ਪੰਜਾਬ ਦੇ ਪਾਣੀ, ਪਰਵਾਸ ਤੇ ਬੋਲੀ ਲਈ ਚਿੰਤਤ ਹੋਣ ਦੀ ਲੋੜ: ਨਿੱਜਰ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਭਾਈ ਵੀਰ ਸਿੰਘ ਦਾ 66ਵਾਂ ਸੱਚਖੰਡ ਪਿਆਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਪਾਣੀ, ਪਰਵਾਸ ਤੇ ਭਾਸ਼ਾ ਦੇ ਮੁੱਦਿਆਂ ‘ਤੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਡਾ. ਨਿੱਜਰ ਨੇ ਸਭ ਨੂੰ ਇਸ ਪ੍ਰਤੀ ਰਲ ਕੇ ਚਿੰਤਨਸ਼ੀਲ ਅਤੇ ਉਦਮਸ਼ੀਲ ਹੋਣ ਲਈ ਕਿਹਾ। ਉਨ੍ਹਾਂ ਅਨੁਸਾਰ ਅਜਿਹਾ ਕਰਨਾ ਹੀ ਅਸਲ ਵਿਚ ਭਾਈ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਬੀਬੀ ਗੁਰਸ਼ਰਨ ਕੌਰ ਨੇ ਖਾਲਸਾ ਸਮਾਚਾਰ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਅਤੇ ਇਸ ਦੀ ਇਕ ਇਕ ਕਾਪੀ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਡਾ. ਪੁਨੀਤਾ ਸਿੰਘ ਨੂੰ ਭੇਟ ਕੀਤੀ।
ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਦਨ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਨੂੰ ਵੀ ਰਿਲੀਜ਼ ਕੀਤਾ। ਇਸ ਮੌਕੇ ਡਾ. ਹਰਪ੍ਰੀਤ ਕੌਰ ਦੀ ਪੁਸਤਕ ਕਰਤਾਰਪੁਰ ਸਾਹਿਬ ਅਤੇ ਪ੍ਰੋ. ਜਸਵਿੰਦਰ ਸਿੰਘ ਦੀ ਪੁਸਤਕ ਗੋਲਡਨ ਫੀਦਰਜ਼ (ਲੈਟਰਜ਼ ਆਫ਼ ਪ੍ਰੋ. ਪੂਰਨ ਸਿੰਘ) ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਅਖੀਰ ‘ਚ ‘ਭਾਈ ਵੀਰ ਸਿੰਘ ਯਾਦਗਾਰੀ ਲੇਖ ਮੁਕਾਬਲੇ 2023’ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।