ਨਾਟਿਅਮ ਫੈਸਟੀਵਲ: ਨਾਟਕ ‘ਪਾਤਾਲ ਕਾ ਦੇਵ’ ਨੇ ਦਰਸ਼ਕਾਂ ਨੂੰ ਮੋਹਿਆ
ਪੱਤਰ ਪ੍ਰੇਰਕ
ਬਠਿੰਡਾ, 21 ਨਵੰਬਰ
ਇਥੇ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਸੱਤਵੇਂ ਦਿਨ ਨਾਟਕ ‘ਪਾਤਾਲ ਕਾ ਦੇਵ’ ਦਾ ਮੰਚਨ ਹੋਇਆ ਜੋ ਕਹਾਣੀਕਾਰ ਮੰਟੋ ਦੀ ਜ਼ਿੰਦਗੀ ਅਤੇ ਕਹਾਣੀਆਂ ’ਤੇ ਅਧਾਰਿਤ ਸੀ। ਐੱਨਐੱਸਡੀ ਦੇ ਕਲਾਕਾਰ ਰਜਿੰਦਰ ਸਿੰਘ ਦੇ ਨਿਰਦੇਸ਼ਨ ਖੇਡੇ ਇਸ ਨਾਟਕ ਵਿੱਚ ਦਰਸਾਇਆ ਗਿਆ ਕਿ ਕਿਵੇਂ ਮੰਟੋ ਨੇ ਆਪਣੀਆਂ ਕਹਾਣੀਆਂ ਰਾਹੀਂ ਔਰਤਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਅਤੇ ਸਫ਼ੇਦਪੋਸ਼ ਸਮਾਜ ਨੂੰ ਨੰਗਾ ਕੀਤਾ। ਸਰੋਤਿਆਂ ਨੇ ‘ਦਸਤਕ ਥੀਏਟਰ ਅੰਮ੍ਰਿਤਸਰ’ ਦੀ ਟੀਮ ਦੇ ਸਨਮਾਨ ਵਿੱਚ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਅੱਜ ਨਾਟ-ਉਤਸਵ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ਼ਹਿਰੀ ਵਿਕਾਸ ਨਰਿੰਦਰ ਸਿੰਘ ਧਾਲੀਵਾਲ ਪਹੁੰਚੇ। ਵਿਸ਼ੇਸ਼ ਮਹਿਮਾਨ ਵਜੋਂ ਮਿਉਂਸਿਪਲ ਕਾਰਪੋਰੇਸ਼ਨ ਬਠਿੰਡਾ ਐੱਸਈ ਸੰਦੀਪ ਗੁਪਤਾ ਅਤੇ ਸੇਵਾਮੁਕਤ ਐੱਸਡੀਐੱਮ ਗੋਪਾਲ ਸਿੰਘ ਨੇ ਸ਼ਿਰਕਤ ਕੀਤੀ। ਨਰਿੰਦਰ ਸਿੰਘ ਧਾਲ਼ੀਵਾਲ ਨੇ ਪੂਰੀ ਨਾਟਿਅਮ ਟੀਮ ਦੀ ਸ਼ਲਾਘਾ ਕੀਤੀ। ਗੋਪਾਲ ਸਿੰਘ ਨੇ ਕਿਹਾ ਕਿ ਤਕਰੀਬਨ ਤਿੰਨ ਦਹਾਕਿਆਂ ਪਹਿਲਾਂ ਜੈਤੋ ਤੋਂ ਸ਼ੁਰੂ ਹੋਇਆ ਨਾਟਿਅਮ ਗਰੁੱਪ ਅੱਜ ਬੁਲੰਦੀਆਂ ਛੂਹ ਰਿਹਾ ਹੈ।