For the best experience, open
https://m.punjabitribuneonline.com
on your mobile browser.
Advertisement

ਧਰਤੀ ਹੇਠਲੇ ਪਾਣੀ ਵਿੱਚ ਵਾਧੇ ਲਈ ਯਤਨਾਂ ਦੀ ਲੋੜ

07:30 AM Aug 05, 2024 IST
ਧਰਤੀ ਹੇਠਲੇ ਪਾਣੀ ਵਿੱਚ ਵਾਧੇ ਲਈ ਯਤਨਾਂ ਦੀ ਲੋੜ
Advertisement

ਡਾ. ਰਣਜੀਤ ਸਿੰਘ

Advertisement

ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ। ਇਸ ਦੇ ਕਾਰਨਾਂ ਦੀ ਘੋਖ ਕਰਨ ਅਤੇ ਪਾਣੀ ਵਿੱਚ ਵਾਧੇ ਲਈ ਢੰਗ-ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਦੀ ਥਾਂ ਭਾਂਡਾ ਕਿਸਾਨਾਂ ਦੇ ਸਿਰ ਭੰਨਿਆ ਜਾ ਰਿਹਾ ਹੈ। ਸਵਾਲ ਹੈ: ਕੀ ਪੰਜਾਬ ਵਿੱਚ ਹੋ ਰਹੀ ਪਾਣੀ ਦੀ ਘਾਟ ਲਈ ਕੇਵਲ ਕਿਸਾਨ ਹੀ ਜ਼ਿੰਮੇਵਾਰ ਹਨ? ਕਿਸਾਨ ਤਾਂ ਅੰਨਦਾਤਾ ਹੈ; ਖ਼ੁਦ ਭਾਵੇਂ ਢਿੱਡੋਂ ਭੁੱਖਾ ਰਹੇ ਪਰ ਲੋਕਾਈ ਦਾ ਢਿੱਡ ਜ਼ਰੂਰ ਭਰਦਾ ਹੈ। ਉਹ ਕੁਦਰਤ ਦੇ ਨੇੜੇ ਹੈ ਤੇ ਪਾਣੀ ਨੂੰ ਦੇਵਤਾ ਮੰਨਦਾ ਹੈ। ਪਾਣੀ ਦੀ ਬਰਬਾਦੀ ਜਾਂ ਇਸ ਨੂੰ ਗੰਧਲਾ ਕਰਨ ਬਾਰੇ ਉਹ ਸੋਚ ਵੀ ਨਹੀਂ ਸਕਦਾ। ਉਸ ਦਾ ਕਿੱਤਾ ਹੀ ਅਜਿਹਾ ਹੈ। ਹੋਰ ਕਿਸੇ ਕਿੱਤੇ ਵਿੱਚ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ। ਇਸ ਦੇ ਨਾਲ ਹੀ ਕੁਦਰਤ ਦੀ ਮਾਰ ਵੀ ਉਸੇ ਨੂੰ ਸਭ ਤੋਂ ਵੱਧ ਝੱਲਣੀ ਪੈਂਦੀ ਹੈ। ਕਿਸਾਨ ਪਾਣੀ ਦੀ ਵਰਤੋਂ ਅਨਾਜ ਪੈਦਾ ਕਰਨ ਲਈ ਕਰਦਾ ਹੈ, ਸਾਡੇ ਵਾਂਗ ਉਸ ਦੀ ਬਰਬਾਦੀ ਨਹੀਂ ਕਰਦਾ। ਉਹ ਜਦੋਂ ਖੇਤ ਨੂੰ ਪਾਣੀ ਲਗਾਉਂਦਾ ਹੈ ਤਾਂ ਲਗਭਗ ਅੱਧਾ ਪਾਣੀ ਮੁੜ ਧਰਤੀ ਹੇਠ ਚਲਾ ਜਾਂਦਾ ਹੈ, ਇਕ ਹਿੱਸਾ ਭਾਫ ਬਣ ਕੇ ਉੱਡਦਾ ਹੈ ਤੇ ਮੁੜ ਸ਼ੁੱਧ ਹੋ ਕੇ ਵਰਖਾ ਦੇ ਰੂਪ ਵਿੱਚ ਵਾਪਸ ਧਰਤੀ ਨੂੰ ਸਿੰਜਦਾ ਹੈ ਤੇ ਬਾਕੀ ਪਾਣੀ ਦਾਣਿਆਂ ਅਤੇ ਨਾੜ ਰਾਹੀਂ ਮਨੁੱਖ ਅਤੇ ਪਸ਼ੂ ਖਾਂਦੇ ਹਨ।
ਸਾਡੇ ਮਾਹਿਰ ਸਾਰੇ ਮਸਲੇ ਦੀ ਜੜ੍ਹ ਝੋਨੇ ਨੂੰ ਮੰਨਦੇ ਹਨ। ਦੱਸਣਾ ਵਾਜਬ ਹੋਵੇਗਾ ਕਿ ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਹੈ। ਚੌਲਾਂ ਦਾ ਗੁਣਗਾਣ ਵੇਦਾਂ ਵਿੱਚ ਵੀ ਹੈ। ਮੱਕੀ ਬਾਹਰੋਂ ਆਈ ਫ਼ਸਲ ਹੈ। ਵਾਰਸ ਸ਼ਾਹ ਨੇ ਆਪਣੀ ਰਚਨਾ ‘ਹੀਰ’ ਵਿੱਚ ਬਾਸਮਤੀ ਦੀਆਂ ਵੀਹ ਤੋਂ ਵੀ ਵੱਧ ਕਿਸਮਾਂ ਦਾ ਜਿ਼ਕਰ ਕੀਤਾ ਹੈ। ਜਦੋਂ ਸਿੰਜਾਈ ਦੇ ਸਾਧਨ ਖੂਹ ਸਨ, ਉਦੋਂ ਸਾਉਣੀ ਵਿੱਚ ਬਹੁਤ ਘੱਟ ਰਕਬੇ ਵਿੱਚ ਫ਼ਸਲ ਬੀਜੀ ਜਾਂਦੀ ਸੀ। ਨਿਆਈਂ ਵਿੱਚ ਮੱਕੀ, ਕਮਾਦ, ਕੁਝ ਦਾਲਾਂ, ਸਬਜ਼ੀਆਂ ਤੇ ਚਰ੍ਹੀ ਜਾਂ ਬਾਜਰਾ। ਬਹੁਤੀ ਧਰਤੀ ਖਾਲੀ ਰੱਖੀ ਜਾਂਦੀ ਸੀ। ਮੀਂਹ ਪੈਣ ’ਤੇ ਉਸ ਦੀ ਮੁੜ-ਮੁੜ ਵਹਾਈ ਕੀਤੀ ਜਾਂਦੀ ਸੀ। ਹਾੜ੍ਹੀ ਦੀ ਬਿਜਾਈ ਲਈ ਮੀਂਹ ਪਿੱਛੋਂ ਖੇਤ ਵਿੱਚ ਗਿੱਲ ਦੱਬ ਲਈ ਜਾਂਦੀ ਸੀ। ਨੀਵੇਂ ਖੇਤਾਂ ਵਿੱਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਸੀ। ਉਦੋਂ ਬਰਸਾਤ ਬਹੁਤ ਹੁੰਦੀ ਸੀ। ਹਫ਼ਤੇ-ਹਫ਼ਤੇ ਦੀਆਂ ਝੜੀਆਂ ਲੱਗਦੀਆਂ ਸਨ। ਜਦੋਂ ਪਾਣੀ ਦੀ ਸਹੂਲਤ ਹੋਈ ਤਾਂ ਕਿਸਾਨ ਨੇ ਸਾਉਣੀ ਵਿੱਚ ਵੀ ਪੂਰੀ ਫ਼ਸਲ ਬੀਜਣੀ ਸ਼ੁਰੂ ਕਰ ਦਿੱਤੀ।
ਇਉਂ ਕਿਸਾਨ ਸਭ ਤੋਂ ਵੱਧ ਮਿਹਨਤ ਕਰਦਾ ਹੈ, ਸਭ ਤੋਂ ਵੱਧ ਖ਼ਤਰੇ ਸਹੇੜਦਾ ਹੈ, ਫਿਰ ਵੀ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ। ਇਹ ਝੋਨੇ ਦੀ ਫ਼ਸਲ ਹੀ ਹੈ ਕਿ ਕਿਸਾਨ ਦੇ ਘਰ ਦਾ ਚੁੱਲ੍ਹਾ ਬਲਦਾ ਹੈ। ਝੋਨਾ ਸਾਉਣੀ ਦੀ ਸਭ ਤੋਂ ਘੱਟ ਖ਼ਤਰੇ ਵਾਲੀ ਫ਼ਸਲ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਝੋਨੇ ਹੇਠੋਂ ਕੋਈ 10 ਲੱਖ ਹੈਕਟੇਅਰ ਧਰਤੀ ਕੱਢ ਕੇ ਦੂਜੀਆਂ ਫ਼ਸਲਾਂ ਹੇਠ ਲਿਜਾਣ ਦੀ ਲੋੜ ਹੈ ਪਰ ਕੀ ਕਿਸੇ ਮਾਹਿਰ ਨੇ ਦੱਸਿਆ ਹੈ ਕਿ ਉਸ 10 ਲੱਖ ਹੈਕਟੇਅਰ ਵਿੱਚ ਕੀ ਬੀਜਿਆ ਜਾਵੇ? ਅਸਲ ਵਿੱਚ ਕੋਈ ਸਰਕਾਰ ਨਹੀਂ ਚਾਹੁੰਦੀ ਕਿ ਝੋਨੇ ਦੀ ਪੈਦਾਵਾਰ ਘੱਟ ਕੀਤੀ ਜਾਵੇ। ਹਰ ਵਰ੍ਹੇ ਕੇਂਦਰ ਸਰਕਾਰ ਰਾਜਾਂ ਨੂੰ ਪੈਦਾਵਾਰ ਦੇ ਟੀਚੇ ਦਿੰਦੀ ਹੈ ਤੇ ਇਸ ਵਿੱਚ ਹਰ ਵਾਰ ਵਾਧਾ ਕੀਤਾ ਜਾਂਦਾ ਹੈ। ਵਾਹੀ ਹੇਠ ਧਰਤੀ ਘਟ ਰਹੀ ਹੈ; ਆਬਾਦੀ ਵਿੱਚ ਵਾਧਾ ਹੋ ਰਿਹਾ ਹੈ। ਦੇਸ਼ ਦੀ ਸਾਰੀ ਵਸੋਂ ਨੂੰ ਰੱਜਵੀਂ ਰੋਟੀ ਅਜੇ ਵੀ ਨਹੀਂ ਮਿਲ ਰਹੀ।
ਪੰਜਾਬ ਸਰਕਾਰ ਨੇ ਗਰਮੀਆਂ ਵਿੱਚ ਮੂੰਗੀ ਬੀਜਣ ਲਈ ਉਤਸ਼ਾਹਿਤ ਕੀਤਾ। ਇਸ ਨਾਲ ਕਿਸਾਨ ਦੀ ਆਮਦਨ ਤਾਂ ਭਾਵੇਂ ਵਧ ਜਾਵੇ ਪਰ ਪਾਣੀ ਦੀ ਬਰਬਾਦੀ ਤਾਂ ਹੁੰਦੀ ਹੈ। ਇਹ ਸਮਰਥਨ ਮੁੱਲ ਮੁੱਖ ਮੌਸਮ ਦੀ ਮੂੰਗੀ ਤੇ ਮੱਕੀ ਲਈ ਦੇਣਾ ਚਾਹੀਦਾ ਹੈ ਪਰ ਹੁਣ ਕਿਸਾਨਾਂ ਨੇ ਮੱਕੀ ਅਤੇ ਮੂੰਗੀ ਗਰਮੀਆਂ ਦੀ ਫ਼ਸਲ ਬਣਾ ਲਈ ਹੈ ਕਿਉਂਕਿ ਮੀਂਹ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ। ਆਲੂ ਪੁੱਟ ਮੱਕੀ ਬੀਜੀ ਜਾਂਦੀ ਹੈ ਤੇ ਕਣਕ ਪਿੱਛੋਂ ਮੱਕੀ ਚਾਰੇ ਲਈ ਬੀਜੀ ਜਾਣ ਲੱਗ ਪਈ ਹੈ। ਕਿਸੇ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਇਹ ਝੋਨੇ ਤੋਂ ਕਿਤੇ ਵੱਧ ਪਾਣੀ ਲੈਂਦੀ ਹੈ। ਕਿਸਾਨਾਂ ਦੇ 14 ਲੱਖ ਟਿਊਬਵੈੱਲ ਹਨ ਜਿਹੜੇ ਸਾਲ ਵਿੱਚ ਛੇ ਕੁ ਮਹੀਨੇ ਹੀ ਚਲਦੇ ਹਨ; ਗ਼ੈਰ-ਕਿਸਾਨੀ ਖੇਤਰ ਵਿੱਚ 25 ਲੱਖ ਟਿਊਬਵੈੱਲ ਹਨ ਜਿਹੜੇ ਆਕਾਰ ਵਿੱਚ ਵੀ ਵੱਡੇ ਹਨ ਤੇ ਦਿਨ-ਰਾਤ ਚੱਲਦੇ ਹਨ। ਘਰਾਂ ਵਿੱਚ ਪਾਣੀ ਦੀ ਵਰਤੋਂ ਸਮੇਂ ਕੋਈ ਸੰਜਮ ਨਹੀਂ ਵਰਤਿਆ ਜਾਂਦਾ।
ਅੱਧੀ ਸਦੀ ਪਹਿਲਾਂ ਜਦੋਂ ਮੁਲਕ ਦੀ ਆਬਾਦੀ 40 ਕਰੋੜ ਤੋਂ ਘੱਟ ਸੀ ਤਾਂ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਂਦੀ ਸੀ। ਘਰ ਵਿੱਚ ਸਾਰੇ ਦਿਨ ਵਿੱਚ ਮਸਾਂ ਤਿੰਨ ਚਾਰ ਘੜੇ ਪਾਣੀ ਦੀ ਵਰਤੋਂ ਹੁੰਦੀ ਹੈ। ਮਰਦ ਸਾਰੇ ਖੂਹਾਂ ’ਤੇ ਜਾ ਕੇ ਨਹਾਉਂਦੇ ਸਨ ਤੇ ਔਰਤਾਂ ਇੱਕ ਬਾਲਟੀ ਨਾਲ ਨਹਾ ਲੈਂਦੀਆਂ ਸਨ। ਹੁਣ ਆਬਾਦੀ 140 ਕਰੋੜ ਹੋ ਗਈ ਹੈ ਤੇ ਘਰਾਂ ਵਿੱਚ ਟੂਟੀਆਂ, ਫਲੱਸ਼, ਬਾਥਰੂਮ, ਧੋ-ਧੁਆਈ ਤੇ ਗੱਡੀਆਂ ਦੀ ਧੁਆਈ ਲਈ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਇਸ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਬਰਬਾਦੀ ਗ਼ੈਰ-ਖੇਤੀ ਖੇਤਰ ਵਿੱਚ ਹੁੰਦੀ ਹੈ ਤੇ ਬਦਨਾਮੀ ਕਿਸਾਨ ਦੀ ਹੁੰਦੀ ਹੈ। ਇਵੇਂ ਹੀ ਘਰਾਂ, ਕਾਰਾਂ, ਦੁਕਾਨਾਂ, ਦਫ਼ਤਰਾਂ ਸਭ ਥਾਈਂ ਏਸੀ ਲੱਗੇ ਹਨ। ਇਸ ਨਾਲ ਆਲਮੀ ਤਪਸ਼ ਵਿੱਚ ਵਾਧਾ ਹੋ ਰਿਹਾ ਹੈ। ਨੁਕਸਾਨ ਕਿਸਾਨ ਦਾ ਹੋ ਰਿਹਾ ਹੈ। ਫੈਕਟਰੀਆਂ ਵਿੱਚ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ।
ਜੇ ਪਾਣੀ ਦੀ ਬਚਤ ਕਰਨੀ ਹੈ ਤਾਂ ਇਸ ਪਾਸੇ ਸੰਜੀਦਾ ਯਤਨ ਹੋਣੇ ਚਾਹੀਦੇ ਹਨ। ਘਰਾਂ ਵਿੱਚ ਪਾਣੀ ਦੇ ਮੀਟਰ ਲਗਾਏ ਜਾਣ ਤੇ ਮਿੱਥੇ ਸਮੇਂ ’ਤੇ ਹੀ ਪਾਣੀ ਦਿੱਤਾ ਜਾਵੇ। ਕਿਸਾਨ ਤੋਂ ਕੇਵਲ ਮੁੱਖ ਮੌਸਮ ਦੀ ਮੱਕੀ ਤੇ ਦਾਲਾਂ ਦੀ ਖ਼ਰੀਦ ਕੀਤੀ ਜਾਵੇ ਤਾਂ ਜੋ ਉਹ ਉੱਚੀਆਂ ਤੇ ਰੇਤਲੀਆਂ ਧਰਤੀਆਂ ਵਿੱਚ ਝੋਨੇ ਦੀ ਖੇਤੀ ਨਾ ਕਰੇ। ਧਰਤੀ ਹੇਠ ਪਾਣੀ ਭੇਜਣ ਲਈ ਇਮਾਨਦਾਰੀ ਨਾਲ ਯਤਨ ਕੀਤੇ ਜਾਣ। ਧਰਤੀ ਹੇਠ ਪਾਣੀ ਦਾ ਕੋਈ ਭੰਡਾਰ ਨਹੀਂ। ਇਹ ਤਾਂ ਬਰਸਾਤ ਤੇ ਦਰਿਆਵਾਂ ਰਾਹੀਂ ਭੰਡਾਰ ਬਣਾਇਆ ਜਾਂਦਾ ਹੈ। ਜਦੋਂ ਸਿੰਜਾਈ ਹਲਟਾਂ ਨਾਲ ਹੁੰਦੀ ਸੀ, ਉਦੋਂ ਵੀ ਗਰਮੀਆਂ ਵਿੱਚ ਖੂਹਾਂ ਦਾ ਪਾਣੀ ਹੇਠਾਂ ਚਲਾ ਜਾਂਦਾ ਸੀ ਤੇ ਵਾਧੂ ਟਿੰਡਾਂ ਪਾਉਣੀਆਂ ਪੈਂਦੀਆਂ ਸਨ। ਕਈ ਵਾਰ ਤਾਂ ਖੂਹ ਸੁੱਕ ਜਾਂਦੇ ਸਨ ਤੇ ਮੀਂਹ ਪੈਣ ਨਾਲ ਮੁੜ ਭਰਦੇ ਸਨ। ਪੰਜਾਬ ਵਿੱਚ ਪ੍ਰਤਾਪ ਸਿੰਘ ਕੈਰੋਂ ਨੇ ਇਸ ਸਮੱਸਿਆ ਦੇ ਹਲ ਲਈ ਪੰਜਾਬ ਦੇ ਲਗਭਗ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਸੀ। ਇਨ੍ਹਾਂ ਨਹਿਰਾਂ ਦੀ ਬਦੌਲਤ ਹੀ ਧਰਤੀ ਹੇਠ ਪਾਣੀ ਦੇ ਭੰਡਾਰ ਵਿੱਚ ਵਾਧਾ ਹੋਇਆ ਸੀ। ਜੇ ਟਿਊਬਵੈੱਲ ਨਾ ਲਗਦੇ ਤਾਂ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਸੇਮ ਹੋ ਜਾਣੀ ਸੀ। ਹੁਣ ਵੀ ਸਾਨੂੰ ਨਹਿਰਾਂ ਤੇ ਖਾਲੇ ਬਰਸਾਤ ਤੋਂ ਪਹਿਲਾਂ ਸਾਫ ਕਰਵਾ ਕੇ ਪਾਣੀ ਨਾਲ ਭਰਨੇ ਚਾਹੀਦੇ ਹਨ। ਬਰਸਾਤ ਵਿੱਚ ਦਰਿਆ ਪਾਣੀ ਨਾਲ ਭਰ ਜਾਂਦੇ ਹਨ। ਇਸ ਕਰ ਕੇ ਸਾਰੀਆਂ ਨਹਿਰਾਂ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ। ਅੱਗੇ ਪਿੰਡਾਂ ਸ਼ਹਿਰਾਂ ਵਿੱਚ ਤਲਾਬ ਤੇ ਟੋਭੇ ਹੁੰਦੇ ਸਨ ਤੇ ਸੜਕਾਂ ਵੀ ਕੱਚੀਆਂ ਸਨ। ਇੰਝ ਪਾਣੀ ਧਰਤੀ ਹੇਠ ਚਲਾ ਜਾਂਦਾ ਸੀ, ਹੁਣ ਟੋਭੇ ਪੂਰੇ ਗਏ ਹਨ ਤੇ ਸੜਕਾਂ ਪੱਕੀਆਂ ਹੋ ਗਈਆਂ ਹਨ। ਇਸ ਕਰ ਕੇ ਬਰਸਾਤ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਲਈ ਸਰਕਾਰ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਟੋਭਿਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।
ਹੁਣ ਪਾਣੀ ਦੇ ਗੰਦੇ ਹੋਣ ਬਾਰੇ ਚਰਚਾ ਕਰਦੇ ਹਨ। ਇਸ ਦਾ ਦੋਸ਼ੀ ਵੀ ਕਿਸਾਨ ਨੂੰ ਹੀ ਬਣਾਇਆ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੇਤੀ ਵਿੱਚ ਜ਼ਹਿਰਾਂ ਦੀ ਵਰਤੋਂ ਘੱਟ ਕਰਨ ਦੀ ਲੋੜ ਹੈ ਪਰ ਇਹ ਪਾਣੀ ਵਿੱਚ ਘੁਲਦੀਆਂ ਨਹੀਂ। ਪਾਣੀ ਨੂੰ ਤਾਂ ਸ਼ਹਿਰੀ ਲੋਕ ਗੰਦਾ ਕਰਦੇ ਹਨ। ਲੁਧਿਆਣੇ ਕੋਲ ਵਗਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਹੈ। ਇਹ ਜ਼ਹਿਰੀਲਾ ਪਾਣੀ ਸਤਲੁਜ ਵਿੱਚ ਪੈਂਦਾ ਹੈ ਤੇ ਉੱਥੋਂ ਨਹਿਰਾਂ ਰਾਹੀਂ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਲੋਕ ਇਹੀ ਜ਼ਹਿਰੀਲਾ ਪਾਣੀ ਪੀਂਦੇ ਹਨ। ਇਸ ਇਲਾਕੇ ਨੂੰ ਕੈਂਸਰ ਪੱਟੀ ਇਸੇ ਪਾਣੀ ਨੇ ਬਣਾਇਆ ਹੈ। ਅੱਧੀ ਸਦੀ ਤੋਂ ਰੌਲਾ ਪੈ ਰਿਹਾ ਹੈ ਪਰ ਅਜੇ ਤਕ ਇਸ ਗੰਦੇ ਪਾਣੀ ਨੂੰ ਸਤਲੁਜ ਵਿੱਚ ਪੈਣ ਤੋਂ ਰੋਕਿਆ ਨਹੀਂ ਗਿਆ। ਇਸ ਨੂੰ ਸਾਫ਼ ਕਰ ਕੇ ਸਿੰਜਾਈ ਲਈ ਵਰਤਣ ਦਾ ਵੀ ਕੋਈ ਯਤਨ ਨਹੀਂ ਹੋਇਆ। ਬਹੁਤੇ ਘਰਾਂ ਵਿੱਚ ਗਰਕੀ ਟੱਟੀਆਂ ਹਨ। ਇਹ ਸਾਰਾ ਗੰਦ ਧਰਤੀ ਹੇਠ ਪਾਣੀ ਨੂੰ ਦੂਸ਼ਿਤ ਕਰਦਾ ਹੈ। ਬਹੁਤੀਆਂ ਫੈਕਟਰੀਆਂ ਦਾ ਗੰਦਾ ਪਾਣੀ ਇਵੇਂ ਹੀ ਧਰਤੀ ਹੇਠ ਭੇਜਦੇ ਹਨ। ਇਸ ਬਾਰੇ ਕਦੇ ਚਰਚਾ ਨਹੀਂ ਹੋਈ।
ਜੇ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਪਾਣੀ ਦੀ ਬਚਤ ਹੋਵੇ ਤੇ ਇਸ ਨੂੰ ਗੰਦਾ ਹੋਣ ਤੋਂ ਰੋਕਿਆ ਜਾਵੇ ਤਾਂ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ਯੋਜਨਾ ਬਣਾਈ ਜਾਵੇ ਤੇ ਉਸ ਉੱਤੇ ਸੰਜੀਦਗੀ ਨਾਲ ਯਤਨ ਕੀਤੇ ਜਾਣ।
ਸੰਪਰਕ: 94170-87328

Advertisement

Advertisement
Author Image

Advertisement