For the best experience, open
https://m.punjabitribuneonline.com
on your mobile browser.
Advertisement

NDA leaders meet: ਨੱਢਾ ਦੇ ਘਰ ਵਿੱਚ ਹੋਈ ਐੱਨਡੀਏ ਆਗੂਆਂ ਦੀ ਮੀਟਿੰਗ

08:00 PM Dec 25, 2024 IST
nda leaders meet  ਨੱਢਾ ਦੇ ਘਰ ਵਿੱਚ ਹੋਈ ਐੱਨਡੀਏ ਆਗੂਆਂ ਦੀ ਮੀਟਿੰਗ
ਮੀਟਿੰਗ ਦੌਰਾਨ ਚਰਚਾ ਕਰਦੇ ਹੋਏ ਐੱਨਡੀਏ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਆਗੂ।
Advertisement

ਨਵੀਂ ਦਿੱਲੀ, 25 ਦਸੰਬਰ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਸ਼ਤਾਬਦੀ ਮੌਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਦੀ ਰਿਹਾਇਸ਼ ਵਿਖੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਆਗੂਆਂ ਦੀ ਮੀਟਿੰਗ ਹੋਈ। ਸੂਤਰਾਂ ਮੁਤਾਬਕ, ਇਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਖ਼ਿਲਾਫ਼ ਸਿਰਜੇ ਗਏ ਬਿਰਤਾਂਤ ਤੋਂ ਨਜਿੱਠਣ ਬਾਰੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਜਿੱਥੇ ਸ਼ਾਹ ਨੇ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਡਕਰ ਖ਼ਿਲਾਫ਼ ਕੀਤੀ ਗਈ ਕਥਿਤ ਬਿਆਨਬਾਜ਼ੀ ਬਾਰੇ ਆਪਣੇ ਸਪੱਸ਼ਟੀਕਰਨ ਦਿੱਤਾ, ਉੱਥੇ ਹੀ ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਤਾਂ ਕਾਂਗਰਸ ਰਾਜ ਸਭਾ ਵਿੱਚ ਉਨ੍ਹਾਂ ਦਾ ਭਾਸ਼ਣ ਸ਼ਾਂਤ ਹੋ ਕੇ ਸੁਣਦੀ ਰਹੀ ਪਰ ਬਾਅਦ ਵਿੱਚ ਸਿਆਸੀ ਬਿਰਤਾਂਤ ਸਿਰਜਣ ਲਈ ਵਿਰੋਧੀ ਪਾਰਟੀ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਦਿੱਤਾ ਅਤੇ ਉਸ ਦਾ ਗ਼ਲਤ ਮਤਲਬ ਕੱਢ ਲਿਆ।

Advertisement

ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਜੇਡੀ (ਯੂ) ਆਗੂ ਅਤੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ, ਅਪਨਾ ਦਲ (ਐੱਸ) ਦੀ ਪ੍ਰਧਾਨ ਤੇ ਕੇਂਦਰੀ ਮੰਤਰੀ ਅਨੂਪ੍ਰਿਯਾ ਪਟੇਲ ਦੇ ਨਾਲ-ਨਾਲ ਜੇਡੀ (ਐੱਸ) ਆਗੂ ਤੇ ਕੇਂਦਰੀ ਮੰਤਰੀ ਐੱਚਡੀ ਕੁਮਾਰਸਵਾਮੀ ਵੀ ਮੌਜੂਦ ਸਨ।
ਮੀਟਿੰਗ ਵਿੱਚ ਬਿਹਾਰ ਦੇ ਹਿੰਦੁਸਤਾਨੀ ਆਵਾਮ ਮੋਰਚਾ (ਐੱਸ) ਦੇ ਆਗੂ ਜੀਤਨ ਰਾਮ ਮਾਂਝੀ, ਰਾਸ਼ਟਰੀ ਲੋਕ ਮੋਰਚਾ (ਆਰਐੱਲਐੱਮ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਉਪੇਂਦਰ ਕੁਸ਼ਵਾਹਾ ਅਤੇ ਭਾਰਤ ਧਰਮ ਜਨ ਸੈਨਾ ਦੇ ਪ੍ਰਧਾਨ ਤੁਸ਼ਾਰ ਵੈਲਾਪੱਲੀ ਵੀ ਮੌਜੂਦ ਸਨ। ਮੀਟਿੰਗ ਦੇ ਏਜੰਡੇ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ, ਪਰ ਸੂਤਰਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੁਸ਼ਾਸਨ ਅਤੇ ਸਿਆਸੀ ਮੁੱਦਿਆਂ ’ਤੇ ਚਰਚਾ ਹੋਈ। ਸੁਸ਼ਾਸਨ ਵਾਜਪਾਈ ਸਰਕਾਰ ਦਾ ਇਕ ਪ੍ਰਮੁੱਖ ਵਿਸ਼ਾ ਸੀ।
ਪਹਿਲੀ ਵਾਰ ਗੱਠਜੋੜ ਸਰਕਾਰ ਨੂੰ ਸਫਲਤਾਪੂਰਵਕ ਚਲਾਉਣ ਵਾਲੇ ਭਾਜਪਾ ਦੇ ਦਿੱਗਜ ਆਗੂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ’ਤ ਗੱਠਜੋੜ ਦੀ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ। ਨੱਢਾ ਨੇ ‘ਐਕਸ’ ਉੱਤੇ ਇਕ ਪੋਸਟ ਵਿੱਚ ਕਿਹਾ, ‘‘ਅੱਜ ਨਵੀਂ ਦਿੱਲੀ ਵਿੱਚ ਐੱਨਡੀਏ ਆਗੂਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਭਾਰਤ ਬੇਮਿਸਾਲ ਮੀਲ ਪੱਥਰ ਹਾਸਲ ਕਰ ਰਿਹਾ ਹੈ ਅਤੇ ਖ਼ੁਦ ਨੂੰ ਆਲਮੀ ਮਹਾਸ਼ਕਤੀ ਵਜੋਂ ਸਥਾਪਤ ਕਰ ਰਿਹਾ ਹੈ।’’

Advertisement

ਉਨ੍ਹਾਂ ਕਿਹਾ, ‘‘ਐੱਨਡੀਏ ਸਰਕਾਰ ਸਾਰਿਆਂ ਲਈ ਇਕ ਉੱਜਵਲ ਤੇ ਖੁਸ਼ਹਾਲ ਭਵਿੱਖ ਯਕੀਨੀ ਬਣਾਉਣ ਲਈ ‘ਵਿਕਸਤ ਭਾਰਤ’ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਦ੍ਰਿੜ੍ਹ ਹੈ।’’
ਉੱਤਰ ਪ੍ਰਦੇਸ਼ ਦੇ ਨਿਸ਼ਾਦ ਪਾਰਟੀ ਦੇ ਮੁਖੀ ਸੰਜੈ ਨਿਸ਼ਾਦ ਨੇ ਕਿਹਾ ਕਿ ਵਾਜਪਾਈ ਦੀ ਜਨਮ ਸ਼ਤਾਬਦੀ ਮੌਕੇ ਐੱਨਡੀਏ ਆਗੂਆਂ ਦੀ ਇਹ ਗੈਰ ਰਸਮੀ ਮੀਟਿੰਗ ਸੀ। ਉਨ੍ਹਾਂ ਕਿਹਾ, ‘‘ਸਾਡੀ ਭਵਿੱਖ ਦੀ ਰਣਨੀਤੀ ਮਿਲ ਕੇ ਅੱਗੇ ਵਧਣ ਦੀ ਹੈ। ਸਾਨੂੰ ਆਗਾਮੀ ਸਾਰੀਆਂ ਚੋਣਾਂ ਵਿੱਚ ਏਕਤਾ ਦਿਖਾਉਣੀ ਹੋਵੇਗੀ।

ਮੀਟਿੰਗ ਵਿੱਚ ਸਾਰਿਆਂ ਨੇ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਭਾਜਪਾ ਆਗੂਆਂ ਨੂੰ ਵਧਾਈ ਦਿੱਤੀ।’’ ਨਿਸ਼ਾਦ ਨੇ ਕਿਹਾ ਕਿ ਮੀਟਿੰਗ ਵਿੱਚ ਗੱਠਜੋੜ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਗਈ ਤਾਂ ਜੋ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਸਾਰੇ ਕੰਮ ਜ਼ਮੀਨ ਪੱਧਰ ਤੱਕ ਪਹੁੰਚਣ ਅਤੇ ਚੋਣਾਂ ਦੋਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਹੋਣ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਮਛੇਰਿਆਂ ਨੂੰ ਰਾਖਵਾਂਕਰਨ ਦੇਣ ਦਾ ਮੁੱਦਾ ਵੀ ਉੱਠਿਆ। -ਪੀਟੀਆਈ/ਆਈਏਐੱਨਐੱਸ

Advertisement
Author Image

Advertisement