ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਨਡੀਏ ਬਨਾਮ ਇੰਡੀਆ

06:14 AM Jul 20, 2023 IST

ਲੋਕ ਸਭਾ ਦੀਆਂ 2024 ਵਿਚ ਹੋਣ ਵਾਲੀਆਂ ਚੋਣਾਂ ਦੀ ਕਵਾਇਦ ਤੇਜ਼ ਹੋ ਗਈ ਹੈ। ਬੰਗਲੂਰੂ ਵਿਚ ਜੁੜੀਆਂ 26 ਵਿਰੋਧੀ ਪਾਰਟੀਆਂ ਨੇ ਆਪਣੇ ਗੱਠਜੋੜ ਦਾ ਨਾਂ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਰੱਖਿਆ ਹੈ ਜਿਸ ਦੇ ਅਰਥ ਹਨ ਭਾਰਤੀ ਕੌਮੀ ਵਿਕਾਸ ਤੇ ਸ਼ਮੂਲੀਅਤ ਵਾਲਾ ਗੱਠਜੋੜ। ਮੀਟਿੰਗ ਤੋਂ ਪਹਿਲਾਂ ਕਾਂਗਰਸ ਨੇ ਕੇਂਦਰ ਸਰਕਾਰ ਦੇ ਦਿੱਲੀ ਸਰਕਾਰ ਦੀਆਂ ਤਾਕਤਾਂ ਸੀਮਤ ਕਰਨ ਵਾਲੇ ਆਰਡੀਨੈਂਸ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਸੀ; ਇਸ ਪਹਿਲਕਦਮੀ ਕਾਰਨ ਗੱਠਜੋੜ ਵਿਚ ਇਹ ਭਾਵਨਾ ਪਨਪੀ ਹੈ ਕਿ ਸੂਬਿਆਂ ਵਿਚ ਆਪਸੀ ਵਿਰੋਧ ਦੇ ਬਾਵਜੂਦ, ਇਹ ਪਾਰਟੀਆਂ ਵਿਚਾਰਧਾਰਕ ਤੌਰ ’ਤੇ ਨੇੜੇ ਆਉਣ ਦੀ ਕੋਸ਼ਿਸ਼ ਕਰਨਗੀਆਂ। ਮੀਟਿੰਗ ਵਿਚ ਸੰਵਿਧਾਨ ਅਤੇ ਜਮਹੂਰੀਅਤ ਨਾਲ ਜੁੜੀਆਂ ਕਦਰਾਂ-ਕੀਮਤਾਂ ਦੀ ਰਾਖੀ ਕਰਨ ’ਤੇ ਜ਼ੋਰ ਦਿੱਤਾ ਗਿਆ। ਗੱਠਜੋੜ ਨੇ ਸਾਂਝੇ ਬਿਆਨ ਵਜੋਂ ਦੇਸ਼ ਸਾਹਮਣੇ ਬਦਲਵਾਂ ਸਿਆਸੀ, ਸਮਾਜਿਕ ਤੇ ਆਰਥਿਕ ਏਜੰਡਾ ਪੇਸ਼ ਕਰਨ ਦਾ ਸਮੂਹਿਕ ਸੰਕਲਪ ਪੇਸ਼ ਕੀਤਾ ਜਿਸ ਵਿਚ ਇਹ ਕਿਹਾ ਗਿਆ ਕਿ, ‘‘ਅਸੀਂ ਘੱਟਗਿਣਤੀ ਫ਼ਿਰਕਿਆਂ ਵਿਰੁੱਧ ਪੈਦਾ ਕੀਤੀ ਜਾ ਰਹੀ ਨਫ਼ਰਤ ਤੇ ਹਿੰਸਾ ਨੂੰ ਹਰਾਉਣ ਅਤੇ ਦਲਿਤਾਂ, ਆਦਿਵਾਸੀਆਂ ਅਤੇ ਕਸ਼ਮੀਰੀ ਪੰਡਿਤਾਂ ਵਿਰੁੱਧ ਵਧ ਰਹੇ ਅਪਰਾਧਾਂ ਨੂੰ ਬੰਦ ਕਰਵਾਉਣ ਲਈ ਇਕੱਠੇ ਹੋਏ ਹਾਂ।’’ ਸੰਕਲਪ ਵਿਚ ਸ਼ਾਸਨ ਕਰਨ ਦੀ ਸ਼ੈਲੀ ਨੂੰ ਬਦਲ ਕੇ ਉਸ ਨੂੰ ਜ਼ਿਆਦਾ ਜਮਹੂਰੀ ਅਤੇ ਸਾਰਿਆਂ ਦੀ ਸਲਾਹ ਲੈ ਕੇ ਚੱਲਣ ਵਾਲੀ ਬਣਾਉਣ ਦਾ ਵਾਅਦਾ ਕੀਤਾ ਗਿਆ। ਗੱਠਜੋੜ ਦੀ ਅਗਲੀ ਮੀਟਿੰਗ ਮੁੰਬਈ ਵਿਚ ਹੋਵੇਗੀ ਜਿਸ ਵਿਚ ਕਨਵੀਨਰ ਦਾ ਨਾਂ ਤੈਅ ਕੀਤਾ ਜਾਵੇਗਾ। 11 ਮੈਂਬਰੀ ਤਾਲਮੇਲ ਕਮੇਟੀ ਜਿਸ ਦਾ ਸਕੱਤਰੇਤ ਦਿੱਲੀ ਵਿਚ ਹੋਵੇਗਾ, ਵੀ ਬਣਾਈ ਜਾਵੇਗੀ।
ਮੰਗਲਵਾਰ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਨੈਸ਼ਨਲ ਡੈਮੋਕਰੇਟਿਕ ਅਲਾਇੰਸ-ਐੱਨਡੀਏ) ਦੀ ਮੀਟਿੰਗ ਵਿਚ 38 ਪਾਰਟੀਆਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਵਿਰੋਧੀ ਪਾਰਟੀਆਂ ਦੇ ਗੱਠਜੋੜ ’ਤੇ ਦੋ ਵਾਰ ਨਿਸ਼ਾਨਾ ਸਾਧਿਆ। ਮੰਗਲਵਾਰ ਸਵੇਰੇ ਪੋਰਟ ਬਲੇਅਰ ਵਿਖੇ ਵੀਰ ਸਾਵਰਕਰ ਕੌਮਾਂਤਰੀ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਵਰਚੂਅਲ ਉਦਘਾਟਨ ਕਰਦਿਆਂ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਦੱਸਿਆ। ਸ਼ਾਮ ਵੇਲੇ ਐੱਨਡੀਏ ਦੀ ਮੀਟਿੰਗ ਵਿਚ ਉਨ੍ਹਾਂ ਨੇ ਇਹ ਦੋਸ਼ ਦੁਹਰਾਏ ਅਤੇ ਐੱਨਡੀਏ ਨੂੰ ਨਵੇਂ ਭਾਰਤ (ਨਿਊ ਇੰਡੀਆ), ਵਿਕਾਸ (ਡਿਵੈਲਪਮੈਂਟ) ਅਤੇ ਭਵਿੱਖ ਲਈ ਤਾਂਘ (ਐਸਪੀਰੇਸ਼ਨ) ਦਾ ਗੱਠਜੋੜ ਕਰਾਰ ਦਿੱਤਾ। ਉਨ੍ਹਾਂ ਨੇ ਐੱਨਡੀਏ ਨੂੰ 1998 ਤੋਂ ਬਣਿਆ ਮਜ਼ਬੂਤ ਗੱਠਜੋੜ ਦੱਸਦਿਆਂ ਕਿਹਾ ਕਿ ਇਸ ਦਾ ਗਠਨ ਦੇਸ਼ ’ਚ ਸਥਿਰਤਾ ਲਿਆਉਣ ਲਈ ਹੋਇਆ ਹੈ।
ਸਿਆਸੀ ਮਾਹਿਰਾਂ ਅਨੁਸਾਰ ਜਿੱਥੇ ਵਿਰੋਧੀ ਪਾਰਟੀਆਂ ਲਈ ਗੱਠਜੋੜ ਕਰਨਾ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ, ਉੱਥੇ ਭਾਜਪਾ ਗੱਠਜੋੜ ਇਸ ਲਈ ਕਰ ਰਹੀ ਹੈ ਕਿ ਉਹ 2024 ਵਿਚ ਸਫਲਤਾ ਹਾਸਲ ਕਰਨ ਅਤੇ ਸੱਤਾ ਵਿਚ ਆਉਣ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ। ਭਾਜਪਾ ਦੀ ਪੁਰਾਣੀ ਸਹਿਯੋਗੀ ਅਤੇ ਹਿੰਦੂਤਵ ਦੀ ਵਿਚਾਰਧਾਰਾ ਵਾਲੀ ਪਾਰਟੀ ਸ਼ਿਵ ਸੈਨਾ ਦਾ ਇਕ ਹਿੱਸਾ ਉਸ ਦੇ ਨਾਲ ਨਹੀਂ ਅਤੇ ਲੰਮਾ ਸਮਾਂ ਸਹਿਯੋਗੀ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੀ ਐੱਨਡੀਏ ਦਾ ਹਿੱਸਾ ਨਹੀਂ ਹੈ। ਐੱਨਡੀਏ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਥਾਂ ਦੇ ਕੇ ਉਸ ਨੂੰ ਸਹਿਯੋਗੀ ਪਾਰਟੀ ਵਜੋਂ ਉਭਾਰਨ ਦੀ ਕੋਸ਼ਿਸ਼ ਨਜ਼ਰ ਆਉਂਦੀ ਹੈ। ਸਿਆਸੀ ਮਾਹਿਰਾਂ ਅਨੁਸਾਰ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵਿਚ ਹੋਈ ਹਾਰ ਨੇ ਭਾਜਪਾ ਵਿਚ ਚਿੰਤਾ ਪੈਦਾ ਕੀਤੀ ਹੈ ਕਿਉਂਕਿ ਪਾਰਟੀ ਨੇ ਉਸ ਸੂਬੇ ਵਿਚ ਸੱਤਾ ਵਿਚ ਬਣੇ ਰਹਿਣ ਦੀ ਲੜਾਈ ਵਿਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ। ਇਸ ਲਈ ਭਾਜਪਾ ਆਪਣੀਆਂ ਸਹਿਯੋਗੀ ਪਾਰਟੀਆਂ ਨੂੰ ਮੁੜ ਇਕੱਠੇ ਕਰ ਕੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਭਾਵੇਂ ਐੱਨਡੀਏ ਅੰਦਰ ਰਹੀਆਂ ਕਈ ਪਾਰਟੀਆਂ ਨੂੰ ਖੋਰਾ ਭਾਜਪਾ ਨੇ ਹੀ ਲਾਇਆ ਹੈ। ਵਿਰੋਧੀ ਪਾਰਟੀਆਂ ਸਾਹਮਣੇ ਸਭ ਤੋਂ ਪਹਿਲੀ ਚੁਣੌਤੀ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤਿਲੰਗਾਨਾ ਵਿਚ ਹੋਣ ਵਾਲੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹਨ। ਮੁੱਖ ਸਵਾਲ ਇਹ ਹੈ ਕਿ ਕੀ ਵਿਰੋਧੀ ਪਾਰਟੀਆਂ ਇਹ ਚੋਣਾਂ ਆਪਸੀ ਸਹਿਮਤੀ ਬਣਾ ਕੇ ਲੜਨਗੀਆਂ ਜਾਂ ਅਲੱਗ ਅਲੱਗ ਅਤੇ ਸਹਿਮਤੀ ਸਿਰਫ਼ ਲੋਕ ਸਭਾ ਦੀਆਂ ਸੀਟਾਂ ਲਈ ਬਣਾਈ ਜਾਵੇਗੀ। ਇਨ੍ਹਾਂ ਪਾਰਟੀਆਂ ਦੇ ਲੋਕ ਸਭਾ ਵਿਚ 150 ਨੁਮਾਇੰਦੇ ਹਨ ਜਦੋਂਕਿ ਐੱਨਡੀਏ ਗੱਠਜੋੜ ਦੇ ਨੁਮਾਇੰਦੇ ਇਨ੍ਹਾਂ ਤੋਂ ਦੋ ਗੁਣਾ ਵੱਧ ਹਨ। ਜਿੱਥੇ ‘ਇੰਡੀਆ’ ਗੱਠਜੋੜ ਨੂੰ ਕਈ ਅੰਦਰੂਨੀ ਵਿਰੋਧਾਭਾਸਾਂ ਦਾ ਸਾਹਮਣਾ ਕਰਨਾ ਪੈਣਾ ਹੈ, ਉੱਥੇ ਐੱਨਡੀਏ ਨੂੰ ਦਸ ਸਾਲ ਸੱਤਾ ਵਿਚ ਰਹਿਣ ਅਤੇ ਇਸ ਸਮੇਂ ਦੌਰਾਨ ਆਪਣੀ ਕਾਰਗੁਜ਼ਾਰੀ ਲਈ ਜਵਾਬਦੇਹ ਹੋਣਾ ਪੈਣਾ ਹੈ। ਇਹ ਗੱਲ ਜ਼ਰੂਰ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੀ ਕਵਾਇਦ, ਨੁਹਾਰ ਤੇ ਨਤੀਜੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਵੱਖਰੇ ਹੋਣਗੇ।

Advertisement

Advertisement
Tags :
ਐੱਨਡੀਏਇੰਡੀਆਬਨਾਮ
Advertisement