For the best experience, open
https://m.punjabitribuneonline.com
on your mobile browser.
Advertisement

ਨਵਾਜ਼ ਸ਼ਰੀਫ਼ ਦੀ ਵਤਨ ਵਾਪਸੀ

08:01 AM Oct 24, 2023 IST
ਨਵਾਜ਼ ਸ਼ਰੀਫ਼ ਦੀ ਵਤਨ ਵਾਪਸੀ
Advertisement

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ 14 ਸਾਲਾਂ ਦੀ ਕੈਦ ਦੀ ਸਜ਼ਾ ਹੋਈ ਸੀ ਤਾਂ ਉਸ ਦੌਰਾਨ 2019 ਵਿਚ ਉਹ ਆਪਣੀ ਬਿਮਾਰੀ ਦੇ ਇਲਾਜ ਲਈ ਲੰਡਨ ਚਲੇ ਗਏ ਸਨ। ਚਾਰ ਸਾਲਾਂ ਬਾਅਦ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਪਾਕਿਸਤਾਨ ਪਰਤ ਕੇ ਅਗਲੀਆਂ ਆਮ ਚੋਣਾਂ ਲਈ ਆਪਣੀਆਂ ਸਿਆਸੀ ਸਰਗਰਮੀਆਂ ਵਿੱਢ ਦਿੱਤੀਆਂ ਹਨ। ਹਾਲਾਂਕਿ ਪਾਕਿਸਤਾਨ ਮੁਸਲਿਮ ਲੀਗ ਦੇ ਇਸ 73 ਸਾਲਾ ਸਿਆਸਤਦਾਨ ਖਿਲਾਫ਼ ਸਜ਼ਾ ਦਾ ਫ਼ੈਸਲਾ ਅਜੇ ਖੜ੍ਹਾ ਹੈ ਪਰ ਉਨ੍ਹਾਂ ਦੀਆਂ ਨਜ਼ਰਾਂ ਇਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਹਨ। ਸ਼ਰੀਫ਼ ਦੀ ਵਾਪਸੀ ਦੇ ਢੰਗ-ਤਰੀਕੇ ਤੋਂ ਸੰਕੇਤ ਮਿਲਦਾ ਹੈ ਕਿ ਫ਼ੌਜ ਨਾਲ ਉਨ੍ਹਾਂ ਦੇ ਤਾਅਲੁਕਾਤ ਕਾਫ਼ੀ ਸੁਖਾਵੇਂ ਬਣ ਚੁੱਕੇ ਹਨ। 2018 ਵਿਚ ਉਨ੍ਹਾਂ ਨੇ ਫ਼ੌਜ ’ਤੇ ਆਪਣੇ ਕੱਟੜ ਵਿਰੋਧੀ ਇਮਰਾਨ ਖ਼ਾਨ ਦੀ ਪਿੱਠ ਪੂਰਨ ਦਾ ਦੋਸ਼ ਲਾਇਆ ਸੀ; ਉਹ ਗੱਲ ਹੁਣ ਪੁਰਾਣੀ ਪੈ ਗਈ ਜਾਪਦੀ ਹੈ। ਹੁਣ ਉਸੇ ਫ਼ੌਜ ਨਾਲ ਵਿਗੜਨ ਕਰ ਕੇ ਇਮਰਾਨ ਖ਼ਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਵਿਚ ਬੰਦ ਹੈ।
ਪਾਕਿਸਤਾਨ ਵਿਚ ਅਜਿਹਾ ਕਈ ਵਾਰ ਵਾਪਰ ਚੁੱਕਿਆ ਹੈ ਪਰ ਫਿਰ ਵੀ ਹਾਲੇ ਕਈ ਗੱਲਾਂ ਸਾਫ਼ ਨਹੀਂ ਹੋ ਸਕੀਆਂ। ਉਨ੍ਹਾਂ ਦੀਆਂ ਅਪੀਲਾਂ ’ਤੇ ਹਾਲੇ ਫ਼ੈਸਲਾ ਆਉਣਾ ਬਾਕੀ ਹੈ ਪਰ ਹਾਲ ਦੀ ਘੜੀ ਨਵਾਜ਼ ਸ਼ਰੀਫ਼ ਅਤੇ ਇਮਰਾਨ ਖ਼ਾਨ ਦੋਵੇਂ ਚੋਣਾਂ ਨਹੀਂ ਲੜ ਸਕਦੇ। 2022 ਤੋਂ ਲੈ ਕੇ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਤੱਕ ਸ਼ਾਹਬਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਰਹੇ ਅਤੇ ਹੁਣ ਉਨ੍ਹਾਂ ਦੇ ਵੱਡੇ ਭਰਾ ਦੀ ਵਾਪਸੀ ਨਾਲ ਅਗਲੇ ਸਾਲ ਜਨਵਰੀ ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਐੱਨ) ਨੂੰ ਹੁਲਾਰਾ ਮਿਲਿਆ ਹੈ। ਇਮਰਾਨ ਖ਼ਾਨ ਦੀ ਹਰਮਨ ਪਿਆਰਤਾ ਹਾਲੇ ਵੀ ਹੈ ਅਤੇ ਉਨ੍ਹਾਂ ਦੇ ਜਨ ਆਧਾਰ ਨੂੰ ਖੋਰਾ ਲਾਉਣਾ ਸ਼ਰੀਫ਼ ਭਰਾਵਾਂ ਲਈ ਵੱਡੀ ਚੁਣੌਤੀ ਹੋਵੇਗੀ। ਪਾਕਿਸਤਾਨ ਨੂੰ ਸੁਰੱਖਿਆ, ਅਰਥਚਾਰੇ ਅਤੇ ਸਿਆਸਤ ਨਾਲ ਜੁੜੇ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਫ਼ੌਜ ਉਨ੍ਹਾਂ ਦੀ ਪਿੱਠ ’ਤੇ ਖੜ੍ਹੀ ਹੈ, ਫਿਰ ਵੀ ਆਪਣੇ ਆਪ ਨੂੰ ਪਾਏਦਾਰ ਬਦਲ ਵਜੋਂ ਸਥਾਪਤ ਕਰਨਾ ਉਨ੍ਹਾਂ ਲਈ ਕਾਫ਼ੀ ਔਖਾ ਕਾਰਜ ਹੋਵੇਗਾ।
ਪਾਕਿਸਤਾਨ ਸਿਰ ਕਰਜ਼ੇ ਦਾ ਬੋਝ ਵਧ ਰਿਹਾ ਹੈ ਤੇ ਅੰਤਾਂ ਦੀ ਮਹਿੰਗਾਈ ਕਰ ਕੇ ਲੋਕਾਂ ਦਾ ਤ੍ਰਾਹ ਨਿਕਲ ਗਿਆ ਹੈ। ਨਵਾਜ਼ ਸ਼ਰੀਫ਼ ਨੇ ਵਾਪਸੀ ਵੇਲੇ ਆਪਣੇ ਭਾਸ਼ਣ ਵਿਚ ਭਾਰਤ ਬਾਰੇ ਬਿਰਤਾਂਤ ਨੂੰ ਨਵੀਂ ਦਿਸ਼ਾ ਦੇਣ ਦੀ ਗੱਲ ਆਖੀ ਹੈ ਤਾਂ ਅਰਥਚਾਰੇ ਦੀ ਦਸ਼ਾ ਉਨ੍ਹਾਂ ਦੇ ਦਿਮਾਗ ਵਿਚ ਘੁੰਮ ਰਹੀ ਹੋਵੇਗੀ। ਉਨ੍ਹਾਂ ਆਖਿਆ ਕਿ ਆਪਣੇ ਗੁਆਂਢੀਆਂ ਨਾਲ ਝਗੜਾ ਕਰ ਕੇ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਿਆ। ਇਸ ’ਤੇ ਨਵੀਂ ਦਿੱਲੀ ਦਾ ਪ੍ਰਤੀਕਰਮ ਕਾਫ਼ੀ ਚੌਕਸ ਰਹਿਣ ਦੀ ਉਮੀਦ ਹੈ। ਦੋਵੇਂ ਦੇਸ਼ਾਂ ਵਿਚਕਾਰ ਮੁੜ ਗੱਲਬਾਤ ਲਈ ਸਰਹੱਦ ਪਾਰ ਦਹਿਸ਼ਤਗਰਦੀ ਦਾ ਖਾਤਮਾ ਸ਼ੁਰੂਆਤੀ ਨੁਕਤਾ ਹੋ ਸਕਦਾ ਹੈ। ਇਸ ਮਾਮਲੇ ਵਿਚ ਪਾਕਿਸਤਾਨ ਦੇ ਸਿਆਸੀ ਆਗੂਆਂ ਤੇ ਫ਼ੌਜ ਦਾ ਰਿਕਾਰਡ ਕਾਫ਼ੀ ਖਰਾਬ ਰਿਹਾ ਹੈ। ਇਸ ਸਭ ਕੁਝ ਦੇ ਬਾਵਜੂਦ ਦੇਰ ਸਵੇਰ ਦੋਵਾਂ ਦੇਸ਼ਾਂ ਨੂੰ ਖਿੱਚੋਤਾਣ ਤੇ ਤਕਰਾਰ ਘਟਾਉਣ ਵੱਲ ਕਦਮ ਪੁੱਟਣੇ ਚਾਹੀਦੇ ਹਨ।

Advertisement

Advertisement
Author Image

Advertisement
Advertisement
×