ਐੱਨਸੀਈਆਰਟੀ ਕਰਵਾਏਗੀ ਵਿਦਿਆਰਥੀਆਂ ਦੇ ਬੌਧਿਕ ਪੱਧਰ ਦਾ ਸਰਵੇਖਣ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਨਵੰਬਰ
ਐੱਨਸੀਈਆਰਟੀ ਵੱਲੋਂ ਦੇਸ਼ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਬੌਧਿਕ ਪੱਧਰ ਜਾਣਨ ਲਈ ਸਰਵੇਖਣ (ਪਰਖ) ਕਰਵਾਇਆ ਜਾਵੇਗਾ। ਇਸ ਪ੍ਰੀਖਿਆ ਦੇ ਆਧਾਰ ’ਤੇ ਵਿਦਿਆਰਥੀਆਂ ਦੇ ਖਰਾਬ ਨਤੀਜਿਆਂ ਲਈ ਸਕੂਲ ਮੁਖੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਇਸ ਪ੍ਰੀਖਿਆ ਦੇ ਆਧਾਰ ’ਤੇ ਦੇਸ਼ ਭਰ ਦੇ ਸਕੂਲਾਂ ਦੀ ਰੈਂਕਿੰਗ ਕੀਤੀ ਜਾਵੇਗੀ। ਇਹ ਪ੍ਰੀਖਿਆ ਤੀਜੀ, ਛੇਵੀਂ ਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੀ ਲਈ ਜਾਵੇਗੀ ਜੋ ਚਾਰ ਦਸੰਬਰ ਨੂੰ ਹੋਵੇਗੀ। ਇਹ ਪ੍ਰੀਖਿਆ ਐਨਸੀਈਆਰਟੀ ਵਲੋਂ ਕਰਵਾਈ ਜਾਵੇਗੀ ਜਦਕਿ ਇਸ ਦੀ ਰਿਪੋਰਟ ਸੀਬੀਐਸਈ ਵਲੋਂ ਤਿਆਰ ਕੀਤੀ ਜਾਵੇਗੀ। ਇਹ ਪ੍ਰੀਖਿਆ ਓਐਮਆਰ ਸ਼ੀਟ ਰਾਹੀਂ ਕਰਵਾਈ ਜਾਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰੀਖਿਆ ਭਾਸ਼ਾ, ਗਣਿਤ, ਵਿਗਿਆਨ, ਸਮਾਜਿਕ ਸਿੱਖਿਆ ਵਿਸ਼ਿਆਂ ਦੀ ਇਕੋ ਦਿਨ ਹੀ ਜਾਵੇਗੀ। ਇਸ ਪ੍ਰੀਖਿਆ ਦੇ ਅਧਾਰ ’ਤੇ ਵਿਦਿਆਰਥੀਆਂ ਦੀਆਂ ਖਾਮੀਆਂ ਨੂੰ ਜਾਂਚਿਆ ਜਾਵੇਗਾ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰੀਖਿਆ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਲਈ ਜਾਵੇਗੀ ਤੇ ਨਤੀਜਿਆਂ ਦੇ ਹਿਸਾਬ ਨਾਲ ਰਾਜਾਂ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ। ਇਸ ਪ੍ਰੀਖਿਆ ਤੋਂ ਬਾਅਦ ਕੇਂਦਰ ਵਲੋਂ ਹਰ ਰਾਜ ਵਿਚੋਂ ਕੁਝ ਸਕੂਲਾਂ ਦੀ ਚੋਣ ਕਰਕੇ ਨਤੀਜਿਆਂ ਦੀ ਵੱਖਰੀ ਸਮੀਖਿਆ ਕਰਕੇ ਉਸ ਰਾਜ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਕੂਲਾਂ ਨੂੰ ਅੱਜ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਉਹ ਚਾਰ ਦਸੰਬਰ ਨੂੰ ਆਪਣੇ ਆਪਣੇ ਸਕੂਲ ਵਿੱਚ ਵਿਦਿਆਰਥੀਆਂ ਦੀ ਸੌ ਫੀਸਦੀ ਹਾਜ਼ਰੀ ਯਕੀਨੀ ਬਣਾਉਣ ਤੇ ਜੇ ਕੋਈ ਸਕੂਲ ਡਬਲ ਸ਼ਿਫਟ ਵਿੱਚ ਹੈ ਤਾਂ ਉਸ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਾਮ ਦੀ ਥਾਂ ਸਵੇਰ ਵਾਲੀ ਸ਼ਿਫਟ ਵਿੱਚ ਸੱਦਿਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਆਮ ਗਿਆਨ ਨਾਲ ਸਬੰਧ ਵੀ ਸਵਾਲ ਆਉਣਗੇ।
ਏਆਈ ਤਕਨੀਕ ਨਾਲ ਲੱਗੇਗੀ ਅਧਿਆਪਕਾਂ ਦੀ ਹਾਜ਼ਰੀ
ਯੂਟੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਹਾਜ਼ਰੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਨਾਲ ਲੱਗੇਗੀ ਜਿਸ ਸਬੰਧੀ ਸਕੂਲ ਵਿੱਚ ਦਾਖ਼ਲ ਹੋਣ ’ਤੇ ਅਧਿਆਪਕ ਦੀ ਹਾਜ਼ਰੀ ਲੱਗ ਜਾਵੇਗੀ ਤੇ ਜਦੋਂ ਅਧਿਆਪਕ ਸਕੂਲ ਦਾ ਚੌਗਿਰਦਾ ਪਾਰ ਕਰੇਗਾ ਤਾਂ ਉਸ ਦੇ ਜਾਣ ਦੀ ਹਾਜ਼ਰੀ ਵੀ ਲੱਗ ਜਾਵੇਗੀ। ਇਹ ਪ੍ਰਾਜੈਕਟ ਏਆਈ ਫੇਸ਼ੀਅਲ ਰੈਕੋਗਨੀਸ਼ਨ ਐਪ ਜ਼ਰੀਏ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਜਨਵਰੀ ਵਿਚ ਸ਼ੁਰੂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਲਈ 10 ਲੱਖ ਰੁਪਏ ਦਾ ਬਜਟ ਮਨਜ਼ੂਰ ਹੋ ਗਿਆ ਹੈ ਤੇ ਅਧਿਆਪਕਾਂ ਦੇ ਮੋਬਾਈਲ ਤੇ ਜੀਪੀਐੱਸ ਦੇ ਆਧਾਰ ’ਤੇ ਅਧਿਆਪਕਾਂ ਦੀ ਹਾਜ਼ਰੀ ਲੱਗੇਗੀ। ਇਸ ਪ੍ਰਾਜੈਕਟ ਤਹਿਤ ਹਰ ਸਕੂਲ ਦੀ ਬਾਊਂਡਰੀ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਜਿਸ ਵਿਚ ਜਦੋਂ ਕੋਈ ਅਧਿਆਪਕ ਅੰਦਰ ਦਾਖਲ ਹੋਵੇਗਾ ਤਾਂ ਉਸ ਦੀ ਅੰਦਰ ਆਉਣ ਦੀ ਹਾਜ਼ਰੀ ਲੱਗੇਗੀ ਤੇ ਜਦੋਂ ਉਹ ਸਕੂਲ ਤੋਂ ਬਾਹਰ ਜਾਵੇਗਾ ਤਾਂ ਉਸ ਦੀ ਡਿਊਟੀ ਨੂੰ ਸਮਾਪਤ ਮੰਨਿਆ ਜਾਵੇਗਾ। ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਅਧਿਆਪਕਾਂ ਦੀ ਹਾਜ਼ਰੀ ਤੋਂ ਇਲਾਵਾ ਵੀ ਏਆਈ ਤਕਨੀਕ ਨੂੰ ਮਿੱਡ-ਡੇਅ ਮੀਲ ਤੇ ਪਾਖਾਨਿਆਂ ਲਈ ਵੀ ਵਰਤਿਆ ਜਾਵੇਗਾ। ਸਿੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਆਈ ਤਕਨੀਕ ਜ਼ਰੀਏ ਮਿੱਡ-ਡੇਅ ਮੀਲ ਦਾ ਜਾਇਜ਼ਾ ਲਿਆ ਜਾਵੇਗਾ। ਜੇ ਕੋਈ ਅਧਿਕਾਰੀ ਮਿੱਡ-ਡੇਅ ਮੀਲ ਦਾ ਜਾਇਜ਼ਾ ਲੈਂਦਾ ਹੈ ਤੇ ਉਹ ਖਾਣੇ ਦੀ ਫੋਟੋ ਇਸ ਐਪ ਜ਼ਰੀਏ ਅਪਲੋਡ ਕਰੇਗਾ ਤਾਂ ਪਤਾ ਲੱਗ ਜਾਵੇਗਾ ਕਿ ਸਬਜ਼ੀ ਠੀਕ ਬਣੀ ਹੈ ਕਿ ਨਹੀਂ, ਇਸ ਤਕਨੀਕ ਨਾਲ ਇਹ ਵੀ ਪਤਾ ਲੱਗ ਜਾਵੇਗਾ ਕਿ ਸਬਜ਼ੀ ਵਿਚ ਜ਼ਿਆਦਾ ਪਾਣੀ ਤਾਂ ਨਹੀਂ ਪਿਆ। ਇਸ ਤੋਂ ਇਲਾਵਾ ਜਦੋਂ ਪਾਖਾਨਿਆਂ ਦੀ ਫੋਟੋ ਖਿੱਚੀ ਜਾਵੇਗੀ ਤਾਂ ਏਆਈ ਤਕਨੀਕ ਪਾਖ਼ਾਨੇ ਸਾਫ ਹਨ ਜਾਂ ਨਹੀਂ ਬਾਰੇ ਆਪਣੇ ਆਪ ਹੀ ਪਤਾ ਲਾ ਕੇ ਉਸ ਦੀ ਰਿਪੋਰਟ ਅੱਗੇ ਭੇਜ ਦੇਣਗੇ।