ਨੌਸਰਬਾਜ਼ ਨੇ ਫੋਨ ਰਾਹੀਂ ਸਤਾਰਾਂ ਹਜ਼ਾਰ ਰੁਪਏ ਦੀ ਠੱਗੀ ਮਾਰੀ
ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 14 ਅਗਸਤ
ਪਿੰਡ ਕੰਸਾਲਾ ਦੇ ਵਸਨੀਕ ਜਸਵੰਤ ਸਿੰਘ ਉਰਫ ਗਾਂਧੀ ਕਿਸੇ ਅਣਜਾਣ ਵਿਅਕਤੀ ਵੱਲੋਂ 10 ਅਗਸਤ 2024 ਨੂੰ ਸ਼ਾਮ ਵੇਲੇ ਮੋਬਾਈਲ ਨੰਬਰ-93659-43618 ਤੋਂ ਆਏ ਇਕ ਫੋਨ ਰਾਹੀਂ 17,000 ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਜਸਵੰਤ ਸਿੰਘ ਉਰਫ ਗਾਂਧੀ ਨੇ ਦੱਸਿਆ ਕਿ ਉਸ ਨੂੰ ਕਿਸੇ ਅਣਜਾਣ ਵਿਅਕਤੀ ਮਨੋਜ ਸ਼ਰਮਾ ਦਾ ਫੋਨ ਆਇਆ ਸੀ ਕਿ ਉਸ ਦੇ ਖਾਤੇ ਵਿੱਚ ਗਲਤੀ ਨਾਲ ਉਸ ਵੱਲੋਂ 30ਹਜ਼ਾਰ ਰੁਪਏ ਟਰਾਂਸਫਰ ਹੋ ਗਏ ਹਨ, ਜਿਸ ਦਾ ਉਸ ਠੱਗ ਨੇ ਵ੍ਹਟਸਐਪ ਉੱਤੇ ਮੈਸੇਜ ਵੀ ਪਾ ਦਿੱਤਾ। ਉਕਤ ਠੱਗ ਨੇ ਜਸਵੰਤ ਸਿੰਘ ਨੂੰ ਆਪਣੇ ਬੈਂਕ ਖਾਤੇ ਵਿੱਚੋਂ 17,000 ਰੁਪਏ ਵਾਪਸ ਕਰਨ ਵਾਸਤੇ ਗੂਗਲ ਪੇਅ ਕਰਨ ਲਈ ਕਿਹਾ। ਜਸਵੰਤ ਸਿੰਘ ਨੇ ਆਪਣਾ ਖਾਤਾ ਚੈੱਕ ਕਰਨ ਤੋਂ ਪਹਿਲਾਂ ਹੀ ਉਸ ਠੱਗ ਨੂੰ 17,000 ਰੁਪਏ ਆਪਣੇ ਫੋਨ ਤੋਂ ਗੂਗਲ ਪੇਅ ਕਰ ਦਿੱਤੇ। ਜਦੋਂ ਬਾਅਦ ਵਿੱਚ ਜਸਵੰਤ ਸਿੰਘ ਨੇ ਆਪਣਾ ਬੈਂਕ ਖਾਤਾ ਚੈੱਕ ਕੀਤਾ ਤਾਂ ਉਸ ਵਿੱਚੋਂ 30,000 ਰੁਪਏ ਆਉਣ ਦਾ ਕੋਈ ਮੈਸੇਜ ਨਹੀਂ ਆਇਆ ਸੀ ਪਰ ਉਸ ਦੇ ਖਾਤੇ ਵਿੱਚੋਂ 17,000 ਰੁਪਏ ਨਿਕਲਣ ਦਾ ਮੈੈਸੇਜ ਜਰੂਰ ਆਇਆ ਹੋਇਆ ਸੀ। ਜਸਵੰਤ ਸਿੰਘ ਨੇ ਆਪਣੇ ਨਾਲ ਉਕਤ ਨੌਸਰਬਾਜ਼ ਵੱਲੋਂ ਕੀਤੀ ਇਸ ਠੱਗੀ ਬਾਰੇ ਤੁਰੰਤ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ 24 ਘੰਟਿਆਂ ਅੰਦਰ ਸਾਈਬਰ ਕ੍ਰਾਈਮ ਮੁਹਾਲੀ ਤੋਂ ਕੁੱਝ ਨਾ ਕੁੱਝ ਮਸਲਾ ਹੋਣ ਬਾਰੇ ਕਿਹਾ ਪਰ ਘਟਨਾ ਨੂੰ ਕਰੀਬ 72 ਘੰਟਿਆਂ ਤੋਂ ਵੀ ਵੱਧ ਸਮਾਂ ਬੀਤਣ ਦੇ ਬਾਵਜੂਦ ਮਸਲਾ ਹੱਲ ਨਹੀਂ ਹੋਇਆ। ਜਸਵੰਤ ਸਿੰਘ ਨੇ ਸਾਈਬਰ ਕ੍ਰਾਈਮ ਦੇ ਅਧਿਕਾਰੀਆਂ ਕੋਲੋਂ ਠੱਗਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।