For the best experience, open
https://m.punjabitribuneonline.com
on your mobile browser.
Advertisement

ਸਮੇਂ ਦੀ ਲੋੜ

08:51 AM Aug 17, 2023 IST
ਸਮੇਂ ਦੀ ਲੋੜ
Advertisement

ਮਨਿੰਦਰ ਕੌਰ ਬੱਸੀ
ਚਲ ਜ਼ਿੰਦਗੀ ਨੂੰ ਸਾਜ਼ ਦੇ,
ਤੇ ਰੂਹ ਨੂੰ ਪਰਵਾਜ਼ ਦੇ।
ਇੰਝ ਥੱਕ ਹਾਰ ਕੇ ਬੈਠ ਨਾ,
ਕੁਝ ਹੌਂਸਲੇ ਨੂੰ ਆਵਾਜ਼ ਦੇ।
ਆਈ ਮੁਸੀਬਤ ਝੱਲ ਲੈ,
ਕਰ ਵਕਤ ਆਪਣੇ ਵੱਲ ਲੈ।
ਹੁਣ ਔਕੜ ਤੋਂ ਨਾ ਖ਼ੌਫ਼ ਖਾ,
ਚੱਲ ਜੇਤੂਆਂ ਵਿੱਚ ਰਲ ਜਾ।
ਇਹ ਗੇੜ ਹੈ ਹਾਲਾਤ ਦਾ,
ਜੋ ਉਲਝਣਾਂ ਵਿੱਚ ਮਾਰਦਾ,
ਤੇ ਜ਼ਿੰਦਗੀ ਨੂੰ ਬਾਲਦਾ,
ਫ਼ਤਹਿ ਦਾ ਝੰਡਾ ਗੱਡ ਲੈ।
ਹੁਣ ਰਾਹ ’ਚੋਂ ਮੁੜਨਾ ਨਹੀਂ,
ਆਪੇ ਦੇ ਨਾਲ ਘੁਲਣਾ ਨਹੀਂ,
ਹੁਣ ਸੱਚ ਨੂੰ ਬਸ ਸੱਚ ਕਹਿ,
ਢੇਰੀ ਝੂਠ ਵਿੱਚ ਤੁਲਣਾ ਨਹੀਂ।
ਕਦ ਤੱਕ ਸਹੇਂਗਾ ਜ਼ੁਲਮ ਨੂੰ,
ਚੰਗੇ ਬੁਰੇ ਹਰ ਕਰਮ ਨੂੰ,
ਨਾ ਸਹਿ ਤੇ ਨਾ ਹੀ ਚੁੱਪ ਰਹਿ,
ਨਿਭਾ ਖ਼ੁਦ ਨਾਲ ਖ਼ੁਦ ਦੇ ਫ਼ਰਜ਼ ਨੂੰ।
ਸੀਨੇ ’ਚ ਜੇਕਰ ਚੋਭ ਹੈ,
ਹਾਲਾਤ ਖੰਜਰ ਖੋਭ ਹੈ,
ਹੁਣ ਲੜ ਜ਼ਰਾ ਤੇ ਅੜ ਜ਼ਰਾ,
ਇਹੀ ਸਮੇਂ ਦੀ ਲੋੜ ਹੈ।
ਸੰਪਰਕ: 98784-38722
* * *

Advertisement

ਨਿੰਮ ਦੇ ਬੋਲ

ਨਰਿੰਦਰਜੀਤ ਸਿੰਘ ਬਰਾੜ
ਛਾਵਾਂ ਠੰਢੀਆਂ ਘਰ ਲੈਂਦੇ ਸੀ
ਗੱਲਾਂ ਬਾਤਾਂ ਕਰ ਲੈਂਦੇ ਸੀ
ਬੇਲੇ ਪਸ਼ੂ ਵੀ ਚਰ ਲੈਂਦੇ ਸੀ
ਚੰਨਾ ਮੈਨੂੰ ਨਿੰਮ ਕਹਿੰਦੇ ਸੀ
ਛਾਵਾਂ ਠੰਢੀਆਂ ਘਰ ਲੈਂਦੇ ਸੀ

Advertisement

ਨਮੋਲੀ ਦਾਤਣ ਭੁੱਲ ਗਏ ਨੇ
ਨਵਿਆਂ ਉੱਤੇ ਡੁੱਲ੍ਹ ਗਏ ਨੇ
ਦੁਖੜੇ ਸਾਰੇ ਮੁੱਲ ਲਏ ਨੇ
ਕੁਦਰਤ ਕੋਲੋਂ ਤਾਂ ਪਰ ਲੈਂਦੇ ਸੀ
ਛਾਵਾਂ ਠੰਢੀਆਂ...

ਕਿੱਕਰ ਛੋਟੀ ਭੈਣ ਸੀ ਮੇਰੀ
ਸਖ਼ਤ ਜਾਨ ਨਾਲੇ ਦਲੇਰੀ
ਦਿੰਦੀ ਤੁੱਕੇ ਝੱਲਦੀ ਹਨੇਰੀ
ਅਚਾਰ ਰੋਟੀ ’ਤੇ ਧਰ ਲੈਂਦੇ ਸੀ
ਛਾਵਾਂ ਠੰਢੀਆਂ...

ਬੇਰੀ ਮੇਰੀ ਸਹੇਲੀ ਸੀ ਪੱਕੀ
ਇੱਟਾਂ ਵੱਟੇ ਖਾ ਕੇ ਨਾ ਅੱਕੀ
ਦੇਂਦੀ ਬੇਰ ਭਾਵੇਂ ਹੋਵੇ ਥੱਕੀ
ਝੋਲ਼ੀਆਂ ਸਾਰੇ ਭਰ ਲੈਂਦੇ ਸੀ
ਛਾਵਾਂ ਠੰਢੀਆਂ...

ਲਸੂੜ੍ਹਾ ਮੇਰਾ ਵੀਰ ਜੀ ਨਿੱਕਾ
ਫ਼ਲ ਦਾ ਰੰਗ ਜ਼ਰਾ ਕੁ ਫਿੱਕਾ
ਸਿਹਤ ਵਾਸਤੇ ਹੁਕਮ ਦਾ ਇੱਕਾ
ਮੂੰਹ ਵੀ ਮਿੱਠਾ ਕਰ ਲੈਂਦੇ ਸੀ
ਛਾਵਾਂ ਠੰਢੀਆਂ...

ਜੰਡ ਸਾਡਾ ਬਹੁਤ ਸੀ ਪੱਕਾ
ਬਣਦਾ ਸੁਹਾਗਾ ਨਾਲੇ ਚੱਕਾ
ਉਡਦਾ ਹੁੰਦਾ ਸੀ ਰੇਤਾ ਕੱਕਾ
ਮਿਰਜ਼ੇ ਹੁਰੀਂ ਵੀ ਮਰ ਲੈਂਦੇ ਸੀ
ਛਾਵਾਂ ਠੰਢੀਆਂ...

ਤੂਤ ਦੀ ਛਾਂ ਸੀ ਬਹੁਤ ਨਿਆਰੀ
ਤੂਤੀ ਸੁਹਣੀ ਮਿੱਠੀ ਪਿਆਰੀ
ਟੁੱਟਦੀ ਨਾ ਮੋਛੇ ਦੀ ਯਾਰੀ
ਸਬਾਤ ਟੋਕਰੇ ਭਰ ਲੈਂਦੇ ਸੀ
ਛਾਵਾਂ ਠੰਢੀਆਂ...

ਪਿੱਪਲ ਬੋਹੜ ਵੀਰ ਸੀ ਵੱਡੇ
ਦੁਆਵਾਂ ਲਈ ਹੱਥ ਸੀ ਅੱਡੇ
ਠੰਢੀ ਹਵਾ ਦੇ ਬੁੱਲੇ ਛੱਡੇ
ਹਾਸੇ ਠੱਠੇ ਜਰ ਲੈਂਦੇ ਸੀ
ਛਾਵਾਂ ਠੰਢੀਆਂ...

ਟਾਹਲੀ ਬਹੁਤ ਸੀ ਤਰਲੇ ਕੱਢੇ
ਰੁੱਖ ਸੋਹਣਿਆਂ ਤੂੰ ਨਾ ਛੱਡੇ
ਬਿਨ ਲੋੜ ਤੋਂ ਬਹੁਤੇ ਵੱਢੇ
ਰੁੱਖ ਤਾਂ ਖ਼ੁਸ਼ੀਆਂ ਵਰ ਦੇਂਦੇ ਸੀ
ਛਾਵਾਂ ਠੰਢੀਆਂ...
ਸੰਪਰਕ: 98156-56601
* * *

ਕਰੋ ਸ਼ੁਕਰਾਨਾ ਸਦਾ ਕਰਤਾਰ ਦਾ

ਨਿਰਮਲ ਸਿੰਘ ਰੱਤਾ
ਪੱਥਰਾਂ ਦੇ ਵਿੱਚ ਵੀ, ਹੈ ਜੀਵ ਪਾਲਦਾ
ਉੱਡਦੇ ਪਰਿੰਦੇ, ਹਵਾ ’ਚ ਸੰਭਾਲਦਾ
ਡੁੱਬਦੇ ਪੱਥਰ, ਜਿਹੜਾ ਰਿਹਾ ਤਾਰਦਾ
ਕਰੋ ਸ਼ੁਕਰਾਨਾ, ਸਦਾ ਕਰਤਾਰ ਦਾ।
ਮੰਗਦੇ ਗ਼ਰੀਬ, ਤੇ ਅਮੀਰ ਮੰਗਦੇ
ਰਾਜੇ ਮਹਾਰਾਜੇ, ਤੇ ਫ਼ਕੀਰ ਮੰਗਦੇ
ਸਭਨਾਂ ਨੂੰ ਵੰਡੇ, ਥੱਕਦਾ ਨਾ ਹਾਰਦਾ
ਕਰੋ ਸ਼ੁਕਰਾਨਾ, ਸਦਾ ਕਰਤਾਰ ਦਾ।
ਪੰਜ ਤੱਤਾਂ ਵਾਲਾ, ਇਹ ਸਰੀਰ ਮਾਣਸਾ
ਉਸੇ ਜਾਦੂਗਰ ਦੀ, ਜਗੀਰ ਮਾਣਸਾ
ਪੁਤਲੇ ਨਚਾਉਂਦਾ, ਕਦੇ ਥਾਏਂ ਮਾਰਦਾ
ਕਰੋ ਸ਼ੁਕਰਾਨਾ, ਸਦਾ ਕਰਤਾਰ ਦਾ।
ਚੰਨ ਭੋਇੰ ਸੂਰਜ, ਬਣਾਵੇ ਆਪ ਜੀ
ਤਾਰਿਆਂ ਨੂੰ ਅੰਬਰੀਂ, ਸਜਾਵੇ ਆਪ ਜੀ
ਕਣ ਕਣ ਵਿੱਚ ਰੂਪ, ਹੈ ਪਸਾਰਦਾ
ਕਰੋ ਸ਼ੁਕਰਾਨਾ, ਸਦਾ ਕਰਤਾਰ ਦਾ।
ਰਜ਼ਾ ਤੋਂ ਬਗੈਰ, ਨਹੀਂ ਪੱਤਾ ਹਿੱਲਦਾ
ਉਹਦੇ ਭਾਣੇ ਕੰਡਾ, ਕਿਤੇ ਫੁੱਲ ਖਿਲਦਾ
ਚੱਲਦੈ ਹੁਕਮ, ਸੱਚੀ ਸਰਕਾਰ ਦਾ
ਕਰੋ ਸ਼ੁਕਰਾਨਾ, ਸਦਾ ਕਰਤਾਰ ਦਾ।
ਗਾਨੀ ਵਿੱਚ ਮਣਕੇ, ਪਿਰੋਈ ਜਾਂਵਦਾ
ਹਰ ਸੁਬਹ ਖ਼ੁਦ, ਆਣ ਕੇ ਜਗਾਂਵਦਾ
ਜੀਵ ਸਦਾ ਰਿਣੀ, ਉਹਦੇ ਉਪਕਾਰ ਦਾ
ਕਰੋ ਸ਼ੁਕਰਾਨਾ, ਸਦਾ ਕਰਤਾਰ ਦਾ।
ਨਿੰਦਾ ਚੁਗਲੀ ਤੇ, ਲਾਲਚਾਂ ਦੇ ਜਾਲ ਤੋਂ
ਕਾਮ ਤੇ ਕਰੋਧ, ਮਾਇਆ ਦੇ ਜੰਜਾਲ ਤੋਂ
ਕਰਕੇ ਆਜ਼ਾਦ, ਪਲਾਂ ’ਚ ਨਿਵਾਰਦਾ
ਕਰੋ ਸ਼ੁਕਰਾਨਾ, ਸਦਾ ਕਰਤਾਰ ਦਾ।
ਉੱਚੇ ਨੇ ਪਹਾੜ, ਕਿਤੇ ਨਦੀ ਸ਼ੂਕਦੀ
ਕਿਤੇ ਕਾਵਾਂ ਰੌਲੀ, ਕਿਤੇ ਕੋਇਲ ਕੂਕਦੀ
ਰੰਗ ਹੈ ਅਨੂਠਾ, ਸਿਰਜਣਹਾਰ ਦਾ
ਕਰੋ ਸ਼ੁਕਰਾਨਾ, ਸਦਾ ਕਰਤਾਰ ਦਾ।

ਗਲ਼ਤੀ ਹਰੇਕ, ਕਰਦੈ ਮਨੁੱਖ ਜੀ
ਮਾਇਆ ਪਿੱਛੇ ਲੱਗ, ਗਲ ਪਾਵੇ ਦੁੱਖ ਜੀ
ਓੜਕ ਸਹਾਰਾ, ਲੱਭਦਾ ਦਾਤਾਰ ਦਾ
ਕਰੋ ਸ਼ੁਕਰਾਨਾ, ਸਦਾ ਕਰਤਾਰ ਦਾ।
ਸੰਪਰਕ: 84270-07623
* * *

ਦੂਰੀਆਂ

ਹਰਿੰਦਰ ਪਾਲ ਸਿੰਘ
ਜ਼ਿੰਦਗੀ ਦੀਆਂ ਉਲਝੀਆਂ ਤੰਦਾਂ, ਕਦੋਂ ਸੁਲਝਦੀਆਂ ਨੇ।
ਜਿੰਨਾ ਸੁਲਝਾਉਣਾ ਚਾਹੋ, ਓਨੀਆਂ ਹੋਰ ਉਲਝਦੀਆਂ ਨੇ।
ਕਿਸੇ ਹਿਰਦੇ ਵਿੱਚ ਜਗ੍ਹਾ ਬਣਾ ਲੈਣੀ, ਬਹੁਤ ਵੱਡੀ ਕਲਾ।
ਆਪ ਇਸਤੇਮਾਲ ਹੋਣਾ, ਨਾਦਾਨੀਆਂ ਅਖਵਾਉਂਦੀਆਂ ਨੇ।

ਕਿਸੇ ਨੂੰ ਦਿਲ ਦੀ ਗਹਿਰਾਈ ’ਚ, ਉਤਾਰ ਲੈਣਾ ਸੁਖਾਲਾ।
ਦੁਸ਼ਵਾਰੀਆਂ ਦਿਲੋਂ ਬਾਹਰ, ਕੱਢਣ ਵੇਲੇ ਆਉਂਦੀਆਂ ਨੇ।
ਕੀਹਨੇ ਗ਼ਲਤੀ, ਗੁਸਤਾਖ਼ੀਆਂ ਕੀਤੀਆਂ, ਕੌਣ ਹੈ ਸੀ ਸਹੀ।
ਵਕਤ ਜਦੋਂ ਆਉਂਦਾ ਏ, ਫੇਰ ਲੱਭੀਆਂ ਨਹੀਂ ਜਾਂਦੀਆਂ ਨੇ।

ਦੋਸਤੀ ਪਾਉਣ ਵਕਤ ਜਿਹੜੇ, ਦਿਲਾਂ ਦੇ ਆਖੇ ਲੱਗ ਜਾਂਦੇ।
ਇਹੋ ਕਾਰਨ ਬਣ ਜਾਂਦਾ ਤੜਪਨਾਵਾਂ ਹਿੱਸੇ ਆਉਂਦੀਆਂ ਨੇ।
ਸਭ ਮਜਬੂਰੀਆਂ ਦੇ ਹੋਵਣ ਸੌਦੇ, ਜ਼ਰੂਰਤਾਂ ਕਰਨ ਤਕਾਜ਼ੇ।
ਪਰ ਖ਼ੁਦਗ਼ਰਜ਼ੀਆਂ ਮੰਜ਼ਿਲਾਂ ਤੱਕ ਨਾ ਅਪੜਾਉਂਦੀਆਂ ਨੇ।

ਮਤ ਵੱਖਰੀ, ਜੇ ਅਲੱਗ ਸੋਚ, ‘ਹਰਿੰਦਰ’ ਕਿਵੇਂ ਹੋਵੇ ਮੇਲ।
ਇਹੀਓ ਗੱਲਾਂ ਦੋ, ਮਨਾਂ ਅੰਦਰ ਦੂਰੀਆਂ ਵਧਾਉਂਦੀਆਂ ਨੇ।
ਸੰਪਰਕ: 97806-44040
* * *

ਗ਼ਮ ਦੇ ਪਿਆਲੇ...

ਮਨਜੀਤ ਕੌਰ ਧੀਮਾਨ
ਗ਼ਮ ਦੇ ਪਿਆਲੇ ਗਟ ਗਟ ਕਰਕੇ ਪੀ ਗਏ ਆਂ,
ਪਤਾ ਨਹੀਂ ਕਦੋਂ, ਕਿਵੇਂ ਤੇ ਕਿੱਦਾਂ ਜੀ ਗਏ ਆਂ।
ਗ਼ਮ ਦੇ ਪਿਆਲੇ...
ਸਾਗਰ ਭਰ ਭਰ ਉੱਛਲਦੇ ਜਦ ਆਵਣ ਲਹਿਰਾਂ।
ਹੁਸਨ ਇਸ਼ਕ ਦੀਆਂ ਮੰਗਦਾ ਹੁੰਦਾ ਸਦਾ ਹੀ ਖ਼ੈਰਾਂ।
ਬੜੇ ਚਿਰਾਂ ਤੋਂ ਤਿਹਾਏ ਹੋਏ, ਬੁੱਲ੍ਹਾਂ ਨੂੰ ਸੀ ਗਏ ਆਂ।
ਗ਼ਮ ਦੇ ਪਿਆਲੇ...
ਰੜਕਾਂ ਪੈਂਦੀਆਂ ਅੱਖੀਆਂ ਦੇ ਵਿੱਚ ਨੀਂਦ ਨਹੀਂ।
ਦੂਰ ਹੈ ਮੰਜ਼ਿਲ ਸੱਜਣਾਂ ਦੀ ਜਦ ਦੀਦ ਨਹੀਂ।
ਲੀਹਾਂ ਮਿਟਦੀਆਂ ਗਈਆਂ ਜਿੱਧਰ ਨੂੰ ਵੀ ਗਏ ਆਂ।
ਗ਼ਮ ਦੇ ਪਿਆਲੇ...
ਕਦੇ ਕਦੇ ਤਾਂ ਹੁੰਦੀਆਂ ਸੱਧਰਾਂ ਪੂਰੀਆਂ ਨੇ।
ਅੱਧੀ ਜ਼ਿੰਦਗੀ ਬੀਤ ਗਈ ਵਿੱਚ ਘੂਰੀਆਂ ਦੇ।
ਰਾਂਝੇ ਮਿਰਜ਼ੇ ਵਾਂਗ ਰੱਖ ਇਸ਼ਕੇ ਦੀ ਨੀਂਹ ਗਏ ਆਂ।
ਗ਼ਮ ਦੇ ਪਿਆਲੇ...
ਸੰਪਰਕ: 94646-33059
* * *

ਗ਼ਜ਼ਲ

ਕੇ.ਐੱਸ.ਅਮਰ
ਸਾਡੇ ਜਜ਼ਬੇ ਅੱਥਰੇ ਹੋ ਗਏ,
ਇਸ ਲਈ ਅਸੀਂ ਵੱਖਰੇ ਹੋ ਗਏ।
ਤਨਹਾਈਆਂ ਦਾ ਦਰਦ ਹੰਢਾ ਕੇ,
ਇੱਕ ਦੂਜੇ ਤੋਂ ਸੱਖਣੇ ਹੋ ਗਏ।
ਜੋਬਨ ਰੁੱਤਾਂ ਦੇ ਸੁਪਨੇ ਹੁਣ,
ਪੱਤਝੜ ਦੇ ਹੀ ਪੱਤੇ ਹੋ ਗਏ।
ਬੀਤੇ ਦੀਆਂ ਕੁਝ ਯਾਦਾਂ ਹੀ ਹੁਣ,
ਮਨ ਦੇ ਗਹਿਰੇ ਸੁਪਨੇ ਹੋ ਗਏ।
ਦੂਰ ਦੁਰੇਡੇ ਵੱਸਦੇ ਸਾਜਨ,
ਯਾਦ ਸਿਰਜ ਕੇ ਆਪਣੇ ਹੋ ਗਏ।
ਗ਼ੈਰਾਂ ਦੀ ਇੱਕ ਮਹਿਫ਼ਿਲ ਵਿੱਚ ਵੀ,
ਅੱਜ ਹੁਸਨ ਤੇਰੇ ਦੇ ਚਰਚੇ ਹੋ ਗਏ।
ਅਣਖ ਅਤੇ ਗ਼ੈਰਤ ਦੀ ਖਾਤਰ,
ਅਮਰ ਝੂਠੇ ਰਿਸ਼ਤੇ ਸੱਚੇ ਹੋ ਗਏ।
ਸੰਪਰਕ: 94653-69343
* * *

ਗ਼ਜ਼ਲ

ਗੁਰਵਿੰਦਰ ‘ਗੋਸਲ’
ਨਾ ਜਿੱਤਾਂ ਨਾ ਹਾਰਾਂ ਕੋਲੋਂ ਡਰਦਾ ਹਾਂ।
ਮੈਂ ਬਸ ਪੰਜ ਵਿਕਾਰਾਂ ਕੋਲੋਂ ਡਰਦਾ ਹਾਂ।
ਇਧਰੋਂ ਸੁਣਕੇ ਓਧਰ ਦੱਸਦੇ ਫਿਰਦੇ ਜੋ,
ਇੱਕ ਮੈਂ ਯਾਰ ਗੱਦਾਰਾਂ ਕੋਲੋਂ ਡਰਦਾ ਹਾਂ।
ਮੇਰੇ ਨੇੜੇ ਬਹਿ ਗੱਲ ਕਰੀਂ ਪਿਆਰਾਂ ਦੀ,
ਸੱਚੀਂ ਮੈਂ ਤਕਰਾਰਾਂ ਕੋਲੋਂ ਡਰਦਾ ਹਾਂ।
ਜਿਹੜੇ ਪੱਗ ਵਟਾ ਕੇ, ਪਿੱਠ ਤਕਾਉਂਦੇ ਨੇ,
ਧੋਖੇਬਾਜ਼ ਮਕਾਰਾਂ ਕੋਲੋਂ ਡਰਦਾ ਹਾਂ।
ਦੁੱਖ ’ਚ ਦੂਰ ਤੇ ਸੁੱਖ ’ਚ ਨੇੜੇ ਆਉਂਦੇ ਜੋ,
ਐਸੇ ਰਿਸ਼‌ਤੇਦਾਰਾਂ ਕੋਲੋਂ ਡਰਦਾ ਹਾਂ।
ਗ਼ੈਰਾਂ ਦੀ ਤਾਂ ਬਿਲਕੁਲ ਫ਼ਿਕਰ ਨਾ ‘ਗੋਸਲ’ ਨੂੰ,
ਬਸ ਅਪਣਿਆਂ ਦੇ ਵਾਰਾਂ ਕੋਲੋਂ ਡਰਦਾ ਹਾਂ।
ਸੰਪਰਕ: 97796-96042
* * *

ਗ਼ਜ਼ਲ

ਦੀਪਿਕਾ ਅਰੋੜਾ
ਮਿਲਣਗੇ ਜ਼ਖ਼ਮ ਬੇਹਿਸਾਬ ਤਿੜਕਦੇ ਸ਼ੀਸ਼ੇ ਦੇ ਅੰਦਰ ਵੇਖਣਾ।
ਲਈ ਫਿਰਦਾ ਹੈ ਹਰ ਅਕਸ ਹੱਥ ਆਪਣੇ ਇੱਕ ਖ਼ੰਜਰ ਵੇਖਣਾ
ਘਾਣ ਮਨੁੱਖਤਾ ਦਾ ਹੋਇਆ ਕਿਵੇਂ ਜ਼ਾਤ-ਮਜ਼ਹਬ ਦੇ ਨਾਂ ’ਤੇ
ਪੀੜਾਂ ਡੂੰਘੀਆਂ ਬਿਆਨ ਕਰਦਾ ਬੀਆਬਾਨ ਖੰਡਰ ਵੇਖਣਾ
ਮਹਿਸੂਸ ਕਰ ਸਕੋਗੇ ਹਰ ਹਰਫ਼ ਹੀ ਤਿਲਸਮੀ ਛੋਹ ਉਸਦੀ
ਕਿਤਾਬ-ਏ-ਜ਼ਿੰਦਗੀ ਦਾ ਮੇਰੀ ਜਦ ਕਦੇ ਪਸਮੰਜ਼ਰ ਵੇਖਣਾ
ਮੁਸਕਰਾਹਟਾਂ ਖ਼ੁਦ ਹੀ ਖੋਲ੍ਹ ਦੇਣਗੀਆਂ ਗੁੱਝੇ ਭੇਤ ਵੀ ਕਈ
ਨੈਣੀ ਹਰ ਪਲ ਸਹਿਕਦਾ ਇੱਕ ਵਾਰ ਓਹ ਸਮੁੰਦਰ ਵੇਖਣਾ
ਉਲੀਕ ਦਿੰਦਾ ਹੈ ਵਗਦੇ ਪਾਣੀਆਂ ’ਤੇ ਵੀ ਅੱਖਰ ਬੇਸ਼ੁਮਾਰ
ਆਪਣੇ ਰੁਤਬੇ ’ਤੇ ਹੰਕਾਰਿਆ ਕਾਗ਼ਜ਼ੀ ਸਿਕੰਦਰ ਵੇਖਣਾ
ਦਰ-ਦਰ ਦੀ ਭਟਕਣ ਤੋਂ ਨਿਜ਼ਾਤ ਮਿਲ ਜਾਵੇ ਬਿਨਾਂ ਸ਼ੱਕ
ਬੰਦ ਬੂਹੇ ਖੋਲ੍ਹ ਕਦੇ ਦਿਲ ’ਚ ਵਸਿਆ ਹਰਿਮੰਦਰ ਵੇਖਣਾ
ਸੰਪਰਕ: 90411-60739
* * *

ਗ਼ਜ਼ਲ

ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
ਰੋਂਦਿਆਂ ਹੀ ਨਿਕਲ ਜਾਂਦੀ, ਯਾਦ ਵਿੱਚ ਹੀ ਰਾਤ ਅਕਸਰ
ਨਾ ਰਹੇ ਚੇਤੇ ਸਜ਼ਾ ਵੀ, ਭੁੱਲ ਜਾਂ ਔਕਾਤ ਅਕਸਰ

ਬੇਵਫ਼ਾ ਉਸਨੂੰ ਕਹਾਂ ਤਾਂ, ਦਰਦ ਹੁੰਦੈ ...ਜਾਨ ਨਿਕਲ਼ੇ
ਟੁੱਟਦੇ ਨੇ ਨਾਲ ਦਿਲ ਦੇ, ਇਸ਼ਕ ਦੇ ਤਾਅਲੁਕਾਤ ਅਕਸਰ

ਸ਼ਾਇਰ ਤਾਂ ਮੈਂ ਨਹੀਂ ਹਾਂ, ਕਹਿ ਦਿਓ ਤਾਂ ਯਾਰ ਹੋ ਫਿਰ
ਮੈਂ ਅਧੂਰਾਂ ਬਿਨ ਮੁਹੱਬਤ, ਦੇ ਤੁਰੋਂ ਖ਼ੈਰਾਤ ਅਕਸਰ

ਸੀ ਅਦਾ ਹੀ ਉਸ ਦੀ ਕਾਤਿਲ, ਕਤਲ ਨਾ ਹੁੰਦਾ ਕੀ ਕਰਦਾ
ਮੁਸਕਰਾਹਟ ਹੀ ਤਾਂ ਉਸ ਦੀ, ਦੇ ਗਈ ਸੀ ਮਾਤ ਅਕਸਰ

ਲੱਗਦੈ ਫ਼ਜ਼ੂਲ ਮੈਨੂੰ, ਜੀਅ ਜਾਣਾ ਓਸ ਦੇ ਬਿਨੵ
ਬੱਦਲਾਂ ਤੋਂ ਬਿਨ ਅਸੰਭਵ, ਧਰਤ ’ਤੇ ਬਰਸਾਤ ਅਕਸਰ

ਮਰ ਗਿਆ ਮੈਂ ਜਦ ਕਦੇ ਵੀ, ਖ਼ਬਰ ਕੰਧਾਂ ਨੂੰ ਨਾ ਹੋਣੀ
ਜਿਉਂ ਲਾਵਾਰਿਸ ਮਰਨ ਹੁੰਦੈ, ਜਾਣ ਮਰ ਬੇਜਾਤ ਅਕਸਰ

ਹਾਂ ਮੁਸਾਫ਼ਿਰ ਸਫ਼ਰ ਲੰਮੈ, ਮੰਜ਼ਿਲਾਂ ਨੇ ਵੱਖ ਸੁਪਨੇ
ਸਫ਼ਰ ਵਿੱਚ ਵੀ ਕਰ ਰਹੇ ਕਿਉਂ, ਯਾਰ ਛੂਆ-ਛਾਤ ਅਕਸਰ

ਜ਼ਿੰਦਗੀ ਤਾਂ ਹੈ ਅਮਾਨਤ, ਓਸ ਦੀ, ਹੀ ਫਿਰ ਦਿਆਂ ਕੀ
ਤੜਫ਼ਦੀ ਹੈ ਬਿਨ ਵਜ੍ਹਾ ਹੀ, ਪਾ ਪਾ ਉਸਦੀ ਬਾਤ ਅਕਸਰ

ਨਾ ਸਲੀਕਾ ਅਕਲ ‘ਬਾਲੀ’, ਦਸ ਦੁਆਵਾਂ ਕੀ ਕਰੇ ਦਿਲ
ਬੇ-ਯਕੀਨੀ ਰਾਤ ਗੁਜ਼ਰੇ, ਬੇ-ਯਕੀਂ ਪ੍ਰਭਾਤ ਅਕਸਰ
ਸੰਪਰਕ: 94651-29168
* * *

ਗ਼ਜ਼ਲ

ਜਸਵੰਤ ਗਿੱਲ ਸਮਾਲਸਰ
ਇੱਕ ਹੱਥ ਝੰਡਾ ਚੁੱਕ ਲੈ, ਦੂਜੇ ਵਿੱਚ ਮਸ਼ਾਲ ਜਗਾ ਕੇ ਆ।
ਹੱਕਾਂ ਖ਼ਾਤਰ ਲੜਣਾ ਹੈ ਜੇ, ਗੀਤ ਸ਼ਹੀਦੀ ਗਾ ਕੇ ਆ।
ਦੁਸ਼ਮਣ ਬਹੁਤਾ ਸ਼ਾਤਰ ਹੋਇਆ, ਧਰਮਾਂ ਦੇ ਵਿੱਚ ਵੰਡੇ ਉਹ,
ਏਕੇ ਲਈ ਤੂੰ ਦਿਲ ’ਚੋਂ ਨਫ਼ਰਤ ਵਾਲੀ ਅੱਗ ਬੁਝਾ ਕੇ ਆ।
ਸੱਚੀ ਸੁੱਚੀ ਸਿਆਸਤ ਕਰ ਕੇ, ਕੁਰਸੀ ਉੱਤੇ ਬਹਿਜਾ ਤੂੰ,
ਝੂਠੇ ਪਰਦੇ ਲਾਹ ਕੇ ਸੁੱਟ ਦੇ, ਸੱਚ ਦਾ ਬਾਣਾ ਪਾ ਕੇ ਆ।
ਹੁੰਦੀ ਕੀ ਹੈ ਗੁਰਬਤ ਤੈਨੂੰ ਆਪੇ ਸਮਝ ਹੈ ਆ ਜਾਣੀ,
ਛੱਡ ਕੇ ਅਪਣੇ ਮਹਿਲਾਂ ਨੂੰ ਤੂੰ ਗੁਰਬਤ ਕੁਝ ਹੰਢਾ ਕੇ ਆ।

ਨਫ਼ਰਤ, ਅੱਗਾਂ, ਖ਼ੂਨੀ ਦੰਗੇ, ਇਹ ਸਭ ਕੰਮ ਸਿਆਸਤ ਦੇ,
ਤੂੰ ਮਜ਼ਹਬਾਂ ਦੀ ਜੰਗ ’ਚ ਕੋਈ, ਗੀਤ ਮੁਹੱਬਤ ਗਾ ਕੇ ਆ।
ਸਾਵਣ ਰੁੱਤ ਇਕੱਲੀ ਪਿਆਰਾਂ, ਵਾਲੀ ਤਾਂ ਨਹੀਂ ਹੁੰਦੀ ਹੈ,
ਦੇਖ ਲਵੀਂ ਇਸ ਵਿੱਚ ਤਬਾਹੀ, ਕੱਚੇ ਘਰ ਵਿੱਚ ਜਾ ਕੇ ਆ।
ਫੋਕੀ ਸ਼ੋਹਰਤ, ਝੂਠੀ ਚੌਧਰ, ਟੱਬਰ ਤਾਈਂ ਡੋਬ ਦੇਵੇ,
ਇਸ ਚੱਕਰ ਤੋਂ ਚੰਗਾ ਫੱਕਰਾਂ ਵਰਗੀ ਸੋਚ ਬਣਾ ਕੇ ਆ।
ਪੁੱਛ ਨਾ ਪਰਦੇਸਾਂ ਵਿੱਚ ਕਿੱਦਾਂ, ਭੁੱਖਾ ਰਹਿਣਾ ਪੈਂਦਾ ਏ,
ਜੱਸੇ ਵਾਂਗੂ ਤੂੰ ਵੀ ਕੁਝ ਤਾਂ ਸੁਫ਼ਨੇ ਸੁਰਖ਼ ਸਜਾ ਕੇ ਆ।
ਸੰਪਰਕ: 97804-51878

Advertisement
Author Image

joginder kumar

View all posts

Advertisement