ਨਵਦੀਪ ਨੂੰ ਇੱਕ ਕੇਸ ਵਿੱਚ ਜ਼ਮਾਨਤ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਜੁਲਾਈ
ਸਾਲ 2020 ਕਿਸਾਨ ਅੰਦੋਲਨ ਦੇ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ (29) ਨੂੰ 15 ਫਰਵਰੀ ਨੂੰ ਥਾਣਾ ਸਦਰ ਅੰਬਾਲਾ ਵਿੱਚ ਦਰਜ ਕੇਸ ਵਿਚ ਜ਼ਮਾਨਤ ਮਿਲ ਗਈ ਹੈ ਜਦਕਿ ਇਸੇ ਕੇਸ ਵਿੱਚ ਨਵਦੀਪ ਦੇ ਸਾਥੀ ਗੁਰਕੀਰਤ ਸਿੰਘ ਸ਼ਾਹਪੁਰ (26) ਨੂੰ 10 ਜੂਨ ਨੂੰ ਜ਼ਮਾਨਤ ਮਿਲ ਗਈ ਸੀ। ਉਸ ਸਮੇਂ ਨਵਦੀਪ ਦੀ ਜ਼ਮਾਨਤ ਅਰਜ਼ੀ ਨਾਮਨਜ਼ੂਰ ਹੋ ਗਈ ਸੀ। ਉਂਝ ਥਾਣਾ ਸਦਰ ਵਿੱਚ ਦਰਜ ਇਕ ਹੋਰ ਕੇਸ ਵਿਚ ਨਵਦੀਪ ਨੂੰ ਅਜੇ ਜੇਲ੍ਹ ਵਿੱਚ ਰਹਿਣਾ ਪਵੇਗਾ। ਸੀਆਈਏ-1 ਨੇ ਨਵਦੀਪ ਅਤੇ ਗੁਰਕੀਰਤ ਦੋਹਾਂ ਨੂੰ ਸ਼ਹੀਦ ਭਗਤ ਸਿੰਘ ਏਅਰਪੋਰਟ ਮੁਹਾਲੀ ਨੇੜਿਓਂ 28 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ।
ਬਚਾਅ ਪੱਖ ਦੇ ਵਕੀਲ ਰੋਹਿਤ ਜੈਨ ਨੇ ਦੱਸਿਆ ਕਿ 15 ਫਰਵਰੀ ਨੂੰ ਦਰਜ ਐਫਆਈਆਰ 43 ਦੇ ਮਾਮਲੇ ਵਿਚ ਏਡੀਜੇ ਕੋਰਟ ਵਿਚ ਬੀਤੇ ਦਿਨ ਸੁਣਵਾਈ ਹੋਈ। ਇਸ ਕੇਸ ਵਿੱਚ ਧਾਰਾ 307 ਦੇ ਨਾਲ ਹੋਰ ਧਾਰਾਵਾਂ ਲਾ ਕੇ ਨਵਦੀਪ ਅਤੇ ਹੋਰ ਕਿਸਾਨ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮਾਮਲੇ ਵਿਚ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਨਹੀਂ ਬਣਦੀ। ਇਸ ਦਾ ਕੋਈ ਮੈਡੀਕਲ ਸਬੂਤ ਨਹੀਂ ਹੈ। ਕਥਿਤ ਘਟਨਾ ਸਥਾਨ ’ਤੇ ਪੁਲੀਸ ਨੇ ਕਈ ਕੈਮਰੇ ਅਤੇ ਡਰੋਨ ਕੈਮਰੇ ਲਾਏ ਹੋਏ ਹਨ ਜਿਨ੍ਹਾਂ ਰਾਹੀਂ ਹਰੇਕ ਸਰਗਰਮੀ ਰਿਕਾਰਡ ਕੀਤੀ ਗਈ ਹੈ। ਦੂਜੇ ਪਾਸੇ ਪੁਲੀਸ ਵੱਲੋਂ ਜ਼ਮਾਨਤ ਦਾ ਵਿਰੋਧ ਕੀਤਾ ਗਿਆ ਅਤੇ ਅਦਾਲਤ ਨੂੰ ਦੱਸਿਆ ਗਿਆ ਕਿ ਨਵਦੀਪ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਭੜਕਾਉਣ ਦਾ ਆਦੀ ਹੈ। ਇਸ ਲਈ ਜ਼ਮਾਨਤ ਮਨਜ਼ੂਰ ਨਾ ਕੀਤੀ ਜਾਵੇ।