For the best experience, open
https://m.punjabitribuneonline.com
on your mobile browser.
Advertisement

ਜਲ ਸੈਨਾ ਦੀ ਤਾਕਤ

08:10 AM Feb 16, 2024 IST
ਜਲ ਸੈਨਾ ਦੀ ਤਾਕਤ
Advertisement

ਭਾਰਤ ਨੇ ਆਪਣੀ ਸਭ ਤੋਂ ਵੱਡੀ ਬਹੁ-ਧਿਰੀ ਜਲ ਸੈਨਾ ਮਸ਼ਕ ‘ਮਿਲਨ 2024’ ਦੀ ਤਿਆਰੀ ਕਰ ਲਈ ਹੈ। ਦੋ ਸਾਲਾਂ ਬਾਅਦ ਹੋਣ ਵਾਲੀ ਇਹ ਕਵਾਇਦ ਕੌਮਾਂਤਰੀ ਜਹਾਜ਼ਰਾਨੀ ਦੇ ਖੇਤਰ ਵਿਚ ਸਹਿਯੋਗ ਦੀ ਮਿਸਾਲ ਹੈ। ਇਸ ਦੀ ਸ਼ੁਰੂਆਤ 1995 ਵਿਚ ਹੋਈ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਮੋਹਰੀ ਜਲ ਸੈਨਾ ਕਵਾਇਦ ਦਾ ਰੂਪ ਧਾਰ ਚੁੱਕੀ ਹੈ ਜਿਸ ਤੋਂ ਭਾਰਤ ਦੀ ਜਹਾਜ਼ਰਾਨੀ ਤਾਕਤ ਅਤੇ ਆਲਮੀ ਸੁਰੱਖਿਆ ਪ੍ਰਤੀ ਵਚਨਬੱਧਤਾ ਦਾ ਸੰਦੇਸ਼ ਜਾਂਦਾ ਹੈ। ਇਸ ਮਸ਼ਕ ਵਿਚ 50 ਤੋਂ ਵੱਧ ਦੇਸ਼ ਹਿੱਸਾ ਲੈਣਗੇ ਜਿਨ੍ਹਾਂ ਵਿਚ ਅਮਰੀਕਾ, ਜਪਾਨ, ਆਸਟਰੇਲੀਆ ਅਤੇ ਫਰਾਂਸ ਜਿਹੀਆਂ ਵੱਡੀਆਂ ਜਹਾਜ਼ਰਾਨੀ ਤਾਕਤਾਂ ਵੀ ਸ਼ਾਮਲ ਹਨ। ‘ਮਿਲਨ 2024’ ਜਹਾਜ਼ਰਾਨੀ ਚੁਣੌਤੀਆਂ ਨੂੰ ਮੁਖ਼ਾਤਬ ਹੋਣ ਦਾ ਵੱਡਾ ਪ੍ਰਮਾਣ ਹੈ। ਜਿਸ ਤਰ੍ਹਾਂ ਪਿੱਛੇ ਜਿਹੇ ਲਾਲ ਸਾਗਰ, ਅਦਨ ਦੀ ਖਾੜੀ ਅਤੇ ਅਰਬ ਸਾਗਰ ਜਿਹੇ ਪ੍ਰਮੁੱਖ ਜਲ ਮਾਰਗਾਂ ਵਿਚ ਹੂਤੀ ਵਿਦਰੋਹੀਆਂ ਅਤੇ ਸੋਮਾਲਿਆਈ ਧਾੜਵੀਆਂ ਨੇ ਹਮਲੇ ਕੀਤੇ ਹਨ, ਜਿਸ ਦੇ ਮੱਦੇਨਜ਼ਰ ਭੂ-ਰਾਜਨੀਤਕ ਧਰਾਤਲ ਕਾਫ਼ੀ ਜਟਿਲ ਹੋ ਗਿਆ ਹੈ ਤਾਂ ਭਰੋਸੇਮੰਦ ਸੁਰੱਖਿਆ ਭਾਗੀਦਾਰ ਅਤੇ ਜਹਾਜ਼ਰਾਨੀ ਸੁਰੱਖਿਆ ਦੇ ਪੈਰੋਕਾਰ ਵਜੋਂ ਭਾਰਤ ਦੀ ਭੂਮਿਕਾ ਦੀ ਕਾਫ਼ੀ ਤਾਰੀਫ਼ ਹੋਈ ਹੈ।
ਹਿੰਦ ਮਹਾਸਾਗਰ ਖਿੱਤੇ ਅੰਦਰ ਭਾਰਤੀ ਜਲ ਸੈਨਾ ਦੀ ਸਰਗਰਮੀ ਤੋਂ ਵੀ ਮੋਹਰੀ ਤਾਕਤ ਵਜੋਂ ਇਸ ਦਾ ਉਭਾਰ ਰੇਖਾਂਕਤ ਹੋਇਆ ਹੈ। ਸੰਨ 2022 ਵਿਚ ਭਾਰਤੀ ਨੇਵੀ ਨੇ ਬਹਿਰੀਨ ਆਧਾਰਿਤ ਕੰਬਾਈਂਡ ਮੈਰੀਟਾਈਮ ਫੋਰਸ ਵਿਚ ਹਿੱਸਾ ਲਿਆ ਸੀ ਜੋ ਅਮਰੀਕਾ ਦੀ ਅਗਵਾਈ ਵਾਲਾ ਬਹੁ-ਕੌਮੀ ਜਲ ਸੈਨਾ ਭਾਗੀਦਾਰੀ ਦਾ ਪ੍ਰੋਗਰਾਮ ਹੈ ਜਿਸ ਦਾ ਮਕਸਦ ਹਿੰਦ ਮਹਾਸਾਗਰ ਦੇ ਆਰ-ਪਾਰ ਕੌਮਾਂਤਰੀ ਜਲ ਮਾਰਗਾਂ ਵਿਚ ਸਥਿਰਤਾ ਸਥਾਪਤ ਕਰਨਾ ਸੀ ਅਤੇ ਭਾਰਤ ਨੇ ਹਾਲ ਹੀ ਵਿਚ ਇਸ ਸਮੂਹ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਹੈ। ਭਾਰਤ ਨੇ ਇਸ ਖਿੱਤੇ ਦੇ ਦੇਸ਼ਾਂ ਨੂੰ ਸਮੱਰਥਾ ਵਧਾਉਣ, ਪਲੈਟਫਾਰਮ ਉਸਾਰਨ ਅਤੇ ਸਿਖਲਾਈ ਦੇਣ ਵਿਚ ਸਹਾਇਤਾ ਵੀ ਦਿੱਤੀ ਹੈ। ਇਸ ਤਰ੍ਹਾਂ, ਇਹ ਆਪਣੇ ਆਂਢ-ਗੁਆਂਢ ਵਿਚ ਜਹਾਜ਼ਰਾਨੀ ਸਮਰੱਥਾਵਾਂ ਵਿਚ ਇਜ਼ਾਫ਼ਾ ਕਰਨ ਵਿਚ ਅਹਿਮ ਭਿਆਲ ਬਣ ਕੇ ਉਭਰਿਆ ਹੈ ਜਿਸ ਤੋਂ ਹੰਢਣਸਾਰ ਜਹਾਜ਼ਰਾਨੀ ਵਿਕਾਸ ਨੂੰ ਅਗਾਂਹ ਵਧਾਉਣ ਵਿਚ ਇਸ ਦੀ ਵਚਨਬੱਧਤਾ ਦਾ ਪ੍ਰਗਟਾਵਾ ਹੁੰਦਾ ਹੈ। ਮੌਰੀਸ਼ਸ, ਸੈਸ਼ਲਜ਼ ਅਤੇ ਸ੍ਰੀਲੰਕਾ ਜਿਹੇ ਮੁਲਕਾਂ ਨੂੰ ਸਮੁੰਦਰੀ ਪੈਟਰੋਲ ਵਾਹਨ, ਤੇਜ਼ ਰਫ਼ਤਾਰ ਯੁੱਧ ਕੌਸ਼ਲ ਆਦਿ ਤੋਹਫ਼ੇ ਦੇਣ ਤੋਂ ਸਾਂਝ ਭਿਆਲੀ ਵਾਲੇ ਜਹਾਜ਼ਰਾਨੀ ਸ਼ਾਸਨ ਪ੍ਰਤੀ ਇਸ ਦੀ ਵਚਨਬੱਧਤਾ ਦਾ ਇਜ਼ਹਾਰ ਹੁੰਦਾ ਹੈ। ਇਸ ਤੋਂ ਇਲਾਵਾ ਸਮੁੰਦਰੀ ਸਰਵੇਖਣਾਂ ਅਤੇ ਸਾਂਝੇ ਵਿਸ਼ੇਸ਼ ਆਰਥਿਕ ਜ਼ੋਨਾਂ ਦੀ ਨਿਗਰਾਨੀ ਦੇ ਪੱਖਾਂ ਤੋਂ ਵੀ ਭਾਰਤ ਮੋਹਰੀ ਯੋਗਦਾਨ ਦੇ ਰਿਹਾ ਹੈ।
‘ਮਿਲਨ 2024’ ਭਾਗੀਦਾਰ ਮੁਲਕਾਂ ਦਰਮਿਆਨ ਆਪਸੀ ਵਿਸ਼ਵਾਸ ਪੈਦਾ ਕਰਨ ਅਤੇ ਜਲ ਮਸ਼ਕਾਂ ਦੀ ਆਪਸੀ ਸਾਂਝ ਵਧਾਉਣ ਦਾ ਮੰਚ ਵੀ ਮੁਹੱਈਆ ਕਰਾਉਂਦਾ ਹੈ। ਨੇਮ ਆਧਾਰਿਤ ਜਹਾਜ਼ਰਾਨੀ ਨਿਜ਼ਾਮ ਨੂੰ ਹੁਲਾਰਾ ਦੇ ਕੇ ਭਾਰਤ ਸੁਰੱਖਿਅਤ ਸਮੁੰਦਰੀ ਮਾਹੌਲ ਯਕੀਨੀ ਬਣਾਉਣ ਦਾ ਯਤਨ ਕਰਦਾ ਹੈ ਜੋ ਆਲਮੀ ਸਥਿਰਤਾ ਅਤੇ ਖੁਸ਼ਹਾਲੀ ਲਈ ਬਹੁਤ ਅਹਿਮੀਅਤ ਰੱਖਦਾ ਹੈ। ਇਸ ਪ੍ਰਸੰਗ ਵਿਚ ਭਾਰਤ ਦੀ ਭੂਮਿਕਾ ਬੇਹੱਦ ਅਹਿਮ ਰਹੀ ਹੈ ਅਤੇ ਪਿਛਲੇ ਸਮੇਂ ਦੌਰਾਨ ਭਾਰਤ ਦੀ ਖ਼ਾਸ ਪਹੁੰਚ ਬਾਰੇ ਚਰਚਾ ਕੌਮਾਂਤਰੀ ਪੱਧਰ ’ਤੇ ਵੀ ਹੋਈ ਹੈ।

Advertisement

Advertisement
Advertisement
Author Image

sukhwinder singh

View all posts

Advertisement