ਮਸਨੂਈ ਬੌਧਿਕਤਾ ਦੀ ਸਕਾਰਾਤਮਕ ਵਰਤੋਂ ਦੀ ਲੋੜ: ਕੇਪੀ ਸ਼ਰਮਾ ਓਲੀ
ਕਾਠਮੰਡੂ, 27 ਅਕਤੂਬਰ
ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅੱਜ ਮਸਨੂਈ ਬੌਧਿਕਤਾ ਦੀ ਸਕਾਰਾਤਮਕ ਵਰਤੋਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਏਆਈ ਦੀ ਦੁਰਵਰਤੋਂ ਨੂੰ ਰੋਕਣ ਲਈ ਜਾਗਰੂਕਤਾ ਅਤੇ ਕਾਨੂੰਨੀ ਉਪਾਅ ਕੀਤੇ ਜਾਣੇ ਚਾਹੀਦੇ ਹਨ। ਇੱਥੇ ਯੂਥ ਫੈਡਰੇਸ਼ਨ ਵੱਲੋਂ ਕਰਵਾਏ ਗਏ ਮਸਨੂਈ ਬੌਧਿਕਤਾ (ਏਆਈ) ’ਤੇ ਕੌਮਾਂਤਰੀ ਕਾਨਫਰੰਸ ਵਿੱਚ ਮਾਹਿਰਾਂ ਨਾਲ ਗੱਲਬਾਤ ਕਰਦਿਆਂ ਓਲੀ ਨੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਨੇਪਾਲ ਨੂੰ ਡਿਜੀਟਲ ਬਣਾਉਣ ਲਈ ਏਆਈ ਖੇਤਰ ਤੋਂ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਸਾਨੂੰ ਮਸਨੂਈ ਬੌਧਿਕਤਾ ਦੀ ਸਕਾਰਾਤਮਕ ਵਰਤੋਂ ਕਰਨ ਦੀ ਲੋੜ ਹੈ। ਏਆਈ ਦੀ ਦੁਰਵਰਤੋਂ ਕਾਰਨ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਜਾਗਰੂਕਤਾ ਪ੍ਰੋਗਰਾਮਾਂ ਅਤੇ ਕਾਨੂੰਨੀ ਉਪਾਵਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ।’’ ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਸਰਕਾਰ ਨੇਪਾਲ ਨੂੰ ਏਆਈ ਸਿੱਖਿਆ ਦਾ ਕੇਂਦਰ ਬਣਾਉਣ ਲਈ ਮਸਨੂਈ ਬੌਧਿਕਤਾ ਖੇਤਰ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਏਆਈ ਨਾਲ ਸਬੰਧਿਤ ਨੀਤੀਆਂ ਅਤੇ ਯੋਜਨਾਵਾਂ ਨੂੰ ਪੇਸ਼ ਕਰਨ ਦੀ ਤਿਆਰੀ ਚੱਲ ਰਹੀ ਹੈ। -ਪੀਟੀਆਈ