ਨਵਜੋਤ ਸਾਹਿਤ ਸੰਸਥਾ ਨੇ ਸਾਲਾਨਾ ਪੁਰਸਕਾਰ ਐਲਾਨੇ
ਨਿੱਜੀ ਪੱਤਰ ਪ੍ਰੇਰਕ
ਨਵਾਂ ਸ਼ਹਿਰ, 24 ਨਵੰਬਰ
ਨਵਜੋਤ ਸਾਹਿਤ ਸੰਸਥਾ ਔੜ ਦਾ ਸਾਲਾਨਾ ਸਥਾਪਨਾ ਸਮਾਗਮ 8 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਦਿੱਤੇ ਜਾਣ ਵਾਲੇ ਪੰਜ ਨਵਜੋਤ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਹਰਮੀਤ ਵਿਦਿਆਰਥੀ (ਕਾਵਿ ਖੇਤਰ), ਡਾ. ਕੇਵਲ ਰਾਮ (ਖੋਜ ਖੇਤਰ), ਸਿਮਰਨ ਸਿੰਮੀ (ਸਮਾਜਿਕ ਖੇਤਰ) ਗੁਰਪ੍ਰੀਤ ਸਿੰਘ (ਪੱਤਰਕਾਰੀ) ਅਤੇ ਲੈਕਚਰਾਰ ਰਾਜ ਰਾਣੀ (ਅਧਿਆਪਨ) ਸ਼ਾਮਲ ਹਨ। ਇਸ ਸਬੰਧੀ ਸੰਸਥਾ ਦੇ ਅਹੁਦੇਦਾਰਾਂ ਦੀ ਮੀਟਿੰਗ ਦੌਰਾਨ ਪ੍ਰਧਾਨ ਗੁਰਨੇਕ ਸ਼ੇਰ ਨੇ ਦੱਸਿਆ ਕਿ ਇਹ ਸਮਾਗਮ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਮਾਜ ਸੇਵੀ ਹਰਜੀਤ ਕੌਰ ਹੂਸੇਨਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਤੇ ਔੜ ਦੇ ਸਰਪੰਚ ਕਮਲਜੀਤ ਸਿੰਘ ਸ਼ਾਮਲ ਹੋਣਗੇ। ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸੰਸਥਾ ਦੇ ਮੋਢੀ ਮੈਂਬਰਾਂ ਵਿੱਚ ਸ਼ਾਮਲ ਸਤਪਾਲ ਸਾਹਲੋਂ, ਚਮਨ ਮੱਲਪੁਰੀ, ਪਿਆਰਾ ਲਾਲ ਬੰਗੜ, ਬਿੰਦਰ ਮੱਲ੍ਹਾਬੇਦੀਆਂ ਅਤੇ ਸੁਰਿੰਦਰ ਭਾਰਤੀ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੇ ਆਰੰਭ ਵਿੱਚ ਅੰਤਰ-ਕਾਲਜ ਕਾਵਿ ਉਚਾਰਨ ਮੁਕਾਬਲਾ ਵੀ ਕਰਵਾਇਆ ਜਾਵੇਗਾ। ਮੀਟਿੰਗ ਮੌਕੇ ਰਜਨੀ ਸ਼ਰਮਾ, ਦਵਿੰਦਰ ਸਕੋਹਪੁਰੀ, ਹਰੀ ਕਿਸ਼ਨ ਪਟਵਾਰੀ ਤੇ ਵਿਨੈ ਸ਼ਰਮਾ ਵੀ ਹਾਜ਼ਰ ਸਨ।