ਸ਼ਹਿਨਾਜ਼ ਗਿੱਲ ਵੱਲੋਂ ‘ਨਵਾਂ ਸਫ਼ਰ’ ਸ਼ੁਰੂ
ਮੁੰਬਈ: ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਐਲਾਨ ਕੀਤਾ ਕਿ ਉਸ ਨੇ ਆਪਣੀ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਸ ਨੇ ਇਸ ਨੂੰ ‘ਨਵਾਂ ਸਫ਼ਰ’ ਕਰਾਰ ਦਿੱਤਾ ਹੈ। ਸ਼ਹਿਨਾਜ਼ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਸਵੀਰ ਵਿੱਚ ਫ਼ਿਲਮ ਦਾ ਕਲੈਪਬੋਰਡ ਹੱਥ ਵਿੱਚ ਫੜੀ ਨਜ਼ਰ ਆ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਅਮਰਜੀਤ ਸਾਰੋਂ ਨੇ ਕੀਤਾ ਹੈ। ਇੱਕ ਹੋਰ ਤਸਵੀਰ ਵਿੱਚ ਅਦਾਕਾਰਾ ਆਪਣੀ ਟੀਮ ਨਾਲ ਸ਼ੂਟਿੰਗ ਤੋਂ ਪਹਿਲਾਂ ਸੈੱਟ ’ਤੇ ਪੂਜਾ ਕਰਦੀ ਦਿਖਾਈ ਦੇ ਰਹੀ ਹੈ। ਉਸ ਨੇ ਲਿਖਿਆ, ‘‘ਅੱਜ ਤੋਂ ਨਵਾਂ ਸਫ਼ਰ ਸ਼ੁਰੂ। ਮੈਨੂੰ ਇਹ ਦੱਸਦਿਆਂ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਅੱਜ ਤੋਂ ਆਪਣੀ ਡਰੀਮ ਟੀਮ ਨਾਲ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਾਂ।’’ ਹਾਲਾਂਕਿ, ਫ਼ਿਲਮ ਦੇ ਨਾਮ ਬਾਰੇ ਨਹੀਂ ਦੱਸਿਆ ਗਿਆ। ਅਮਰਜੀਤ ਸਾਰੋਂ ਇਸ ਤੋਂ ਪਹਿਲਾਂ ‘ਹੌਸਲਾ ਰੱਖ’, ‘ਸੌਂਕਣ ਸੌਂਕਣੇ’ ‘ਕਾਲਾ ਸ਼ਾਹ ਕਾਲਾ’, ‘ਝੱਲੇ’, ‘ਬਾਬੇ ਭੰਗੜਾ ਪਾਉਂਦੇ ਨੇ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਸ਼ਹਿਨਾਜ਼ ਹਾਲ ਹੀ ਵਿੱਚ ‘ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ’ ਫਿਲਮ ਦੇ ‘ਸੱਜਨਾ ਵੇ ਸੱਜਨਾ’ ਟਰੈਕ ਦੇ ਮਾਡਰਨ ਵਰਜ਼ਨ ਵਿੱਚ ਨਜ਼ਰ ਆਈ ਸੀ। ਇਹ ਗਾਣਾ ਸਾਲ 2003 ਵਿੱਚ ਆਈ ਕਰੀਨਾ ਕਪੂਰ ਖਾਨ ਤੇ ਰਾਹੁਲ ਬੋਸ ਦੀ ਭੂਮਿਕਾ ਵਾਲੀ ਫ਼ਿਲਮ ‘ਚਮੇਲੀ’ ਤੋਂ ਲਿਆ ਗਿਆ ਸੀ। ਸ਼ਹਿਨਾਜ਼ ਗਿੱਲ ਨੂੰ ‘ਬਿੱਗ ਬੌਸ 13’ ਮਗਰੋਂ ਕਾਫ਼ੀ ਪ੍ਰਸਿੱਧੀ ਮਿਲੀ ਹੈ। -ਆਈਏਐੱਨਐੱਸ