ਨਵਾਜ਼ ਸ਼ਰੀਫ਼ ਵੱਲੋਂ ਕੂਟਨੀਤਕ ਚੈਨਲਾਂ ਜ਼ਰੀਏ ਭਾਰਤ ਨਾਲ ਟਕਰਾਅ ਘਟਾਉਣ ਦੀ ਵਕਾਲਤ: ਰਿਪੋਰਟ
ਲਾਹੌਰ, 9 ਮਈ
ਇੱਕ ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਸਿਵਲ ਅਤੇ ਫੌਜੀ ਲੀਡਰਸ਼ਿਪ ਫੌਜੀ ਟਕਰਾਅ ਦਰਮਿਆਨ ਜਿੱਥੇ ਭਾਰਤ ਨੂੰ ਢੁੱਕਵਾਂ ਜਵਾਬ ਦੇਣ ’ਤੇ ਜ਼ੋਰ ਦੇ ਰਹੀ ਹੈ, ਉਥੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਨਵੀਂ ਦਿੱਲੀ ਨਾਲ ਤਣਾਅ ਨੂੰ ਘੱਟ ਕਰਨ ਲਈ ਕੂਟਨੀਤਕ ਚੈਨਲਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਮੁਖੀ ਨਵਾਜ਼ ਸ਼ਰੀਫ਼ ਨੇ ਵੀਰਵਾਰ ਦੇਰ ਸ਼ਾਮ ਪ੍ਰਧਾਨ ਮੰਤਰੀ ਹਾਊਸ ਵਿਖੇ ਇੱਕ ਸੁਰੱਖਿਆ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ ਛੋਟੇ ਭਰਾ ਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਭਾਰਤ ਨਾਲ ਤਣਾਅ ਨੂੰ ਕੂਟਨੀਤਕ ਤੌਰ ’ਤੇ ਘੱਟ ਕਰਨ ਦੀ ਸਲਾਹ ਦਿੱਤੀ।
ਰੋਜ਼ਨਾਮਚਾ ਐਕਸਪ੍ਰੈੱਸ ਟ੍ਰਿਬਿਊਨ ਨੇ ਕਿਹਾ, ‘‘ਵੱਡੇ ਸ਼ਰੀਫ਼ ਚਾਹੁੰਦੇ ਹਨ ਕਿ ਸਰਕਾਰ ਦੋਵਾਂ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਸ਼ਾਂਤੀ ਬਹਾਲ ਕਰਨ ਲਈ ਸਾਰੇ ਉਪਲਬਧ ਕੂਟਨੀਤਕ ਸਰੋਤਾਂ ਦੀ ਵਰਤੋਂ ਕਰੇ।’’ ਰੋਜ਼ਨਾਮਚੇ ਨੇ ਨਵਾਜ਼ ਸ਼ਰੀਫ਼ ਦੇ ਹਵਾਲੇ ਨਾਲ ਕਿਹਾ, ‘‘ਮੈਂ (ਭਾਰਤ ਵਿਰੁੱਧ) ਹਮਲਾਵਰ ਰੁਖ਼ ਅਪਣਾਉਣ ਦੇ ਹੱਕ ਵਿੱਚ ਨਹੀਂ ਹਾਂ।’’ ਐਕਸਪ੍ਰੈਸ ਟ੍ਰਿਬਿਊਨ ਨੇ ਕਿਹਾ, ‘‘ਨਵਾਜ਼ ਸ਼ਰੀਫ਼ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਲਈ ਲੰਡਨ ਤੋਂ ਪਾਕਿਸਤਾਨ ਵਾਪਸ ਆਏ ਸਨ। ਉਹ ਪਰਦੇ ਪਿੱਛੇ ਕੰਮ ਕਰ ਰਹੇ ਸਨ... ਪਰ ਵੀਰਵਾਰ ਨੂੰ ਨਵਾਜ਼ ਸ਼ਰੀਫ਼ ਦੀ ਐਂਟਰੀ ਦਾ ਮੁੱਖ ਮੰਤਵ ਪਰਦੇ ਪਿਛਲੇੇ ਸੰਪਰਕਾਂ ਨੂੰ ਮਜ਼ਬੂਤ ਕਰਨਾ ਹੈ।’’
ਅਖਬਾਰ ਨੇ ਕਿਹਾ ਕਿ ਨਵਾਜ਼ ਸ਼ਰੀਫ ਨੇ ਭਾਰਤ-ਪਾਕਿ ਤਣਾਅ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਹਾਊਸ ਵਿੱਚ ਸੱਦੀ ਗਈ ਉੱਚ-ਪੱਧਰੀ ਸਿਵਲ-ਫੌਜੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਕਿਉਂਕਿ ਉਨ੍ਹਾਂ ਕੋਲ ਕੋਈ ਸਰਕਾਰੀ ਵਿਭਾਗ ਨਹੀਂ ਹੈ, ਇਸ ਲਈ ਉਹ ਸੱਤਾਧਾਰੀ ਪਾਰਟੀ ਸਰਕਾਰ ਦੇ ਮੁਖੀ ਦੀ ਹੈਸੀਅਤ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਏ। 1999 ਦੇ ਕਾਰਗਿਲ ਯੁੱਧ ਦੌਰਾਨ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਸਨ। -ਪੀਟੀਆਈ