ਜਾਤੀ ਤੇ ਲਿੰਗ ਵਿਤਕਰੇ ਦੇ ਖਾਤਮੇ ਲਈ ਵਿਸ਼ੇਸ਼ ਯਤਨਾਂ ਦੀ ਲੋੜ: ਭਾਗਵਤ
ਵਡੋਦਰਾ: ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਅੱਜ ਸਮਾਜ ’ਚੋਂ ਜਾਤ ਤੇ ਲਿੰਗ ਦੇ ਆਧਾਰ ’ਤੇ ਭੇਦਭਾਵ ਦੇ ਖਾਤਮੇ ਲਈ ਵਿਸ਼ੇਸ਼ ਯਤਨ ਕਰਨ ਦਾ ਸੱਦਾ ਦਿੱਤਾ ਹੈ। ਉਹ ਆਪਣੇ ਦੋ ਦਿਨਾ ਗੁਜਰਾਤ ਦੌਰੇ ਦੇ ਦੂਜੇ ਦਿਨ ਵਡੋਦਰਾ ’ਚ ਬੁੱਧੀਜੀਵੀਆਂ ਨਾਲ ਪ੍ਰੋਗਰਾਮ ’ਚ ਬੋਲ ਰਹੇ ਸਨ। ਆਰਐੱਸਐੱਸ ਨੇ ਬਿਆਨ ’ਚ ਕਿਹਾ ਕਿ ਉਹ ਦੱਖਣੀ ਗੁਜਰਾਤ ਦੇ ਭਰੂਚ ’ਚ ਸ਼ਨਿਚਰਵਾਰ ਨੂੰ ਇੱਕ ਅਜਿਹੇ ਹੀ ਪ੍ਰੋਗਰਾਮ ’ਚ ਸ਼ਾਮਲ ਹੋਏ ਸਨ। ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ‘‘ਸੱਜਣ ਸ਼ਕਤੀ’’ (ਨੋਬੇਲ ਪਾਵਰ) ਨੂੰ ਇਕਜੁੱਟ ਕੀਤਾ ਜਾਣਾ ਚਾਹੀਦਾ ਹੈ ਅਤੇ ਏਕਤਾ, ਪਰਿਵਾਰਕ ਸਿੱਖਿਆ, ਰੀਤੀ-ਰਿਵਾਜਾਂ ਦੀ ਪਾਲਣਾ, ਵਾਤਾਵਰਨ ਸੁਰੱਖਿਆ, ਸਵਦੇਸ਼ੀ ਮੁੱਲਾਂ ਬਾਰੇ ਜਾਗਰਤੀ ਅਤੇ ਨਾਗਰਿਕਾਂ ਦੇ ਫਰਜ਼ਾਂ ’ਚ ਸਿੱਖਿਆ ਰਾਹੀਂ ਸਮਾਜਿਕ ਤਬਦੀਲੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਬਿਆਨ ’ਚ ਭਾਗਵਤ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਸਮਾਜ ਵਿੱਚੋਂ ਜਾਤ ਅਤੇ ਲਿੰਗ ਆਧਾਰ ’ਤੇ ਵਿਤਕਰੇ ਨੂੰ ਖਤਮ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣੇ ਚਾਹੀਦੇ ਹਨ।’’ ਮੀਟਿੰਗ ਦੌਰਾਨ ਵੱਖ ਵੱਖ ਖੇਤਰਾਂ ਦੇ ਲੋਕਾਂ ਨੇ ਆਪਣੀਆਂ ਯੋਜਨਾਵਾਂ ਬਾਰੇ ਵਿਚਾਰ ਪੇਸ਼ ਕੀਤੇ। -ਪੀਟੀਆਈ