ਐੱਨਡੀਏ ਦੀਆਂ ਨਜ਼ਰਾਂ ਰਾਜ ਸਭਾ ’ਚ ਬਹੁਮਤ ਹਾਸਲ ਕਰਨ ’ਤੇ
ਨਵੀਂ ਦਿੱਲੀ, 11 ਅਗਸਤ
ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨੂੰ ਆਸ ਹੈ ਕਿ ਅਗਲੇ ਮਹੀਨੇ 12 ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਮਗਰੋਂ ਉਸ ਨੂੰ ਰਾਜ ਸਭਾ ’ਚ ਸਪੱਸ਼ਟ ਬਹੁਮਤ ਮਿਲ ਜਾਵੇਗਾ। ਇਸ ਨਾਲ ਸਰਾਕਰ ਨੂੰ ਵਕਫ਼ ਸੋਧ ਬਿੱਲ ਜਿਹੇ ਅਹਿਮ ਬਿੱਲਾਂ ਨੂੰ ਪ੍ਰਵਾਨਗੀ ਲੈਣ ’ਚ ਸੌਖ ਹੋ ਜਾਵੇਗੀ। ਉਪਰਲੇ ਸਦਨ ’ਚ ਇਸ ਸਮੇਂ 229 ਮੈਂਬਰ ਹਨ ਜਿਨ੍ਹਾਂ ’ਚੋਂ 87 ਭਾਜਪਾ ਦੇ ਹਨ ਅਤੇ ਭਾਈਵਾਲਾਂ ਦੀਆਂ ਸੀਟਾਂ ਮਿਲਾ ਕੇ ਇਹ ਗਿਣਤੀ 105 ਹੋ ਜਾਂਦੀ ਹੈ। ਸਦਨ ’ਚ ਛੇ ਨਾਮਜ਼ਦ ਮੈਂਬਰ ਹਨ ਜੋ ਅਕਸਰ ਸਰਕਾਰ ਦੇ ਪੱਖ ’ਚ ਹੀ ਵੋਟ ਪਾਉਂਦੇ ਹਨ ਪਰ ਫਿਰ ਵੀ ਬਹੁਮਤ ਹਾਸਲ ਕਰਨ ਲਈ ਉਸ ਨੂੰ ਚਾਰ ਹੋਰ ਸੀਟਾਂ ਦੀ ਲੋੜ ਹੈ। ਰਾਜ ਸਭਾ ਦੀਆਂ 9 ਸੂਬਿਆਂ ’ਚ ਖਾਲੀ 12 ਸੀਟਾਂ ’ਤੇ 3 ਸਤੰਬਰ ਨੂੰ ਵੋਟਾਂ ਪੈਣੀਆਂ ਹਨ। ਭਾਜਪਾ ਤੇ ਉਸ ਦੇ ਭਾਈਵਾਲਾਂ ਨੂੰ 12 ’ਚੋਂ 11 ਸੀਟਾਂ ’ਤੇ ਜਿੱਤ ਦੀ ਆਸ ਹੈ ਜਿਸ ਨਾਲ ਐੱਨਡੀਏ ਦੇ ਮੈਂਬਰਾਂ ਦੀ ਗਿਣਤੀ 241 ਮੈਂਬਰੀ ਸਦਨ ’ਚ ਵਧ ਕੇ 122 ਹੋ ਸਕਦੀ ਹੈ। ਜੰਮੂ ਤੇ ਕਸ਼ਮੀਰ ਅਜੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿਸ ਕਾਰਨ ਉਸ ਦੀਆਂ ਚਾਰ ਰਾਜ ਸਭਾ ਸੀਟਾਂ ਅਜੇ ਖਾਲੀ ਹੀ ਰਹਿਣਗੀਆਂ। -ਪੀਟੀਆਈ