ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਦੀ ਲੋੜ: ਮੁਰਮੂ
ਨਵੀਂ ਦਿੱਲੀ, 7 ਦਸੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਦੇਸ਼ ਦੇ ਇਕਸਾਰ ਵਿਕਾਸ ਲਈ ਮੈਨੇਜਮੈਂਟ ਸੰਸਥਾਵਾਂ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਕੁੱਝ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਰਾਸ਼ਟਰਪਤੀ ਨੇ ਅੱਜ ਕੌਮੀ ਰਾਜਧਾਨੀ ਵਿੱਚ ‘ਲਕਸ਼ਮੀਪਤ ਸਿੰਘਾਨੀਆ-ਆਈਆਈਐੱਮ ਲਖਨਊ ਨੈਸ਼ਨਲ ਲੀਡਰਸ਼ਿਪ ਐਵਾਰਡ’ਜ਼’ ਵੰਡੇ।
ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਮੈਨੇਜਮੈਂਟ ਸਿੱਖਿਆ ਵਿੱਚ ਜੋੜਨ ਦੀ ਮੰਗ ਕੀਤੀ ਅਤੇ ਕਿਹਾ ਕਿ ਜੋ ਇਸ ਨੂੰ ਜਾਣਦਾ ਹੈ ਅਤੇ ਸਹੀ ਤਰੀਕੇ ਨਾਲ ਇਸ ਦੀ ਵਰਤੋਂ ਕਰਦਾ ਹੈ, ਉਸ ਨੂੰ ਆਪਣੀ ਨੌਕਰੀ ਜਾਣ ਦਾ ਡਰ ਨਹੀਂ ਹੋਣਾ ਚਾਹੀਦਾ। ਮੁਰਮੂ ਨੇ ਕਿਹਾ ਕਿ ਸਾਨੂੰ ਦੇਸ਼ ਦੇ ਇੱਕਸਾਰ ਅਤੇ ਵੱਧ ਪ੍ਰਭਾਵੀ ਵਿਕਾਸ ਲਈ ਮੈਨੇਜਮੈਂਟ ਸੰਸਥਾਵਾਂ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਕੁੱਝ ਬਦਲਾਅ ਦੀ ਜ਼ਰੂਰਤ ਹੈ। ਉਨ੍ਹਾਂ ਪ੍ਰਬੰਧਕਾਂ, ਸਿੱਖਿਆ ਸ਼ਾਸਤਰੀਆਂ ਅਤੇ ਸੰਸਥਾਵਾਂ ਦੇ ਮੁਖੀਆਂ ਨੂੰ ਭਾਰਤੀ ਮੈਨੇਜਮੈਂਟ ਸਿੱਖਿਆ ਨੂੰ ਭਾਰਤੀ ਕੰਪਨੀਆਂ, ਉਪਭੋਗਤਾਵਾਂ ਅਤੇ ਸਮਾਜ ਨਾਲ ਜੋੜਨ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਥਿਤ ਕਾਰੋਬਾਰਾਂ ਬਾਰੇ ਕੇਸ ਸਟੱਡੀ ਅਤੇ ਲੇਖਾਂ ਦੀ ਥਾਂ ਦੇਸ਼ ਵਿੱਚ ਸਥਿਤ ਭਾਰਤੀ ਅਤੇ ਮਲਟੀਨੈਸ਼ਨਲ ਕੰੰਪਨੀਆਂ ਬਾਰੇ ਕੇਸ ਸਟੱਡੀ ਲਿਖੀ ਅਤੇ ਪੜ੍ਹਾਈ ਜਾਣੀ ਚਾਹੀਦੀ ਹੈ। ਉਨ੍ਹਾਂ ਉਤਰਾਖੰਡ ਵਿੱਚ ਸਿਲਕਿਆਰਾ ਸੁਰੰਗ ਵਿੱਚ 41 ਮਜ਼ਦੂਰਾਂ ਨੂੰ ਬਚਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮੁਹਿੰਮ ਦੀ ਨਾ ਕੇਵਲ ਸ਼ਲਾਘਾ ਹੋ ਰਹੀ ਹੈ ਬਲਕਿ ਇਸ ਦਾ ਅਧਿਐਨ ਕਰਵਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਏਆਈ ਨੂੰ ਮੈਨੇਜਮੈਂਟ ਸਿੱਖਿਆ ਨਾਲ ਜੋੜਨ ਦਾ ਸੱਦਾ ਦਿੱਤਾ। ਰਾਸ਼ਟਰਪਤੀ ਨੇ ਕਿਹਾ ਕਿ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਦੀ ਅੰਨ੍ਹੀ ਦੌੜ ਨੇ ਮਾਨਵਤਾ ਦਾ ਨੁਕਸਾਨ ਕੀਤਾ ਹੈ। -ਪੀਟੀਆਈ