ਨਵੀਂ ਮੁੰਬਈ: ਪਤਨੀ ਦੀ ਹੱਤਿਆ ਦਾ ਮੁਲਜ਼ਮ 33 ਸਾਲ ਬਾਅਦ ਗ੍ਰਿਫ਼ਤਾਰ
ਠਾਣੇ, 24 ਦਸੰਬਰ
ਨਵੀ ਮੁੰਬਈ ਪੁਲੀਸ ਨੇ ਪਤਨੀ ਦੀ ਹੱਤਿਆ ਦੇ ਦੋਸ਼ ਹੇਠ 33 ਸਾਲਾਂ ਤੋਂ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਬਾਬੂ ਗੁਡਗੀਰਾਮ ਕਾਲੇ (70) ਨੂੰ ਐਤਵਾਰ ਨੂੰ ਮੁੰਬਈ ਦੇ ਮੁਲੁੰਡ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ, ਜਿੱਥੇ ਉਹ ਮਜ਼ਦੂਰੀ ਸੀ ਅਤੇ ਰੋਜ਼ੀ-ਰੋਟੀ ਲਈ ਫੁੱਲ ਵੇਚਦਾ ਸੀ। ਪਨਵੇਲ ਟਾਊਨ ਥਾਣੇ ਦੇ ਸੀਨੀਅਰ ਇੰਸਪੈਕਟਰ ਨਿਤਿਨ ਠਾਕਰੇ ਨੇ ਦੱਸਿਆ ਕਿ ਮਾਮਲਾ 28 ਜਨਵਰੀ 1991 ਦਾ ਹੈ, ਜਦੋਂ ਕਾਲੇ ਨੇ ਨਵੀਂ ਮੁੰਬਈ ਦੇ ਪਨਵੇਲ ਇਲਾਕੇ ਵਿੱਚ ਸਥਿਤ ਘਰ ’ਚ ਕਥਿਤ ਤੌਰ ’ਤੇ ਆਪਣੀ ਪਤਨੀ ’ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਸੀ। ਗੰਭੀਰ ਰੂਪ ਨਾਲ ਝੁਲਸੀ ਔਰਤ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਾਲੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਅਤੇ ਸਥਾਨਕ ਅਦਾਲਤ ਨੇ ਉਸ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਕਾਲੇ ਗ੍ਰਿਫਤਾਰੀ ਤੋਂ ਬਚਦਾ ਤਿੰਨ ਦਹਾਕਿਆਂ ਤੱਕ ਲੁਕਦਾ ਰਿਹਾ। ਅੰਤ ਐਤਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਥਾਨਕ ਅਦਾਲਤ ਨੇ ਉਸ ਨੂੰ 3 ਜਨਵਰੀ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। -ਪੀਟੀਆਈ