ਨਵਾਜ਼ੂਦੀਨ ਸਿੱਦੀਕੀ ‘ਰਾਤ ਅਕੇਲੀ ਹੈ-2’ ਦੀ ਸ਼ੂੁਟਿੰਗ ’ਚ ਰੁੱਝਿਆ
ਮੁੰਬਈ:
ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਮੌਜੂਦਾ ਸਮੇਂ ਕੌਮੀ ਰਾਜਧਾਨੀ ਦਿੱਲੀ ਵਿੱਚ ਆਪਣੀ ਅਗਲੀ ਫ਼ਿਲਮ ‘ਰਾਤ ਅਕੇਲੀ ਹੈ’ ਦੇ ਦੂਜੇ ਭਾਗ ਦੀ ਸ਼ੂਟਿੰਗ ’ਚ ਰੁੱਝਿਆ ਹੋਇਆ ਹੈ। ਫ਼ਿਲਮ ਇੰਡਸਟਰੀ ਦੇ ਸੂਤਰ ਮੁਤਾਬਕ, ‘‘ਨਵਾਜ਼ੂਦੀਨ ਸਿੱਦੀਕੀ ਦਿੱਲੀ ’ਚ ਆਪਣੀ ਅਗਲੀ ਫ਼ਿਲਮ ‘ਰਾਤ ਅਕੇਲੀ ਹੈ 2’ ਦੀ ਸ਼ੂਟਿੰਗ ਕਰ ਰਿਹਾ ਹੈ। ਉਸ ਨੂੰ ਫ਼ਿਲਮ ਦੇ ਸੈੱਟ ’ਤੇ ਗਣਤੰਤਰ ਦਿਵਸ ਮਨਾਉਂਦੇ ਹੋਏ ਵੀ ਦੇਖਿਆ ਗਿਆ ਸੀ। ਅਦਾਕਾਰ ਇਸ ਫ਼ਿਲਮ ’ਚ ਇੱਕ ਵਾਰ ਫਿਰ ਦ੍ਰਿੜ੍ਹ ਇਰਾਦੇ ਵਾਲੇ ਇੰਸਪੈਕਟਰ ਜਟਿਲ ਯਾਦਵ ਵਜੋਂ ਆਪਣੀ ਭੂਮਿਕਾ ਨਿਭਾਏਗਾ, ਜੋ ਹਾਈ ਪ੍ਰੋਫਾਈਲ ਕੇਸ ਹੱਲ ਕਰਦਾ ਹੈ।’’ ਦੱਸਣਯੋਗ ਹੈ ਕਿ ਹਿੰਦੀ ਫ਼ਿਲਮ ‘ਰਾਤ ਅਕੇਲੀ ਹੈ’ ਦਾ ਨਿਰਦੇਸ਼ਨ ਹਨੀ ਤ੍ਰੇਹਨ ਨੇ ਕੀਤਾ ਸੀ। ਸਾਲ 2020 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ’ਚ ਨਵਾਜ਼ੂਦੀਨ ਸਿੱਦੀਕੀ, ਰਾਧਿਕਾ ਆਪਟੇ, ਸ਼ਵੇਤਾ ਤ੍ਰਿਪਾਠੀ, ਤਿਗਮਾਂਸ਼ੂ ਧੁਲੀਆ, ਸ਼ਿਵਾਨੀ ਰਘੂੁਵੰਸ਼ੀ, ਨਿਸ਼ਾਂਤ ਦਹੀਆ, ਗਿਆਨੇਂਦਰ ਤ੍ਰਿਪਾਠੀ, ਇਲਾ ਅਰੁਣ, ਸਵਾਨੰਦ ਕਿਰਕਰੇ, ਨਿਤੇਸ਼ ਕੁਮਾਰ ਤਿਵਾੜੀ ਤੇ ਆਦਿੱਤਿਆ ਸ੍ਰੀਵਾਸਤਵ ਨੇ ਕੰਮ ਕੀਤਾ ਸੀ। ਫ਼ਿਲਮ ਛੋਟੇ ਕਸਬੇ ਦੇ ਪੁਲੀਸ ਮੁਲਾਜ਼ਮ ’ਤੇ ਅਧਾਰਿਤ ਹੈ, ਜਿਸ ਨੂੰ ਇੱਕ ਪਰਿਵਾਰ ਦੇ ਇੱਕ ਬਜ਼ੁਰਗ ਮੈਂਬਰ ਦੀ ਮੌਤ ਦੀ ਜਾਂਚ ਲਈ ਸੱਦਿਆ ਜਾਂਦਾ ਹੈ। ਨਵਾਜ਼ੂਦੀਨ ਸਿੱਦੀਕੀ ‘ਰਾਤ ਅਕੇਲੀ ਹੈ 2’ ਤੋਂ ਇਲਾਵਾ ਮੈਡੌਕ ਫ਼ਿਲਮਜ਼ ਦੀ ‘ਥਾਮਾ’ ਵਿੱਚ ਨਜ਼ਰ ਆਵੇਗਾ। -ਆਈਏਐੱਨਐੱਸ