ਨਕਸਲੀ ਹਮਲਾ: ਸੀਆਰਪੀਐੱਫ ਦੇ ਉੱਚ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਦੌਰਾ
ਬੀਜਾਪੁਰ, 7 ਜਨਵਰੀ
ਛੱਤੀਸਗੜ੍ਹ ਦੇ ਡੀਜੀਪੀ ਅਸ਼ੋਕ ਜੁਨੇਜਾ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ ਡਾਇਰੈਕਟਰ ਜਨਰਲ (ਡੀਜੀ) ਵਿਤੁਲ ਕੁਮਾਰ ਨੇ ਅੱਜ ਬੀਜਾਪੁਰ ਜ਼ਿਲ੍ਹੇ ’ਚ ਉਸ ਥਾਂ ਦਾ ਦੌਰਾ ਕੀਤਾ, ਜਿੱਥੇ ਬੀਤੇ ਦਿਨ ਨਕਸਲੀਆਂ ਵੱਲੋਂ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਬਾਰੂਦੀ ਸੁਰੰਗ ਧਮਾਕੇ ’ਚ ਅੱਠ ਜਵਾਨ ਸ਼ਹੀਦ ਹੋ ਗਏ ਸਨ ਅਤੇ ਡਰਾਈਵਰ ਦੀ ਵੀ ਮੌਤ ਹੋ ਗਈ ਸੀ। ਬੀਜਾਪੁਰ ਜ਼ਿਲ੍ਹੇ ਦੇ ਪੁਲੀਸ ਸੁਪਰਡੈਂਟ ਜਤਿੰਦਰ ਕੁਮਾਰ ਯਾਦਵ ਨੇ ਇੱਥੇ ਦੱਸਿਆ ਕਿ ਸੂਬੇ ਦੇ ਡੀਜੀਪੀ, ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਅੱਜ ਘਟਨਾ ਸਥਾਨ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਬਸਤਰ ਰੇਂਜ ਦੇ ਪੁਲੀਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ. ਅਤੇ ਸੀਆਰਪੀਐੱਫ ਦੇ ਸੀਨੀਅਰ ਅਧਿਕਾਰੀ ਵੀ ਵਿਤੁਲ ਕੁਮਾਰ ਦੇ ਨਾਲ ਸਨ। ਇਸ ਤੋਂ ਪਹਿਲਾਂ ਦਾਂਤੇਵਾੜਾ ਜ਼ਿਲ੍ਹੇ ਦੇ ਕਰਲੀ ਸਥਿਤ ਪੁਲੀਸ ਲਾਈਨਜ਼ ਵਿੱਚ ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਅਤੇ ਹੋਰ ਸੀਨੀਅਰ ਅਧਿਕਾਰਾਂ ਵੱਲੋਂ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਬੀਤੇ ਦਿਨ ਕੁਟਰੂ ਥਾਣਾ ਖੇਤਰ ਦੇ ਅੰਬੇਲੀ ਪਿੰਡ ਨੇੜੇ ਦੁਪਹਿਰ ਤਕਰੀਬਨ 2.15 ਵਜੇ ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕਰਕੇ ਵਾਹਨ ਨੂੰ ਉਡਾ ਦਿੱਤਾ ਸੀ। ਹਮਲੇ ’ਚ ਅੱਠ ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਸਨ। -ਪੀਟੀਆਈ