ਕੁਦਰਤਿ ਹੈ ਕੀਮਤਿ ਨਹੀ ਪਾਇ।।
ਸੁਣਨ ਵਿੱਚ ਆਉਂਦਾ ਹੈ ਕਿ ਪੰਜਾਬ ਵਿੱਚ ਹਰੀ ਕ੍ਰਾਂਤੀ ਤੋਂ ਪਹਿਲਾਂ ਜਾਂ ਇਹ ਕਹਿ ਲਈਏ ਕਿ ਝੋਨੇ ਦੀ ਬਹੁਤਾਤ ਹੋਣ ਤੋਂ ਪਹਿਲਾਂ ਅਨੇਕਾਂ ਵੇਲ-ਪੌਦੇ ਧਰਤੀ ਵਿੱਚੋਂ ਖ਼ੁਦ-ਬ-ਖ਼ੁਦ ਉਪਜਦੇ ਸਨ ਅਤੇ ਉਨ੍ਹਾਂ ਨੂੰ ਬੇਸ਼ੱਕ ਨਦੀਨ ਜਾਂ ਫਾਲਤੂ ਸਮਝਿਆ ਗਿਆ ਹੈ ਪ੍ਰੰਤੂ ਉਹ ਆਪਣੇ ਆਪ ਵਿੱਚ ਔਸ਼ਧੀ ਗੁਣ ਜਾਂ ਹੋਰ ਵਿਸ਼ੇਸ਼ਤਾ ਭਰਪੂਰ ਹੁੰਦੇ ਸਨ। ਉਨ੍ਹਾਂ ਅਨੇਕ ਪੌਦਿਆਂ ਵਿੱਚੋਂ ‘ਰੱਤੀ’ ਵੀ ਵਿਸ਼ੇਸ਼ ਵੇਲਨੁਮਾ ਪੌਦਾ ਹੈ ਜੋ ਅੱਜਕੱਲ੍ਹ ਵੀ ਵੇਖਣ ਨੂੰ ਮਿਲਦਾ ਹੈ ਪਰ ਪਹਿਲਾਂ ਵਾਂਗ ਨਹੀਂ। ਰੱਤੀ, ਰੱਤ ਤੋਂ ਬਣਿਆ, ਰੱਤ ਭਾਵ ਲਹੂ ਵਾਂਗ ਲਾਲ। ਦਰਅਸਲ, ਰੱਤੀ ਦੇ ਬੀਜ ਜੋ ਛੋਟੀ ਗੋਲੀ ਜਾਂ ਕਹਿ ਲਈਏ ਕਿ ਮੋਤੀ ਵਰਗੀ ਦਿੱਖ ਸਦਕਾ ਲਾਲ-ਕਾਲੇ ਚਮਕੀਲੇ ਹੋਣ ਕਰਕੇ ਇਨਸਾਨ ਨੂੰ ਦੂਰੋਂ ਆਕਰਸ਼ਿਤ ਕਰਦੇ ਹਨ।
ਫਲੀਦਾਰ ਪਰਿਵਾਰ ਵਾਲੇ ਇਸ ਪੌਦੇ ਨੂੰ ਅਨੇਕਾਂ ਨਾਵਾਂ ਜਿਵੇਂ ਕਿ ਰੱਤੀ, ਘੁੰਗਚੀ, ਚਣੌਟੀ, ਮੂੰਗਾ ਮਟਰ, ਮੂੰਗਾ ਮਣਕਾ ਜਾਂ ਗੂੰਜਾ ਆਦਿ ਨਾਲ ਜਾਣਿਆ ਜਾਂਦਾ ਹੈ। ਇਸ ਦਾ ਵਿਗਿਆਨਕ ਨਾਂ ‘ਐਬਰਸ ਪ੍ਰਿਕੇਟੋਰੀਅਸ’ ਹੈ ਅਤੇ ਇਹ ਵਿਸ਼ਵ ਦੇ ਅਨੇਕਾਂ ਦੇਸ਼ਾਂ ਵਿੱਚ ਵੇਖਣ ਨੂੰ ਮਿਲਦਾ ਹੈ। ਪੰਜਾਬ ਨਾਲ ਵੀ ਇਸ ਦਾ ਪੁਰਾਤਨ ਨਾਤਾ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਅਤੇ ਗੁਰੂ ਸਾਹਿਬਾਨ ਨਾਲ ਵੀ ਰੱਤੀ ਦਾ ਜ਼ਿਕਰ ਸੁਣੀਂਦਾ ਹੈ। ਪੁਰਾਤਨ ਵੇਲਿਆਂ ਤੋਂ ਇਸ ਵੇਲਨੁਮਾ ਪੌਦੇ ਦੇ ਬੀਜ ਹੀ ਇਸ ਨੂੰ ਅਹਿਮੀਅਤ ਦਿਵਾਉਂਦੇ ਹਨ। ਦਰਅਸਲ, ਇਸ ਦੇ ਬੀਜ ਬੇਹੱਦ ਜ਼ਹਿਰੀਲੇ ਹੁੰਦੇ ਹਨ ਅਤੇ ਇਸ ਦੇ ਬੀਜ ਪੁਰਾਤਨ ਸਮਿਆਂ ਤੋਂ ਮਾਪ-ਤੋਲ/ਵਜ਼ਨ ਦੀ ਅਹਿਮ ਇਕਾਈ ਵਜੋਂ ਵਰਤੇ ਜਾਂਦੇ ਰਹੇ ਹਨ। ਸੋਨਾ, ਚਾਂਦੀ, ਅਨੇਕਾਂ ਅਹਿਮ ਧਾਤਾਂ, ਨਗ, ਦੇਸੀ ਦਵਾਈਆਂ ਨੂੰ ਰੱਤੀਆਂ ਦੇ ਹਿਸਾਬ ਨਾਲ ਹੀ ਤੋਲਿਆ ਜਾਂਦਾ ਸੀ। ਸੁਨਿਆਰੇ/ਸਰਾਫ਼ ਸਦੀਆਂ ਪਹਿਲਾਂ ਤੋਲ ਕਰਨ ਲਈ ਰੱਤੀ ਦੇ ਬੀਜਾਂ ਨੂੰ ਹੀ ਮਾਪਦੰਡ ਵਰਤਦੇ ਰਹੇ ਹਨ। ਤੋਲਣ ਤੋਂ ਇਲਾਵਾ ਪੁਰਾਣੇ ਸੁਨਿਆਰ ਨਾਜ਼ੁਕ ਗਹਿਣਿਆਂ ਨੂੰ ਟਾਂਕੇ ਲਾਉਣ ਸਮੇਂ ਰੱਤੀਆਂ ਦੇ ਬਹੁਤ ਬਾਰੀਕ ਧੂੜੇ ਨੂੰ ਟਾਂਕੇ ਨੂੰ ਪੱਕਾ ਕਰਨ ਹਿੱਤ ਸੀਮਿੰਟ ਦੀ ਤਰ੍ਹਾਂ ਵਰਤਦੇ ਰਹੇ ਹਨ। ਔਰਤਾਂ ਰੱਤੀਆਂ ਨੂੰ ਵਾਲਾਂ ਵਿੱਚ ਟੰਗਣ ਅਤੇ ਪਹੁੰਚੀਆਂ, ਹਾਰ ਅਤੇ ਮਾਲਾਵਾਂ ਆਦਿ ਬਣਾਉਣ ਵਿੱਚ ਖ਼ੂਬ ਵਰਤਦੀਆਂ ਸਨ।
ਰੱਤੀ ਨੂੰ ਫੁੱਲ ਜ਼ਿਆਦਾਤਰ ਬਰਸਾਤ ਰੁੱਤ ਵਿੱਚ ਨਜ਼ਰ ਆਉਂਦੇ ਹਨ ਜਿਨ੍ਹਾਂ ਵਿੱਚ ਹਲਕੀ ਮਹਿਕ ਹੁੰਦੀ ਹੈ ਅਤੇ ਫੁੱਲਾਂ ਦਾ ਰੰਗ ਹਲਕਾ ਗੁਲਾਬੀ ਪੀਲੀ ਭਾਹ ਵਾਲਾ ਹੁੰਦਾ ਹੈ ਜੋ ਗੁੱਛਿਆਂ ਵਿੱਚ ਲਗਦੇ ਹਨ। ਇਸ ਦੇ ਪੱਤੇ ਖੰਭਨੁਮਾ ਹੁੰਦੇ ਹਨ ਅਤੇ ਬੀਜ ਮਟਰਾਂ ਵਰਗੀਆਂ ਫਲੀਆਂ ਵਿੱਚ ਜੜੇ ਨਜ਼ਰ ਆਉਂਦੇ ਹਨ ਜੋ ਪੱਕ ਕੇ ਆਪਣੇ ਆਪ ਖੁੱਲ੍ਹ ਜਾਂਦੀਆਂ ਹਨ। ਬੀਜ ਸਫ਼ੈਦ ਰੰਗ ਜਾਂ ਫਿਰ ਲਾਲਰੰਗ ਵਿੱਚ ਹੁੰਦੇ ਹਨ ਜਿਨ੍ਹਾਂ ਦਾ ਉੱਪਰਲਾ ਭਾਗ ਕਾਲਾ ਹੁੰਦਾ ਹੈ। ਲਾਲ-ਕਿਰਮਚੀ ਰੰਗ ਦੇ ਬੀਜ ਚਮਕਦਾਰ ਹੋਣ ਸਦਕਾ ਦੂਰੋਂ ਨਜ਼ਰ ਪੈਂਦੇ ਹਨ। ਬੀਜ ਵਿੱਚ ਜ਼ਹਿਰੀਲਾ ਪਦਾਰਥ ‘ਐਬਰਿਨ’ ਹੁੰਦਾ ਹੈ। ਸ਼ਾਇਦ ਇਸ ਦੇ ਜ਼ਹਿਰੀਲੇ ਗੁਣਾਂ ਕਰਕੇ ਪੁਰਾਣੇ ਸਮਿਆਂ ਵਿੱਚ ਇਸ ਨੂੰ ਘਰ ਵਿੱਚ ਰੱਖਣਾ ਬਦਸ਼ਗਨੀ/ਕਲੇਸ਼ ਦਾ ਕਾਰਨ ਮੰਨਿਆ ਜਾਂਦਾ ਸੀ। ਆਯੁਰਵੈਦਿਕ ਪ੍ਰਣਾਲੀ ਵਿੱਚ ਰੱਤੀ ਨੂੰ ਵਿਸ਼ੇਸ਼ ਸਥਾਨ ਹਾਸਿਲ ਹੈ। ਜੇਕਰ ਇਹ ਜ਼ਹਿਰੀਲਾ ਪੌਦਾ ਹੈ ਤਾਂ ਇਸ ਦੇ ਔਸ਼ਧੀ ਗੁਣ ਬਹੁਤ ਜ਼ਿਆਦਾ ਹਨ। ਪੁਰਾਤਨ ਸਮਿਆਂ ਤੋਂ ਵੈਦ ਇਸ ਦੇ ਬੀਜਾਂ ਜਾਂ ਹੋਰਨਾਂ ਹਿੱਸਿਆਂ ਤੋਂ ਬੁਖਾਰ, ਠੰਢ, ਸੁੱਕੀ ਖੰਘ, ਪੇਟ ਦੇ ਕੀੜੇ, ਗਠੀਏ, ਫੁਲਵਹਿਰੀ, ਅਧਰੰਗ, ਦਿਮਾਗ਼ੀ ਬਿਮਾਰੀਆਂ, ਅੱਖਾਂ ਦੇ ਰੋਗ, ਗਠੀਏ, ਗੁਪਤ ਰੋਗ, ਚਮੜੀ ਰੋਗ, ਚਿਹਰੇ ਦੇ ਦਾਗ, ਦਸਤ ਆਦਿ ਮਨੁੱਖੀ ਬਿਮਾਰੀਆਂ ਦੇ ਇਲਾਜ ਲਈ ਨੁਸਖੇ ਤਿਆਰ ਕਰਦੇ ਸਨ। ਪੁਰਾਣੀਆਂ ਔਰਤਾਂ ਇਸ ਦੇ ਬੀਜਾਂ ਨੂੰ ਗਰਭ ਰੋਧਕ ਵਜੋਂ ਵੀ ਵਰਤ ਲੈਂਦੀਆਂ ਸਨ। ਪੁਰਾਣੇ ਵੈਦ ਰੱਤੀ ਤੋਂ ਕੁੱਤੇ ਦੇ ਕੱਟਣ, ਬਿੱਲੀ ਦੇ ਦੰਦ ਚੁਭਣ, ਚੂਹੇ ਦੇ ਕੱਟਣ, ਸੱਪ ਲੜਨ ਆਦਿ ਦੇ ਇਲਾਜ ਲਈ ਖ਼ਾਸ ਨੁਸਖ਼ੇ ਤਿਆਰ ਕਰਦੇ ਸਨ। ਇਸ ਦੇ ਜ਼ਹਿਰੀ ਗੁਣਾਂ ਨੂੰ ਸ਼ਿਕਾਰੀ ਆਪਣੇ ਉਪਯੋਗ ਵਿੱਚ ਲਿਆਉਂਦੇ ਸਨ। ਕੁੱਲ ਮਿਲਾ ਕੇ ਰੱਤੀ ਬੇਹੱਦ ਜ਼ਹਿਰੀਲਾ ਪੌਦਾ ਵੀ ਹੈ ਅਤੇ ਬੇਹੱਦ ਗੁਣਕਾਰੀ ਵੀ ਪ੍ਰੰਤੂ ਇਸ ਦਾ ਉਪਯੋਗ ਕਿਸੇ ਆਯੁਰਵੈਦਿਕ ਗਿਆਤਾ ਤੋਂ ਬਿਨਾਂ ਬਿਲਕੁਲ ਨਹੀਂ ਕਰਨਾ ਚਾਹੀਦਾ।
ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੰਪਰਕ: 98142-39041