ਨਵਦੀਪ ਦੀ ਜ਼ਮਾਨਤ ਨਹੀਂ ਕਰਾਵਾਂਗੇ: ਜੈ ਸਿੰਘ ਜਲਬੇੜਾ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 3 ਅਪਰੈਲ
ਵਾਟਰ ਕੈਨਨ ਬੁਆਏ ਨਵਦੀਪ ਸਿੰਘ ਜਲਬੇੜਾ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਪਿਤਾ ਕਿਸਾਨ ਆਗੂ ਜੈ ਸਿੰਘ ਜਲਬੇੜਾ ਨੇ ਅੱਜ ਇੱਥੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਜ਼ਮਾਨਤ ਨਹੀਂ ਕਰਵਾਉਣਗੇ। ਉਨ੍ਹਾਂ ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਨਵਦੀਪ 40 ਕਿੱਲਿਆਂ ਦਾ ਮਾਲਕ ਹੈ ਅਤੇ ਇੱਕ ਕਿੱਲੇ ਦੀ ਕੀਮਤ ਇੱਕ ਕਰੋੜ ਰੁਪਏ ਹੈ। ਜੈ ਸਿੰਘ ਨੇ ਕਿਹਾ ਕਿ ਉਹ ਨਵਦੀਪ ਸਿੰਘ ਦੀ ਜ਼ਮਾਨਤ ਨਹੀਂ ਕਰਵਾਉਣਗੇ। ਭਾਵੇਂ ਨਵਦੀਪ ਨੂੰ ਸਾਰੀ ਉਮਰ ਜੇਲ੍ਹ ਵਿੱਚ ਰਹਿਣਾ ਪਵੇ। ਉਨ੍ਹਾਂ ਕਿਹਾ, ‘‘ਜੇਕਰ ਉਸ ਨੇ ਬਰੀ ਹੋਣਾ ਹੈ ਤਾਂ ਬਿਨਾਂ ਕਿਸੇ ਜ਼ਮਾਨਤ ਦੇ ਬਰੀ ਹੋਣਾ ਹੈ। ਇਹ ਸਰਕਾਰ ਸੋਚ ਲਵੇ ਕਿ ਨਵਦੀਪ ਨੂੰ ਕਦ ਤੱਕ ਜੇਲ੍ਹ ਵਿੱਚ ਰੱਖਣਾ ਹੈ।’’ ਵਿਦੇਸ਼ ਫੰਡਿੰਗ ਸਬੰਧੀ ਗੱਲਬਾਤ ਕਰਦਿਆਂ ਜੈ ਸਿੰਘ ਨੇ ਕਿਹਾ, ‘‘ਜਿੱਥੋਂ ਤੱਕ ਫੰਡਿੰਗ ਦੀ ਗੱਲ ਹੈ, ਨਵਦੀਪ 40 ਕਿੱਲਿਆਂ ਦਾ ਮਾਲਕ ਹੈ। ਜੇ ਕਿਸੇ ਦੀ ਗਲਤਫਹਿਮੀ ਹੋਵੇ ਕੱਢ ਲਵੇ, ਇਕ ਕਿੱਲੇ ਦੀ ਕੀਮਤ ਇਕ ਕਰੋੜ ਹੈ। ਨਾ ਕਿਸੇ ਤੋਂ ਫੰਡਿੰਗ ਕਰਾਈ ਹੈ ਅਤੇ ਨਾ ਹੀ ਕਦੇ ਕਰਵਾਂਗੇ। ਨਾ ਕਦੇ ਇਕ ਰੁਪਈਆ ਖਾਤੇ ਵਿੱਚ ਆਇਆ ਹੈ ਅਤੇ ਨਾ ਹੀ ਕਦੇ ਆਵੇਗਾ। ਉਹ ਤਾਂ ਸੇਵਾਦਾਰ ਹੈ।’’
ਜੈ ਸਿੰਘ ਨੇ ਕਿਹਾ ਕਿ ਨਵਦੀਪ ਨੇ ਪਤਾ ਨਹੀਂ ਕੀ ਜ਼ੁਲਮ ਕੀਤਾ ਹੈ ਕਿ ਪੁਲੀਸ ਨੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਲਿਆ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਨਵਦੀਪ ਨੇ ਕਿਸ ’ਤੇ ਕਾਤਲਾਨਾ ਹਮਲਾ ਕੀਤਾ ਹੈ ਅਤੇ ਕਿਸ ਨਾਲ ਸਨੈਚਿੰਗ ਕੀਤੀ ਹੈ? ਉਨ੍ਹਾਂ ਕਿਹਾ ਕਿ ਜੇਕਰ ਨਵਦੀਪ ਦੋਸ਼ੀ ਹੈ ਤਾਂ ਸਰਕਾਰ ਸਖ਼ਤ ਸਜ਼ਾ ਦੇਵੇ ਅਤੇ ਜੇ ਉਹ ਦੋਸ਼ੀ ਨਹੀਂ ਹੈ ਤਾਂ ਸਰਕਾਰ ’ਤੇ ਵੀ ਉਹੀ ਕਾਰਵਾਈ ਹੋਵੇ ਜੋ ਆਮ ਲੋਕਾਂ ਖ਼ਿਲਾਫ਼ ਹੁੰਦੀ ਹੈ।