ਮੁਕਾਬਲੇ ਦੌਰਾਨ ਨਕਸਲੀ ਹਲਾਕ
ਉਡੁਪੀ (ਕਰਨਾਟਕ), 19 ਨਵੰਬਰ
ਉਡੁਪੀ ਜ਼ਿਲ੍ਹੇ ਦੇ ਕਰਕਲਾ ਤਾਲੁਕ ਦੇ ਇਦੂ ਪਿੰਡ ਨੇੜੇ ਨਕਸਲ ਵਿਰੋਧੀ ਬਲ (ਏਐੱਨਐੱਫ) ਦੀ ਕਾਰਵਾਈ ਵਿੱਚ ਨਕਸਲੀ ਵਿਕਰਮ ਗੌੜਾ ਮਾਰਿਆ ਗਿਆ। ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਦੱਸਿਆ ਕਿ ਏਐੱਨਐੱਫ ਵੱਲੋਂ ਲਗਪਗ 20 ਸਾਲਾਂ ਤੋਂ ਵਿਕਰਮ ਗੌੜਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਗੌੜਾ ਨੂੰ ‘ਖੌਫ਼ਨਾਕ ਨਕਸਲੀ’ ਦੱਸਦਿਆਂ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਕਈ ਵਾਰ ਫਰਾਰ ਹੋ ਚੁੱਕਾ ਸੀ। ਸੂਤਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਤਲਾਸ਼ੀ ਮੁਹਿੰਮ ਦੌਰਾਨ ਏਐੱਨੱਐਫ ਨੂੰ ਨਕਸਲੀਆਂ ਦਾ ਇੱਕ ਗਰੁੱਪ ਨਜ਼ਰ ਆਇਆ। ਏਐੱਨਐੱਫ ਟੀਮ ਨੂੰ ਦੇਖ ਕੇ ਨਕਸਲੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਗਰੋਂ ਏਐੱਨਐੱਫ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਗੌੜਾ ਮਾਰਿਆ ਗਿਆ ਪਰ ਹੋਰ ਨਕਸਲੀ ਮੌਕੇ ਤੋਂ ਫਰਾਰ ਹੋ ਗਏ। ਅਧਿਕਾਰੀ ਨੇ ਕਿਹਾ, ‘ਵਿਕਰਮ ਗੌੜਾ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੱਖਣੀ ਭਾਰਤ ਵਿੱਚ ਨਕਸਲੀ ਕਾਰਵਾਈਆਂ ਦੀ ਅਗਵਾਈ ਕਰ ਰਿਹਾ ਸੀ। ਉਸ ਨੇ ਕੇਰਲ ਅਤੇ ਤਾਮਿਲਨਾਡੂ ਵਿੱਚ ਸ਼ਰਨ ਲਈ ਸੀ ਅਤੇ ਕਈ ਵਾਰ ਕੋਡਾਗੂ (ਕਰਨਾਟਕ) ਵੀ ਆਇਆ ਸੀ।’ ਪਰਮੇਸ਼ਵਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੌੜਾ ਇੱਕ ਸਰਗਰਮ ਨਕਸਲੀ ਸੀ। ਏਐੱਨਐੱਫ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀ ਸੀ ਪਰ ਉਸ ਨੂੰ ਫੜਨ ’ਚ ਕਾਮਯਾਬ ਨਹੀਂ ਹੋ ਰਹੀ ਸੀ। -ਪੀਟੀਆਈ