2029 ਵਿੱਚ ਮੁੜ ਸਰਕਾਰ ਬਣਾਏਗਾ ਐੱਨਡੀਏ: ਅਮਿਤ ਸ਼ਾਹ
ਚੰਡੀਗੜ੍ਹ, 4 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ ਵੱਲੋਂ ਕੇਂਦਰ ਵਿਚਲੀ ਐੱਨਡੀਏ ਸਰਕਾਰ ਦੀ ਮਜ਼ਬੂਤੀ ’ਤੇ ਉਠਾਏ ਜਾ ਰਹੀ ਸਵਾਲਾਂ ਬਾਰੇ ਅੱਜ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ ਨਾ ਸਿਰਫ ਆਪਣਾ ਮੌਜੂਦਾ ਕਾਰਜਕਾਲ ਪੂਰਾ ਕਰੇਗਾ ਬਲਕਿ 2029 ਵਿੱਚ ਵੀ ਸਰਕਾਰ ਬਣਾਏਗਾ। ਉਹ ਇੱਥੇ ਮਨੀਮਾਜਰਾ ਵਿੱਚ 24 ਘੰਟੇ ਪਾਣੀ ਦੀ ਸਪਲਾਈ ਸਬੰਧੀ ਪ੍ਰਾਜੈਕਟ ਦਾ ਉਦਘਾਟਨ ਕਰਨ ਮੌਕੇ ਇੱਕ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਇਹ ਲੋਕ ਜਿਹੜੇ ਵਾਰ-ਵਾਰ ਇਹ ਕਹਿੰਦੇ ਹਨ ਕਿ ਸਰਕਾਰ ਨਹੀਂ ਚੱਲੇਗੀ, ਉਹ ਲੋਕਾਂ ਵਿੱਚ ਅਨਿਸ਼ਚਿਤਤਾ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘‘ਇਹ ਸੋਚਦੇ ਹਨ ਕਿ ਥੋੜੀ ਜਿਹੀ ਸਫਲਤਾ ਮਿਲ ਗਈ ਤਾਂ ਉਹ ਚੋਣਾਂ ਜਿੱਤ ਗਏ ਹਨ। ਉਹ ਇਹ ਨਹੀਂ ਜਾਣਦੇ ਕਿ ਕਾਂਗਰਸ ਨੇ ਜਿੰਨੀਆਂ ਸੀਟਾਂ ਤਿੰਨ ਚੋਣਾਂ ਵਿੱਚ ਜਿੱਤੀਆਂ ਹਨ, ਭਾਜਪਾ ਨੇ ਇਕੱਲੇ 2024 ਵਿੱਚ ਉਸ ਨਾਲੋਂ ਵੱਧ ਸੀਟਾਂ ਜਿੱਤੀਆਂ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੰਨੀਆਂ ਸੀਟਾਂ ‘ਇੰਡੀਆ’ ਗੱਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਨੇ ਮਿਲ ਕੇ ਜਿੱਤੀਆਂ ਹਨ ਉਸ ਨਾਲੋਂ ਵੱਧ ਤਾਂ ਇਕੱਲੀ ਭਾਜਪਾ ਨੇ ਜਿੱਤ ਲਈਆਂ ਹਨ।’’ -ਪੀਟੀਆਈ