ਬਿਹਾਰ ’ਚ ਐੱਨਡੀਏ ਦੀ ਜਿੱਤ ਚਿੰਤਾ ਦਾ ਵਿਸ਼ਾ: ਪ੍ਰਸ਼ਾਂਤ ਕਿਸ਼ੋਰ
ਪਟਨਾ, 23 ਨਵੰਬਰ
ਸਿਆਸੀ ਰਣਨੀਤੀਘਾੜੇ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਆਪਣੇ ਜੱਦੀ ਸੂਬੇ ਬਿਹਾਰ ਵਿੱਚ ਫੇਲ੍ਹ ਸਾਬਤ ਹੋਈ ਹੈ। ਉਸ ਦੇ ਦਾਅਵੇ ਦੇ ਉਲਟ ‘ਮਹਾਗੱਠਜੋੜ’ ਦੀਆਂ ਸਹਿਯੋਗੀ ਪਾਰਟੀਆਂ ਕਾਂਗਰਸ ਅਤੇ ਆਰਜੇਡੀ ਨੂੰ ਸੂਬੇ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਵਿੱਚ ਹਾਰ ਝੱਲਣੀ ਪਈ। ਪ੍ਰਸ਼ਾਂਤ ਦੀ ਆਪਣੀ ਜਨ ਸੁਰਾਜ ਪਾਰਟੀ ਦੇ ਚਾਰ ਉਮੀਦਵਾਰਾਂ ਵਿੱਚੋਂ ਤਿੰਨ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਨੇ ਸਾਰੀਆਂ ਚਾਰ ਸੀਟਾਂ ਰਾਮਗੜ੍ਹ, ਤਰਾਰੀ, ਇਮਾਮਗੰਜ ਅਤੇ ਬੇਲਾਗੰਜ ’ਤੇ ਜਿੱਤ ਦਰਜ ਕੀਤੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਵਿਧਾਨ ਸਭਾ ਜ਼ਿਮਨੀ ਚੋਣਾਂ ’ਚ ਐੱਨਡੀਏ ਦੀ ਜਿੱਤ ਨੂੰ ‘ਚਿੰਤਾ ਦਾ ਵਿਸ਼ਾ’ ਕਰਾਰ ਦਿੱਤਾ ਤੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲਾ ਗੱਠਜੋੜ ਆਪਣੇ ਦਹਾਕਿਆਂ ਲੰਮੇ ਸ਼ਾਸਨ ਦੌਰਾਨ ਸੂਬੇ ਦਾ ਪੱਛੜਾਪਣ ਖਤਮ ਕਰਨ ’ਚ ਨਾਕਾਮ ਰਿਹਾ ਹੈ।
ਚੋਣ ਨਤੀਜੇ ਆਉਣ ਤੋਂ ਤੁਰੰਤ ਬਾਅਦ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸ਼ੋਰ ਨੂੰ ਇਸ ਤੱਥ ਨਾਲ ਵੀ ਰਾਹਤ ਮਿਲੀ ਕਿ ਉਸ ਦੀ ਨਵੀਂ ਗਠਿਤ ਜਨ ਸੁਰਾਜ ਪਾਰਟੀ ਨੇ ਚਾਰ ਸੀਟਾਂ ’ਤੇ ਪਈਆਂ ਕੁੱਲ ਵੋਟਾਂ ਦਾ 10 ਫੀਸਦ ਹਿੱਸਾ ਹਾਸਲ ਕੀਤਾ ਹੈ ਪਰ ਉਨ੍ਹਾਂ ਇਹ ਦਾਅਵਾ ਖਾਰਜ ਕਰ ਦਿੱਤਾ ਕਿ ਉਨ੍ਹਾਂ ਆਰਜੇਡੀ ਦੀ ਹਾਰ ’ਚ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ, ‘ਆਰਜੇਡੀ 30 ਸਾਲ ਪੁਰਾਣੀ ਪਾਰਟੀ ਹੈ। ਇਸ ਦੇ ਸੂਬਾ ਪ੍ਰਧਾਨ ਦਾ ਪੁੱਤਰ ਤੀਜੇ ਸਥਾਨ ’ਤੇ ਰਿਹਾ। ਕੀ ਇਸ ਲਈ ਵੀ ਜਨ ਸੁਰਾਜ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ? ਬੇਲਾਗੰਜ ’ਚ ਸਾਰੀਆਂ ਮੁਸਲਿਮ ਵੋਟਾਂ ਜੇਡੀਯੂ ਦੇ ਉਮੀਦਵਾਰ ਨੂੰ ਮਿਲੀਆਂ। ਇਮਾਮਗੰਜ ’ਚ ਜਨ ਸੁਰਾਜ ਨੇ ਐੱਨਡੀਏ ਦੀਆਂ ਵੋਟਾਂ ਕੱਟੀਆਂ ਨਹੀਂ ਤਾਂ ਕੇਦਰੀ ਮੰਤਰੀ ਜੀਤਨ ਮਾਂਝੀ ਦੀ ਹਿੰਦੁਸਤਾਨੀ ਅਵਾਮ ਮੋਰਚਾ ਦੀ ਜਿੱਤ ਦਾ ਫਰਕ ਵੱਡਾ ਹੁੰਦਾ।’ -ਪੀਟੀਆਈ