For the best experience, open
https://m.punjabitribuneonline.com
on your mobile browser.
Advertisement

ਸ਼ਰਾਰਤੀ ਵਿੱਕੀ

09:53 AM Feb 24, 2024 IST
ਸ਼ਰਾਰਤੀ ਵਿੱਕੀ
Advertisement

ਹਰੀ ਕ੍ਰਿਸ਼ਨ ਮਾਇਰ

Advertisement

ਸਾਡੇ ਸਕੂਲ ਦੇ ਵਿਦਿਆਰਥੀ ਦਸ ਦਿਨਾਂ ਦੇ ਟੂਰ ’ਤੇ ਸੋਲਨ ਆਏ ਹੋਏ ਸਨ। ਸੋਲਨ ਤੋਂ ਥੋੜ੍ਹੀ ਦੂਰ ਇੱਕ ਯੂਨੀਵਰਸਿਟੀ ਸੀ, ਜਿੱਥੇ ਫੁੱਲ ਪੌਦਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਸੀ। ਸਾਡੇ ਨਾਲ ਦੋ ਅਧਿਆਪਕ ਵੀ ਆਏ ਹੋਏ ਸਨ। ਪਹਾੜਾਂ ਵਿੱਚ ਘੁੰਮਣ ਫਿਰਨ ਦਾ ਸਾਨੂੰ ਸਾਰਿਆਂ ਨੂੰ ਬੜਾ ਚਾਅ ਸੀ। ਅਸੀਂ ਜਿਉਂ ਹੀ ਬੱਸ ਤੋਂ ਉਤਰੇ, ਪਹਿਲਾਂ ਅਧਿਆਪਕਾਂ ਨੇ ਸਾਡੀ ਹਾਜ਼ਰੀ ਲਗਾਈ। ਫਿਰ ਅਸੀਂ ਇੱਕ ਵੱਡੇ ਹਾਲ ਵਿੱਚ ਇਕੱਠੇ ਹੋ ਗਏ। ਰਾਜਨ ਅਤੇ ਬਲਵੰਤ ਸਰ ਨੇ ਪਹਾੜਾਂ ਵਿੱਚ ਘੁੰਮਣ ਸਮੇਂ ਸਾਨੂੰ ਕੁਝ ਸਾਵਧਾਨੀਆਂ ਚੇਤੇ ਰੱਖਣ ਸਬੰਧੀ ਹਦਾਇਤਾਂ ਕਰਨੀਆਂ ਸਨ।
ਰਾਜਨ ਸਰ ਨੇ ਗੱਲ ਸ਼ੁਰੂ ਕੀਤੀ: ਜੰਗਲੀ ਜਾਨਵਰਾਂ ਤੋਂ ਬੜਾ ਸੁਚੇਤ ਰਹਿਣਾ ਪੈਂਦਾ ਹੈ। ਬਾਂਦਰ ਇੱਥੇ ਆਮ ਹਨ। ਯੂਨੀਵਰਸਿਟੀ ਫ਼ਲਦਾਰ ਰੁੱਖਾਂ ਨਾਲ ਭਰੀ ਹੋਈ ਹੈ। ਜਿੱਥੇ ਵੀ ਜਾਓ, ਕਾਪੀ ਪੈੱਨ ਨਾਲ ਲੈ ਕੇ ਜਾਓ। ਪੌਦੇ ਦਾ ਨਾਂ, ਫ਼ਲ ਦਾ ਨਾਂ, ਦੇਸੀ ਨਾਂ, ਵਿਗਿਆਨਕ ਨਾਂ, ਸਭ ਕੁਝ ਕਾਪੀ ’ਤੇ ਲਿਖੀ ਜਾਓ। ਨਵੇਂ ਗਿਆਨ ਦੇ ਦਰ ਖੁੱਲ੍ਹਣਗੇ।
‘‘ਸਾਨੂੰ ਇਹ ਦਿਖਾਓਗੇ ਸਰ?’’ ਇੱਕ ਬੱਚੇ ਨੇ ਪੁੱਛਿਆ।
‘‘ਆਪਾਂ ਇੱਥੇ ਇਸੇ ਲਈ ਆਏ ਹਾਂ। ਇੱਥੇ ਦਵਾਈਆਂ ਵਾਲੇ ਪੌਦੇ: ਅਦਰਕ, ਹਲਦੀ, ਐਲੋਵੇਰਾ, ਤੁਲਸੀ, ਅਸ਼ਵਗੰਧਾ, ਹਰੜ, ਬਹੇੜਾ, ਮੁਲੱਠੀ, ਰਸੌਂਤ, ਸੁਹਾਂਜਣਾ, ਜੂਫਾ, ਬਨਖਸ਼ਾਂ ਤੇ ਹੋਰ ਬਹੁਤ ਸਾਰੇ ਪੌਦੇ ਹਨ।’’ ਅਧਿਆਪਕ ਇੱਕੋ ਸਾਹੇ ਬੋਲ ਗਿਆ।
‘‘ਮੇਰੀ ਦਾਦੀ, ਮੈਨੂੰ ਕਬਜ਼ ਹੋਣ ’ਤੇ ‘ਹਰੜ ਦੀ ਫੱਕੀ’ ਦਿੰਦੀ ਹੁੰਦੀ ਆ।’’ ਗੀਤੂ ਬੋਲਿਆ।
‘‘ਰੋਗਾਂ ਲਈ ਰਾਮਬਾਣ ਹੁੰਦੀਆਂ ਨੇ ਇਹ ਦਵਾਈਆਂ।’’ ਅਧਿਆਪਕ ਨੇ ਗੀਤੂ ਦੀ ਗੱਲ ਦੀ ਪ੍ਰੋੜਤਾ ਕੀਤੀ।
‘‘ਢਿੱਡ ਦੁੱਖੇ ਜਵੈਣ, ਬਦਹਜ਼ਮੀ ’ਤੇ ਪੁਦੀਨਾ, ਜ਼ੁਕਾਮ ’ਤੇ ਤੁਲਸੀ ਦੇ ਪੱਤਿਆਂ ਵਾਲੀ ਚਾਹ, ਜ਼ਖ਼ਮ ’ਤੇ ਨਿੰਮ ਦੇ ਪੱਤੇ, ਅੱਖ ਦੁਖੇ ਤਾਂ ਰਸੌਂਤ।’’ ਅਧਿਆਪਕ ਕਈ ਘਰੇਲੂ ਨੁਸਖ਼ੇ ਦੱਸ ਗਿਆ ਸੀ।
‘‘ਜਦੋਂ ਪੌਦੇ ਦੇਖਾਂਗੇ ਮੈਂ ਨਾਲ ਨਾਲ ਹਰੇਕ ਪੌਦੇ ਬਾਰੇ ਦੱਸੀ ਜਾਵਾਂਗਾ ਤੁਹਾਨੂੰ।’’ ਅਧਿਆਪਕ ਨੇ ਅੱਗੇ ਕਿਹਾ। ਸਾਵਧਾਨੀਆਂ ਬਾਰੇ ਉਸ ਨੇ ਗੱਲਬਾਤ ਅੱਗੇ ਤੋਰੀ, ‘‘ਬੱਚਿਓ ਬਾਂਦਰ ਬੜੇ ਚੁਸਤ ਹੁੰਦੇ ਹਨ, ਦਿਨ ਭਰ ਰੁੱਖਾਂ ਦੇ ਟਾਹਣਿਆਂ ਵਿੱਚ ਲੁਕ ਕੇ ਕੀਵੀ ਅਤੇ ਚੈਰੀ ਦੇ ਖੇਤਾਂ ਵੱਲ ਦੇਖਦੇ ਰਹਿੰਦੇ ਹਨ ਕਿ ਕਿਵੇਂ ਮਾਲਕ ਕੰਡਿਆਲੀ ਵਾੜ ਕਰਦੇ ਹਨ, ਡੰਗੇ ਲਾਉਂਦੇ ਹਨ। ਰੋਕਾਂ ਖੜ੍ਹੀਆਂ ਕਰਦੇ ਹਨ?’’
‘‘ਸਰ ਕੀਵੀ ਦਾ ਫ਼ਲ ਕਿਹੋ ਜਿਹਾ ਹੁੰਦਾ ਹੈ?’’ ਇੱਕ ਬੱਚੇ ਨੇ ਪੁੱਛਿਆ।
‘‘ਭੂਰਾ ਜਿਹਾ, ਆਂਡੇ ਤੋਂ ਥੋੜ੍ਹਾ ਵੱਡਾ ਹੁੰਦਾ ਹੈ। ਲੂੰਈ ਜਿਹੀ ਹੁੰਦੀ ਆ, ਇਸ ’ਤੇ। ਕਹਿੰਦੇ ਰੋਗੀਆਂ ’ਚ ਜਾਨ ਪਾ ਦਿੰਦਾ ਇਹ।’’ ਅਧਿਆਪਕ ਨੇ ਦੱਸਿਆ।
‘‘ਰਾਤ ਨੂੰ ਬਾਂਦਰ ਟੋਲੀਆਂ ਬਣਾ ਕੇ ਕੀਵੀ ਅਤੇ ਚੈਰੀ ਦੇ ਖੇਤਾਂ ’ਤੇ ਹੱਲਾ ਬੋਲਦੇ ਹਨ। ਡੰਗੇ ਪੁੱਟ ਸੁੱਟਦੇ ਹਨ। ਕੰਡੇ ਪਰੇ ਵਗਾਹ ਮਾਰਦੇ ਹਨ। ਰੱਜ ਕੇ ਫ਼ਲ ਖਾਂਦੇ ਹਨ। ਉਜਾੜਾ ਵੀ ਕਰਦੇ ਹਨ।’’ ਅਧਿਆਪਕ ਨੇ ਬਾਂਦਰਾਂ ਦਾ ਇੱਕ ਰੌਚਕ ਕਿੱਸਾ ਸੁਣਾਇਆ।
‘‘ਕਹਿੰਦੇ ਬਾਂਦਰ ਸਾਡੇ ਵੱਡ ਵਡੇਰੇ ਹੁੰਦੇ ਹਨ। ਇਨ੍ਹਾਂ ਦਾ ਦਿਮਾਗ਼ ਵੀ ਸਾਡੇ ਜਿੰਨਾ ਹੀ ਹੁੰਦਾ ਹੈ।’’ ਬਾਰ੍ਹਵੀਂ ਦੇ ਇੱਕ ਵਿਦਿਆਰਥੀ ਨੇ ਕਿਹਾ।
‘‘ਪਰ ਇਹ ਆਪਣਾ ਸਾਰਾ ਦਿਮਾਗ਼ ਸ਼ਰਾਰਤਾਂ ਕਰਨ ’ਤੇ ਲਗਾ ਦਿੰਦੇ ਹਨ।’’ ਇੱਕ ਹੋਰ ਬੋਲਿਆ।
‘‘ਸ਼ਰਾਰਤ ਤਾਂ ਤੁਸੀਂ ਵੀ ਘੱਟ ਨਹੀਂ ਕਰਦੇ।’’ ਅਧਿਆਪਕ ਨੇ ਸਾਡੇ ਵੱਲ ਦੇਖਦਿਆਂ ਕਿਹਾ।
‘‘ਉਹ ਕਿਵੇਂ ਸਰ?’’ ਗੀਤੂ ਨੇ ਪੁੱਛਿਆ।
‘‘ਛੁੱਟੀ ਲੈਣ ਖਾਤਰ, ਤੁਸੀਂ ਵੀ ਆਪਣੀ ਮਾਂ ਨੂੰ, ਪਿਤਾ ਨੂੰ ਬਿਮਾਰ ਕਹਿ ਦਿੰਦੇ ਹੋ। ਜਦ ਕਿ ਅਸਲ ਵਿੱਚ ਉਹ ਤੰਦਰੁਸਤ ਹੁੰਦੇ ਹਨ।’’ ਬੱਚੇ ਹੱਸ ਪਏ।
‘‘ਇੱਕ ਹੋਰ ਗੱਲ ਚੇਤੇ ਰੱਖਿਓ ਬਾਂਦਰ ਦੇ ਕਦੀ ਰੋੜਾ ਵਗਾਹ ਕੇ ਨਹੀਂ ਮਾਰਨਾ। ਤੁਹਾਨੂੰ ਬਾਂਦਰਾਂ ਦੀਆਂ ਖਰ...ਰਰ...ਰਰ...ਰ...ਰ...ਰ ਦੀਆਂ ਆਵਾਜ਼ਾਂ ਬੜੀਆਂ ਸੁਣਨਗੀਆਂ, ਤੁਸੀਂ ਉਸ ਦੀ ਨਕਲ ਨਹੀਂ ਲਗਾਉਣੀ। ਬਾਂਦਰਾਂ ਦੀਆਂ ਆਵਾਜ਼ਾਂ ਨਹੀਂ ਕੱਢਣੀਆਂ।’’ ਅਧਿਆਪਕ ਨੇ ਅੱਗੇ ਕਿਹਾ।
‘‘ਸਰ ਆਵਾਜ਼ਾਂ ਕੱਢਣ ਨਾਲ ਕੀ ਹੁੰਦਾ?’’ ਗੀਤੂ ਨੇ ਪੁੱਛਿਆ।
‘‘ਖੇਤਾਂ ਵਾਲੇ ਨੇੜੇ ਝਾੜੀਆਂ ਮਲ੍ਹਿਆਂ ਵਿੱਚ ਇੱਟਾਂ ਪੱਥਰ ਲੈ ਕੇ ਲੁਕੇ ਹੁੰਦੇ ਹਨ। ਉਹ ਆਵਾਜ਼ਾਂ ਤੋਂ ਅੰਦਾਜ਼ਾ ਲਗਾ ਲੈਂਦੇ ਹਨ ਕਿ ਬਾਂਦਰ ਉਨ੍ਹਾਂ ਦੇ ਖੇਤਾਂ ਵਿੱਚ ਆ ਵੜੇ ਹਨ। ਉਹ ਪੱਥਰਾਂ ਰੋੜਿਆਂ ਦਾ ਮੀਂਹ ਵਰ੍ਹਾ ਦਿੰਦੇ ਹਨ। ਬਾਂਦਰ ਜ਼ਖ਼ਮੀ ਹੋ ਕੇ ਦੌੜ ਜਾਂਦੇ ਹਨ।’’ ਰਾਜਨ ਸਰ ਨੇ ਬੱਚਿਆਂ ਨੂੰ ਸੁਚੇਤ ਕੀਤਾ।
‘‘ਕੋਈ ਘਾਹ ਦਾ ਤੀਲ੍ਹਾ ਤੋੜ ਕੇ ਮੂੰਹ ਵਿੱਚ ਨਾ ਪਾਵੇ। ਇੱਥੇ ਇੱਕ ਬਿੱਛੂ ਬੂਟੀ ਹੁੰਦੀ ਹੈ। ਇੱਥੇ ਲੋਕ ਇਸ ਨੂੰ ਗਾਚਣੀ ਜਾਂ ਕੌਂਚ ਫਲੀ ਵੀ ਕਹਿੰਦੇ ਹਨ। ਇੱਕ ਵੇਲ ਨੂੰ ਫ਼ਲੀਆਂ ਦੇ ਗੁੱਛੇ ਲੱਗਦੇ ਹਨ। ਫ਼ਲੀ ’ਤੇ ਵਾਲਾਂ ਵਰਗੇ ਕੰਡੇ ਹੁੰਦੇ ਹਨ। ਕੰਡੇ ਸਰੀਰ ’ਤੇ ਚਿਪਕ ਜਾਣ ਤਾਂ ਧੱਫੜ ਪਾ ਦਿੰਦੇ ਹਨ। ਤੜਫ਼ਾ ਦੇਣਗੇ ਪਰ ਲੱਥਣਗੇ ਨਹੀਂ।’’
ਬੱਚੇ ਰਾਜਨ ਸਰ ਦੀਆਂ ਗੱਲਾਂ ਤੋਂ ਭੈਅਭੀਤ ਹੋ ਗਏ ਸਨ। ਦੋ ਟੋਲੀਆਂ ਵਿੱਚ ਅਸੀਂ ਯੂਨੀਵਰਸਿਟੀ ਅੰਦਰ ਫ਼ਲ, ਫੁੱਲ ਤੇ ਸਬਜ਼ੀਆਂ ਦੇ ਨਿੱਕੇ ਨਿੱਕੇ ਖੇਤ ਦੇਖਣ ਤੁਰ ਪਏ। ਅਧਿਆਪਕ ਸਾਡੇ ਨਾਲ ਸਨ। ਛੋਟੇ ਛੋਟੇ ਪੌਦਿਆਂ ਨੂੰ ਵੀਹ ਵੀਹ ਸ਼ਿਮਲਾ ਮਿਰਚਾਂ ਲੱਗੀਆਂ ਹੋਈਆਂ ਸਨ, ਟਮਾਟਰ ਵੇਲ ਵਾਂਗ ਕਈ ਫੁੱਟ ਉੱਚੇ ਲਟਕ ਰਹੇ ਸਨ। ਖੀਰੇ ਐਨੇ ਲੰਬੇ ਤੇ ਸਵਾਦੀ ਕਿ ਮੂੰਹੋਂ ਨਾ ਲੱਥਣ। ਛੱਲੀਆਂ ਮਿਠਾਸ ਭਰੀਆਂ।
ਰੁੱਖਾਂ ਦੀਆਂ ਜੜਾਂ ਵਿੱਚ ਉਨ੍ਹਾਂ ਨੂੰ ਲਗਾਉਣ ਵਾਲਿਆਂ ਦੇ ਨਾਵਾਂ ਦੀਆਂ ਤਖ਼ਤੀਆਂ ਲੱਗੀਆਂ ਹੋਈਆਂ ਸਨ। ਤਖ਼ਤੀਆਂ ’ਤੇ ਰੁੱਖ ਲਗਾਉਣ ਦੀਆਂ ਤਰੀਕਾਂ ਵੀ ਲਿਖੀਆਂ ਹੋਈਆਂ ਸਨ। ਅਖਰੋਟ, ਬਦਾਮ, ਲੀਚੀ, ਆਲੂਬੁਖਾਰਾ, ਅਨਾਨਾਸ, ਅਨਾਰ, ਬੱਗੂਗੋਸ਼ੇ ਦੇਖ ਦੇਖ ਸਾਡੇ ਮੂੰਹ ਵਿੱਚ ਪਾਣੀ ਭਰ ਆਇਆ। ਅੰਬ ਦੇ ਛੋਟੇ ਪੌਦਿਆਂ ਨੂੰ ਸੌ ਸੌ ਅੰਬ ਲੱਗੇ ਹੋਏ ਸਨ। ਦਵਾਈਆਂ ਦੇ ਪੌਦੇ ਦੇਖ ਕੇ ਸਾਨੂੰ ਭਰਪੂਰ ਗਿਆਨ ਮਿਲਿਆ। ਪੌਦਿਆਂ ਦੇ ਦੇਸੀ ਅਤੇ ਵਿਗਿਆਨਕ ਨਾਂ ਅਸੀਂ ਕਾਪੀ ’ਤੇ ਨੋਟ ਕਰ ਲਏ ਸਨ।
ਫੁੱਲ ਪੱਤੀਆਂ ’ਤੇ ਤਰੇਲ ਕਿਰਨਾਂ ਦੇ ਦੀਵੇ ਜਗਾਈ ਬੈਠੀ ਸੀ। ਰੁੱਖਾਂ ਓਹਲੇ ਅੰਬਰ ’ਤੇ ਪਈ ਸਤਰੰਗੀ ਪੀਂਘ ਦੇ ਰੰਗ ਹਵਾ ਵਿੱਚ ਬੂੰਦਾਂ ਬਣ ਕੇ ਤੈਰਦੇ, ਚੂੰਗੀਆਂ ਭਰਦੇ ਜੁਗਨੂੰ ਲੱਗਦੇ। ਅਸੀਂ ਘੁੰਮਦੇ ਫਿਰਦੇ ਕਾਫ਼ੀ ਥੱਕ ਗਏ ਸਾਂ। ਰੁੱਖਾਂ ਤੋਂ ਜੋਕਾਂ ਵਰਗੇ ਕੀੜੇ ਧਰਤੀ ’ਤੇ ਡਿੱਗ ਰਹੇ ਸਨ। ਅਧਿਆਪਕਾਂ ਤੋਂ ਅੱਖ ਬਚਾ ਕੇ ਕੁਝ ਮੁੰਡੇ ਪਹਾੜ ਦੇ ਨਾਲ ਨਾਲ ਜਾਂਦੀ ਸੜਕ ’ਤੇ ਨਿਕਲ ਪਏ ਸਨ। ਹਰਿਆਵਲ ਮਨ ਵਿੱਚ ਖੇੜਾ ਭਰ ਰਹੀ ਸੀ। ਬੱਦਲ ਸਾਡੇ ਸਿਰਾਂ ਨੂੰ ਹੱਥ ਲਾਉਂਦੇ ਅਤੇ ਉੱਡ ਜਾਂਦੇ ਸਨ। ਸੂਰਜ ਦੀ ਟਿੱਕੀ ਬੱਦਲਾਂ ਓਹਲੇ ਡੁੱਬਣ ਵਾਲੀ ਹੀ ਸੀ।
ਉਨ੍ਹਾਂ ਮੁੰਡਿਆਂ ਵਿੱਚ ਸ਼ਰਾਰਤੀ ਵਿੱਕੀ ਵੀ ਸੀ। ਅਧਿਆਪਕਾਂ ਦੀਆਂ ਸਾਂਗਾਂ ਲਗਾਉਣੀਆਂ, ਮੰਗਤਿਆਂ, ਸਬਜ਼ੀ ਵੇਚਣ ਵਾਲਿਆਂ ਦੇ ਹੋਕੇ ਦੀਆਂ ਨਕਲਾਂ ਲਾਉਣੀਆਂ ਉਸ ਦੀ ਆਦਤ ਸੀ। ਉਹ ਮੁੰਡੇ ਹੋਰ ਅੱਗੇ ਗਏ ਤਾਂ ਲੱਗੀਆਂ ਬਾਂਦਰਾਂ ਦੀਆਂ ਆਵਾਜ਼ਾਂ ਆਉਣ। ਵਿੱਕੀ ਨੇ ਅਧਿਆਪਕ ਦੀ ਹਦਾਇਤ ਨੂੰ ਭੁੱਲ ਭੁਲਾ ਕੇ ਪਹਿਲਾਂ ਹੌਲੀ ਫੇਰ ਉੱਚੀ ਉੱਚੀ ਬਾਂਦਰਾਂ ਨਾਲ ਮਿਲਦੀਆਂ ਜੁਲਦੀਆਂ ਆਵਾਜ਼ਾਂ ਕੱਢੀਆਂ। ਫੇਰ ਕੀ ਸੀ? ਪੱਥਰ ਵਰ੍ਹਨ ਲੱਗੇ। ਕਿਸੇ ਦੇ ਮੂੰਹ ’ਤੇ, ਕਿਸੇ ਦੀ ਲੱਤ ’ਤੇ, ਕਿਸੇ ਦੇ ਸਿਰ ਵਿੱਚ ਸੱਟਾਂ ਵੱਜੀਆਂ। ਇੱਕ ਤਿੱਖੇ ਪੱਥਰ ਨੇ ਵਿੱਕੀ ਦਾ ਸਿਰ ਵੀ ਜ਼ਖ਼ਮੀ ਕਰ ਦਿੱਤਾ ਸੀ। ਲਹੂ ਲੁਹਾਣ ਵਿੱਕੀ ਨੂੰ ਡਾਕਟਰ ਕੋਲ ਲਿਜਾਣਾ ਪਿਆ ਸੀ। ਪੱਟੀ ਕਰਕੇ ਡਾਕਟਰ ਨੇ ਦਵਾਈ ਦੇ ਦਿੱਤੀ ਸੀ। ਉਸ ਨੇ ਵਿੱਕੀ ਨੂੰ ਆਰਾਮ ਕਰਨ ਲਈ ਕਿਹਾ ਸੀ। ਸਿਰ ਵਿੱਚ ਪੱਥਰ ਵੱਜਣ ਦੀ ਖ਼ਬਰ ਜਦ ਅਧਿਆਪਕਾਂ ਕੋਲ ਪਹੁੰਚੀ ਤਾਂ ਉਹ ਡਾਕਟਰ ਦੀ ਕਲੀਨਿਕ ਵੱਲ ਦੌੜੇ। ਵਿੱਕੀ ਦੇ ਮੱਥੇ ’ਤੇ ਹੱਥ ਰੱਖਦਾ ਰਾਜਨ ਬੋਲਿਆ, ‘‘ਇਹ ਕਿੰਝ ਹੋ ਗਿਆ ਵਿੱਕੀ?’’
‘‘ਸਰ! ਮੈਨੂੰ ਗ਼ਲਤ ਆਦਤ ਲੈ ਬੈਠੀ।’’
‘‘ਗ਼ਲਤ ਆਦਤ?’’
‘‘ਸਰ ਮੈਂ ਬਾਂਦਰਾਂ ਦੀਆਂ ਆਵਾਜ਼ਾਂ ਕੱਢੀਆਂ ਸਨ।’’ ਵਿੱਕੀ ਨੇ ਸਾਫ਼ ਦੱਸ ਦਿੱਤਾ ਸੀ।
‘‘ਤੇ ਸਿਰ ਪੜਵਾ ਕੇ ਐਥੇ ਪਹੁੰਚ ਗਿਆਂ।’’ ਰਾਜਨ ਸਰ ਨੇ ਗੱਲ ਪੂਰੀ ਕਰ ਦਿੱਤੀ।
‘‘ਜੀ ਸਰ।’’ ਵਿੱਕੀ ਨੇ ਹੁੰਗਾਰਾ ਭਰਿਆ।
‘‘ਪਰ ਮੈਂ ਤੁਹਾਨੂੰ ਅਜਿਹਾ ਕਰਨ ਤੋਂ ਰੋਕਿਆ ਸੀ।’’ ਰਾਜਨ ਸਰ ਨੇ ਚੀਕ ਕੇ ਕਿਹਾ।
‘‘ਸਰ! ਮੈਂ ਆਦਤ ਦਾ ਗ਼ੁਲਾਮ ਬਣ ਗਿਆ। ਮੈਨੂੰ ਸ਼ਰਾਰਤ ਵਿੱਚੋਂ ਖ਼ੁਸ਼ੀ ਲੱਭਦੀ ਹੈ।’’
‘‘ਤੈਨੂੰ ਸੱਟ ਲੱਗਣ ’ਤੇ ਵੀ ਕੋਈ ਸਬਕ ਨਹੀਂ ਮਿਲਿਆ?’’
‘‘ਮੈਂ ਸ਼ਰਮਸਾਰ ਹਾਂ।’’
‘‘ਤੇਰੇ ਘਰੇ ਫੋਨ ’ਤੇ ਸਾਰੀ ਗੱਲ ਦੱਸਣੀ ਪਵੇਗੀ।’’
‘‘ਨਾ ਸਰ, ਮੇਰੇ ਮਾਂ-ਬਾਪ ਬੜੇ ਗੁੱਸੇ ਵਾਲੇ ਹਨ, ਉਹ ਤਾਂ ਸਵੇਰ ਹੋਣ ਤੱਕ ਇੱਥੇ ਪਹੁੰਚ ਜਾਣਗੇ। ਮੈਨੂੰ ਵਾਪਸ ਘਰ ਲੈ ਜਾਣਗੇ।’’ ਵਿੱਕੀ ਨੇ ਤਰਲਾ ਕੀਤਾ।
‘‘ਤੂੰ ਮੇਰੀ ਗੱਲ ਨਹੀਂ ਮੰਨੀ। ਮਾਂ-ਬਾਪ ਨੂੰ ਦੱਸਣਾ ਤਾਂ ਫਿਰ ਜ਼ਰੂਰੀ ਹੋ ਜਾਂਦਾ ਹੈ।’’ ਰਾਜਨ ਸਰ ਬੋਲੇ।
ਵਿੱਕੀ ਰੋਣ ਲੱਗ ਪਿਆ। ਬੋਲਿਆ, ‘‘ਬਸ! ਆਖ਼ਰੀ ਵਾਰ ਮੈਨੂੰ ਮੁਆਫ਼ ਕਰ ਦਿਓ ਸਰ।’’
‘‘ਹੁਣ ਤੋਂ ਬਾਅਦ ਤੂੰ ਸਾਰਾ ਦਿਨ ਸਾਡੇ ਨਾਲ ਰਹੇਂਗਾ। ਤੇਰੀ ਕੋਈ ਟੋਲੀ ਨਹੀਂ ਹੈ। ਮੈਂ ਤੇਰੀਆਂ ਸਾਰੀਆਂ ਖੁੱਲ੍ਹਾਂ ’ਤੇ ਪਾਬੰਦੀ ਲਗਾ ਰਿਹਾ ਹਾਂ।’’ ਰਾਜਨ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ।
‘‘ਸਰ! ਮੈਨੂੰ ਮਨਜ਼ੂਰ ਹੈ।’’ ਵਿੱਕੀ ਬੋਲਿਆ।
ਡਾਕਟਰ ਨੂੰ ਮਿਲ ਕੇ ਦਵਾਈਆਂ ਲੈ ਕੇ ਰਾਜਨ ਅਤੇ ਬਲਵੰਤ ਦੋਵੇਂ ਅਧਿਆਪਕ ਵਿੱਕੀ ਨੂੰ ਨਾਲ ਲੈ ਕੇ ਰੈਸਟ ਹਾਊਸ ਆਏ ਸਨ, ਜਿੱਥੇ ਅਸੀਂ ਠਹਿਰੇ ਹੋਏ ਸਾਂ। ਵਿੱਕੀ ਨੂੰ ਸਹਾਰਾ ਦੇ ਕੇ ਬਾਕੀ ਮੁੰਡਿਆਂ ਨੇ ਨਾਲ ਤੋਰ ਲਿਆ ਸੀ। ਹੋਰ ਜਿਨ੍ਹਾਂ ਦੇ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਸਨ, ਆਪਣੀਆਂ ਚੀਸਾਂ ਅੰਦਰੋਂ ਅੰਦਰ ਪੀ ਗਏ ਸਨ।
ਸੰਪਰਕ: 97806-67686

Advertisement

Advertisement
Author Image

joginder kumar

View all posts

Advertisement