ਨੌਸਰਬਾਜ਼ਾਂ ਨੇ ਫੋਨ ਰਾਹੀਂ ਦੋ ਲੱਖ ਦੀ ਠੱਗੀ ਮਾਰੀ
ਪੱਤਰ ਪ੍ਰੇਰਕ
ਬੋਹਾ, 18 ਮਾਰਚ
ਬੋਹਾ ਖੇਤਰ ਵਿੱਚ ਫੋਨ ’ਤੇ ਵਿਸ਼ਵਾਸ ਵਿਚ ਲੈ ਕੇ ਠੱਗੀਆਂ ਮਾਰਨ ਦਾ ਸਿਲਸਲਾ ਲਗਾਤਾਰ ਜਾਰੀ। ਨੌਸਰਬਾਜ਼ਾਂ ਵੱਲੋਂ ਕਸਬੇ ਦੇ ਵਾਰਡ ਨੰਬਰ ਦਸ ਦੇ ਵਸਨੀਕ ਕੇਵਲ ਕ੍ਰਿਸ਼ਨ ਪੁੱਤਰ ਦੇਸ ਰਾਜ ਨਾਲ ਨੂੰ ਆਪਣੀ ਠੱਗੀ ਦਾ ਨਵਾਂ ਸ਼ਿਕਾਰ ਬਣਾਇਆ ਗਿਆ ਹੈ। ਠੱਗੀ ਦਾ ਸ਼ਿਕਾਰ ਹੋਏ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਦੇ ਵਟਸਐਪ ਤੇ ਕਿਸੇ ਬਾਹਰਲੇ ਨੰਬਰ ਤੋਂ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਕੈਨੇਡਾ ਤੋਂ ਉਨ੍ਹਾਂ ਦੇ ਗੁਆਂਢੀਆਂ ਦਾ ਮੁੰਡਾ ਅਕਾਸ਼ ਬੋਲ ਰਿਹਾ ਹੈ। ਉਸ ਨੇ ਕਿਹਾ ਉਹ ਕੁਝ ਪੈਸੇ ਆਪਣੇ ਭਰਾ ਦੇ ਵਿਆਹ ਲਈ ਜਮ੍ਹਾਂ ਕਰ ਕੇ ਰੱਖਣਾ ਚਾਹੁੰਦਾ ਹੈ ਜੋ ਲੋੜ ਪੈਣ ’ਤੇ ਵਾਪਸ ਲੈ ਲਵੇਗਾ, ਇਸ ਲਈ ਉਸ ਬੈਂਕ ਦਾ ਖਾਤਾ ਨੰਬਰ ਮੰਗਿਆ ਸੀ। ਕੇਵਲ ਕ੍ਰਿਸ਼ਨ ਨੇ ਬੈਂਕ ਖਾਤਾ ਨੰਬਰ ਦੇ ਦਿੱਤਾ ਤਾਂ ਫੋਨ ਕਰਨ ਵਾਲੇ ਨੇ ਉਸ ਵਿੱਚ ਰਕਮ ਪਾਉਣ ਦੀ ਸੂਚਨਾ ਭੇਜ ਦਿੱਤੀ। ਦੋ ਘੰਟੇ ਬਾਅਦ ਉਸ ਦਾ ਫੋਨ ਆ ਗਿਆ ਕਿ ਉਸ ਦੇ ਭੇਜੇ ਗਏ ਪੈਸੇ ਭਲਕੇ ਤੱਕ ਖਾਤੇ ਵਿਚ ਆ ਜਾਣਗੇ। ਇਸ ਮਗਰੋਂ ਉਸ ਆਪਣੇ ਦੋਸਤ ਦੇ ਬਿਮਾਰ ਹੋਣ ਦੀ ਗੱਲ ਆਖ ਕੇ ਦੋ ਲੱਖ ਰੁਪਏ ਮੰਗੇ ਸਨ। ਕੇਵਲ ਕ੍ਰਿਸ਼ਨ ਨੇ ਆਪਣੀ ਡਾਕਖਾਨੇ ਦੀ ਐਫਡੀ ਤੁੜਵਾ ਕੇ ਦੋ ਲੱਖ ਰੁਪਏ ਉਸ ਵੱਲੋਂ ਦੱਸੇ ਬੈਂਕ ਖਾਤੇ ਵਿੱਚ ਪਾ ਦਿੱਤੇ ਗਏ। ਉਨ੍ਹਾਂ ਨੂੰ ਇਸ ਠੱਗੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਕੁਝ ਸਮੇਂ ਬਾਅਦ ਉਹ ਫੋਨ ਨੰਬਰ ਬੰਦ ਆਉਣ ਲੱਗ ਪਿਆ।