ ਦੀ ਪ੍ਰਕਿਰਿਆ ਦੀ ਪੈੜ ਨੱਪ ਕੇ ਅਜਿਹਾ ਕਰਨ ਵਾਲਿਆਂ ਨੂੰ ਬੇਨਕਾਬ ਤਾਂ ਕੀਤਾ ਜਾ ਸਕਦਾ ਹੈ ਪਰ ਸਮੱਸਿਆ ਇਹ ਹੈ ਕਿ ਉਦੋਂ ਤਕ ਬਹੁਤ ਨੁਕਸਾਨ ਹੋ ਚੁੱਕਾ ਹੁੰਦਾ ਹੈ। ਅਜਿਹੇ ਅਸਮਾਜਿਕ ਤੱਤਾਂ ਵਿਰੁੱਧ ਚੇਤਨ ਰਹਿਣਾ ਬੇਹੱਦ ਜ਼ਰੂਰੀ ਹੈ।