ਐੱਨਡੀਏ ਆਗੂਆਂ ਵੱਲੋਂ ਸੁਸ਼ਾਸਨ ਅਤੇ ਸਿਆਸੀ ਮੁੱਦਿਆਂ ਬਾਰੇ ਚਰਚਾ
ਨਵੀਂ ਦਿੱਲੀ, 25 ਦਸੰਬਰ
ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਆਗੂਆਂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਜਨਮ ਸ਼ਤਾਬਦੀ ਮੌਕੇ ਇਥੇ ਭਾਜਪਾ ਪ੍ਰਧਾਨ ਜੇਪੀ ਨੱਢਾ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਮੀਟਿੰਗ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਜਨਤਾ ਦਲ (ਯੂ) ਆਗੂ ਤੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ, ਅਪਨਾ ਦਲ (ਐੱਸ) ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਅਨੂਪ੍ਰਿਆ ਪਟੇਲ, ਜਨਤਾ ਦਲ (ਐੱਸ) ਆਗੂ ਅਤੇ ਕੇਂਦਰੀ ਮੰਤਰੀ ਐੱਚਡੀ ਕੁਮਾਰਸਵਾਮੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਬਿਹਾਰ ਦੇ ਹਿੰਦੂਸਤਾਨੀ ਅਵਾਮ ਮੋਰਚਾ (ਐੱਸ) ਦੇ ਆਗੂ ਤੇ ਮੋਦੀ ਸਰਕਾਰ ’ਚ ਮੰਤਰੀ ਜੀਤਨ ਰਾਮ ਮਾਂਝੀ, ਰਾਸ਼ਟਰੀ ਲੋਕ ਮੋਰਚਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਉਪੇਂਦਰ ਕੁਸ਼ਵਾਹਾ ਅਤੇ ਭਾਰਤ ਧਰਮ ਜਨ ਸੈਨਾ ਦੇ ਪ੍ਰਧਾਨ ਤੁਸ਼ਾਰ ਵੇਲਾਪੱਲੀ ਨੇ ਵੀ ਮੀਟਿੰਗ ’ਚ ਹਾਜ਼ਰੀ ਭਰੀ। ਸੂਤਰਾਂ ਮੁਤਾਬਕ ਐੱਨਡੀਏ ਆਗੂਆਂ ਨੇ ਚੰਗੇ ਸ਼ਾਸਨ ਅਤੇ ਸਿਆਸੀ ਮੁੱਦਿਆਂ ਬਾਰੇ ਚਰਚਾ ਕੀਤੀ ਹੈ। -ਪੀਟੀਆਈ
ਅੰਬੇਡਕਰ ਬਾਰੇ ਸ਼ਾਹ ਦੀਆਂ ਟਿੱਪਣੀਆਂ ’ਤੇ ਮੀਟਿੰਗ ’ਚ ਨਹੀਂ ਹੋਈ ਚਰਚਾ: ਨਿਸ਼ਾਦ
ਨਿਸ਼ਾਦ ਪਾਰਟੀ ਦੇ ਮੁਖੀ ਸੰਜੈ ਨਿਸ਼ਾਦ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦੇ ਮੁੱਦੇ ’ਤੇ ਮੀਟਿੰਗ ਦੌਰਾਨ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ, ‘‘ਅਸੀਂ ਲੋਕਾਂ ਦੀ ਭਲਾਈ ਲਈ ਇਕੱਠੇ ਹੋਏ ਹਾਂ। ਇਸ ’ਚ ਸਫ਼ਲਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ, ਸਾਰੀ ਊਰਜਾ ਉਸ ’ਤੇ ਲਗਾਏ ਜਾਣ ਦੀ ਲੋੜ ਹੈ। ਵਿਰੋਧੀ ਧਿਰ ਦੇ ਬਿਰਤਾਂਤ ਅਤੇ ਨਾਂਹ-ਪੱਖੀ ਵਿਚਾਰਾਂ ਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ ਹੈ।’’ ਉਨ੍ਹਾਂ ਦਾ ਸਿੱਧਾ ਇਸ਼ਾਰਾ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਵੱਲ ਸੀ ਜਿਨ੍ਹਾਂ ਨੇ ਅੰਬੇਡਕਰ ਬਾਰੇ ਕੀਤੀਆਂ ਗਈ ਟਿੱਪਣੀਆਂ ਲਈ ਸ਼ਾਹ ਨੂੰ ਘੇਰਿਆ ਹੋਇਆ ਹੈ। -ਪੀਟੀਆਈ