ਐੱਨਡੀਐੱਮਸੀ ਨੇ ਪਾਰਕਿੰਗ ਦਰਾਂ ਦੁੱਗਣੀਆਂ ਕੀਤੀਆਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਨਵੰਬਰ
ਲੋਕਾਂ ਨੂੰ ਨਿੱਜੀ ਗੱਡੀਆਂ ਚਲਾਉਣ ਤੋਂ ਘਟਾਉਣ ਲਈ ਨਵੀਂ ਦਿੱਲੀ ਨਗਰ ਪ੍ਰੀਸ਼ਦ (ਐੱਨਡੀਐੱਮਸੀ) ਨੇ 31 ਜਨਵਰੀ ਤੱਕ ਉਸ ਦੇ ਅਧਿਕਾਰ ਖੇਤਰ ਦੇ ਪਾਰਕਿੰਗ ਵਾਲੇ ਸਥਾਨਾਂ ਉਪਰ ਪਾਰਕਿੰਗ ਚਾਰਜ ਦੁੱਗਣੇ ਕਰ ਦਿੱਤੇ ਹਨ। ਸਰੋਜਨੀ ਨਗਰ ਬਾਜ਼ਾਰ, ਖਾਨ ਮਾਰਕੀਟ, ਲੋਧੀ ਰੋਡ, ਆਈਐੱਨਏ, ਏਮਜ਼ ਅਤੇ ਸਫਦਰਜੰਗ ਵਰਗੇ ਖੇਤਰਾਂ ਵਿੱਚ ਪਾਰਕਿੰਗ ਫੀਸ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪਾਰਕਿੰਗ ਚਾਰਜ ਦੁੱਗਣਾ ਕਰਨ ਦੀ ਦਰ 31 ਜਨਵਰੀ, 2024 ਤੱਕ ਹੈ। ਕਿਰਾਇਆ ਦੁੱਗਣਾ ਕਰਨ ਦਾ ਉਦੇਸ਼ ਪ੍ਰਤੀਕੂਲ ਮੌਸਮੀ ਹਾਲਤਾਂ ਵਿੱਚ ਨਿੱਜੀ ਵਾਹਨਾਂ ਦੀ ਵਰਤੋਂ ਨੂੰ ਘਟਾਉਣਾ ਹੈ।
ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਹ ਕਦਮ ਪ੍ਰਦੂਸ਼ਣ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਦਿੱਲੀ ਵਿੱਚ ਲਾਗੂ ਗ੍ਰੇਡਡ ਐਕਸ਼ਨ ਰਿਸਪਾਂਸ ਪਲਾਨ ਪੜਾਅ-4 ਦਿਸ਼ਾ-ਨਿਰਦੇਸ਼ਾਂ ਨਾਲ ਮੇਲ ਖਾਂਦਾ ਹੈ। ਵਰਤਮਾਨ ਵਿੱਚ ਐੱਨਡੀਐੱਮਸੀ ਚਾਰ ਪਹੀਆ ਵਾਹਨਾਂ ਲਈ 20 ਰੁਪਏ ਪ੍ਰਤੀ ਘੰਟਾ (100 ਰੁਪਏ ਪ੍ਰਤੀ ਦਿਨ ਤੱਕ) ਤੇ ਪਾਰਕਿੰਗ ਸਾਈਟਾਂ ‘ਤੇ ਦੋਪਹੀਆ ਵਾਹਨਾਂ ਲਈ 10 ਰੁਪਏ ਪ੍ਰਤੀ ਘੰਟਾ (50 ਰੁਪਏ ਪ੍ਰਤੀ ਦਿਨ ਤੱਕ) ਚਾਰਜ ਕਰਦਾ ਹੈ।
ਚਾਰ ਪਹੀਆ ਵਾਹਨਾਂ ਲਈ ਮਹੀਨਾਵਾਰ ਚਾਰਜ 2,000 ਰੁਪਏ ਅਤੇ ਦੁਪਹੀਆ ਵਾਹਨਾਂ ਲਈ 1,000 ਰੁਪਏ ਹਨ। ਮਲਟੀਲੇਵਲ ਪਾਰਕਿੰਗ ਸਾਈਟਾਂ ਤੇ ਪਾਲਿਕਾ ਭੂਮੀਗਤ ਪਾਰਕਿੰਗ ਸਾਮਾਨ ਵਿੱਚ ਚਾਰ ਪਹੀਆ ਵਾਹਨਾਂ ਲਈ ਚਾਰ ਘੰਟੇ ਤੱਕ ਲਈ 10 ਰੁਪਏ ਅਤੇ ਦੁਪਹੀਆ ਵਾਹਨਾਂ ਲਈ ਚਾਰ ਘੰਟੇ ਤੱਕ ਲਈ 5 ਰੁਪਏ ਚਾਰਜ ਕਰਦੇ ਹਨ। ਐੱਨਡੀਐੱਮਸੀ ਖੇਤਰ ਵਿੱਚ 91 ਪਾਰਕਿੰਗ ਸਥਾਨਾਂ ਵਿੱਚੋਂ, 41 ਇਸਦੇ ਸਿੱਧੇ ਪ੍ਰਬੰਧਨ ਅਧੀਨ ਹਨ, ਬਾਕੀਆਂ ਨੂੰ ਬਾਹਰੀ ਏਜੰਸੀਆਂ ਨੂੰ ਆਊਟਸੋਰਸ ਕੀਤਾ ਗਿਆ ਹੈ। ਪ੍ਰਭਾਵਿਤ ਪਾਰਕਿੰਗ ਸਾਈਟਾਂ ਰਾਜਪਥ ਅਤੇ ਏਮਜ਼ ਦੇ ਵਿਚਕਾਰ ਸਥਿਤ ਹਨ।