ਕੁਦਰਤਿ ਹੈ ਕੀਮਤਿ ਨਹੀ ਪਾਇ।।
ਗੁਣਕਾਰੀ ਤੇ ਪਵਿੱਤਰ ਫ਼ਲ ਵਜੋਂ ਜਾਣੇ ਜਾਂਦੇ ਰੁੱਖ ਬਿੱਲ ਨੂੰ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਬੇਲ, ਬਿੱਲ ਪੱਤਰ, ਗੋਲਡਨ ਐਪਲ, ਸਟੋਨ ਐਪਲ, ਵੁੱਡ ਐਪਲ ਆਦਿ। ਹਿੰਦੂ ਧਰਮ ਵਿੱਚ ਬਿੱਲ ਨੂੰ ਬਹੁਤ ਅਹਿਮ ਰੁੱਖ ਵਜੋਂ ਜਾਣਿਆ ਜਾਂਦਾ ਹੈ। ਸ਼ਿਵਰਾਤਰੀ ਸਮੇਂ ਇਸ ਦੇ ਪੱਤਰ ਸ਼ਿਵ ਜੀ ਮਹਾਰਾਜ ਨੂੰ ਭੇਂਟ ਕੀਤੇ ਜਾਂਦੇ ਹਨ। ਇਸ ਰੁੱਖ ਦਾ ਸਬੰਧ ਜੈਨ ਧਰਮ ਦੇ ਤੇਈਂਵੇ ਤ੍ਰਿਥੰਕਰ ਨਾਲ ਜੁੜਦਾ ਹੈ ਅਤੇ ਬੋਧੀ ਲੋਕ ਵੀ ਬਿੱਲ ਨੂੰ ਬਹੁਤ ਅਹਿਮੀਅਤ ਦਿੰਦੇ ਹਨ। ਪੁਰਾਤਨ ਗ੍ਰੰਥਾਂ ਰਿਗਵੇਦ ਆਦਿ ਵਿੱਚ ਇਸ ਦਾ ਜ਼ਿਕਰ ਹੈ।
ਬਿੱਲ ਦਾ ਰੁੱਖ ਸ੍ਰੀਲੰਕਾ, ਪਾਕਿਸਤਾਨ, ਬੰਗਲਾ ਦੇਸ਼, ਨੇਪਾਲ, ਥਾਈਲੈਂਡ, ਬਰਮਾ ਅਤੇ ਭਾਰਤ ਦੇ ਨੀਮ ਪਹਾੜੀ ਇਲਾਕਿਆਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਖ਼ੂਬ ਦੇਖਣ ਨੂੰ ਮਿਲਦਾ ਹੈ। ਮੱਧ ਭਾਰਤ ਤੱਕ ਇਹ ਜੰਗਲੀ ਰੂਪ ਵਿੱਚ ਵੇਖਿਆ ਜਾਂਦਾ ਸੀ ਜਿਸ ਦੇ ਫ਼ਲ ਛੋਟੇ, ਸਖ਼ਤ ਛਿੱਲ ਅਤੇ ਜ਼ਿਆਦਾ ਬੀਜ ਹੁੰਦੇ ਸਨ। ਇਹ ਰੁੱਖ ਤੇਜ਼ਾਬੀ ਤੇ ਖਾਰੀਆਂ ਜ਼ਮੀਨਾਂ ਵਿੱਚ ਵੀ ਹੋ ਜਾਂਦਾ ਹੈ। ਇਹ ਅੱਤ ਦੀ ਗਰਮੀ ਅਤੇ ਅੱਤ ਦੀ ਸਰਦੀ ਸਹਿਣ ਦੀ ਸਮਰੱਥਾ ਵੀ ਰੱਖਦਾ ਹੈ।
ਬਿੱਲ ਦਰਮਿਆਨੇ ਕੱਦ ਦਾ ਪਤਝੜੀ ਰੁੱਖ ਹੈ ਜੋ ਨਿੰਬੂ ਜਾਤੀ ਨਾਲ ਸਬੰਧਿਤ ਹੈ। ਇਸ ਦੇ ਪੱਤੇ ਤਿੰਨ ਇਕੱਠੇ ਵਿਖਾਈ ਦਿੰਦੇ ਹਨ ਅਤੇ ਕੇਂਦਰੀ ਪੱਤਾ ਆਕਾਰ ਵਿੱਚ ਵੱਡਾ ਹੁੰਦਾ ਹੈ। ਤਣੇ ਉੱਪਰ ਘਸਮੈਲੀ ਤੇ ਖੁਰਦਰੀ ਛਿੱਲ ਮੌਜੂਦ ਹੁੰਦੀ ਹੈ ਜਿਸ ਵਿੱਚੋਂ ਕਈ ਵਾਰ ਗੂੰਦ ਨਿਕਲਦੀ ਨਜ਼ਰ ਆਉਂਦੀ ਹੈ। ਤਿੱਖੇ ਤਿੱਖੇ ਕੰਡੇ ਰੁੱਖ ਦੀ ਖ਼ਾਸ ਪਛਾਣ ਹਨ। ਗਰਮ ਰੁੱਤ ਦੌਰਾਨ ਇਸ ਨੂੰ ਮਈ-ਜੂਨ ਮਹੀਨੇ ਹਰੇ ਚਿੱਟੇ ਰੰਗ ਦੇ ਮਹਿਕਦਾਰ ਫੁੱਲ ਪੈਂਦੇ ਹਨ ਜਿਨ੍ਹਾਂ ਤੋਂ ਤਕਰੀਬਨ ਫ਼ਲ ਪੱਕਣ ਤੱਕ ਸਾਲ ਦਾ ਸਮਾਂ ਲੱਗਦਾ ਹੈ। ਇਸ ਦਾ ਫ਼ਲ ਅੰਦਰੋਂ ਰੇਸ਼ੇਦਾਰ ਹੁੰਦਾ ਹੈ। ਫ਼ਲ ਵਿਚਲੇ ਗੁੱਦੇ ਨੂੰ ਲੋਕ ਵਿਚਾਲਿਓਂ ਕੱਟ ਕੇ ਜਾਂ ਭੰਨ ਕੇ ਨਾਸ਼ਤੇ ਵਿੱਚ ਖਾਣਾ ਵੀ ਪਸੰਦ ਕਰਦੇ ਹਨ। ਇਸ ਦਾ ਗੁੱਦਾ ਮੈਲ ਕਾਟ ਦਾ ਵੀ ਕੰਮ ਕਰਦਾ ਹੈ। ਇਸ ਪੱਕੇ ਫ਼ਲ ਦੇ ਬੀਜਾਂ ਦੁਆਲੇ ਗੂੰਦ ਹੁੰਦੀ ਹੈ ਜਿਸ ਨੂੰ ਘਰੇਲੂ ਕੰਮਾਂ, ਵਾਟਰ ਪਰੂਫਿੰਗ ਕਰਨ ਹਿੱਤ ਚੂਨਾ ਮਿਲਾ ਕੇ ਖੂਹਾਂ ਦੀਆਂ ਕੰਧਾਂ, ਸੀਮਿੰਟ ਵਿੱਚ ਅਤੇ ਪੇਂਟਿੰਗ ਕਰਨ ਵਾਲੇ ਕਲਾਕਾਰ ਰੰਗਾਂ ਵਿੱਚ ਮਿਲਾ ਕੇ ਅਨੇਕਾਂ ਕੰਮ ਲੈਂਦੇ ਹਨ। ਫ਼ਲ ਪੱਕਣ ’ਤੇ ਹਰੇ ਤੋਂ ਪੀਲੇਪਣ, ਗੁੱਦਾ ਗੂੜ੍ਹਾ ਸੰਗਤਰੀ ਮਿਠਾਸ ਤੇ ਖੁਸ਼ਬੋ ਵਾਲਾ ਹੋ ਜਾਂਦਾ ਹੈ। ਬਾਹਰੋਂ ਫ਼ਲ ਪੱਕ ਕੇ ਲੱਕੜ ਰੰਗਾ ਨਜ਼ਰ ਆਉਂਦਾ ਹੈ। ਫ਼ਲ ਦੇ ਛਿਲਕੇ ਵਿੱਚੋਂ ਲਿਮੋਨੀਨ ਨਾਮੀ ਸੁਗੰਧੀ ਤੇਲ ਮਿਲਦਾ ਹੈ।
ਆਯੁਰਵੈਦਿਕ ਪ੍ਰਣਾਲੀ ਅਨੁਸਾਰ ਬਿੱਲ ਬੇਹੱਦ ਗੁਣਕਾਰੀ ਰੁੱਖ ਹੈ ਜਿਸ ਦਾ ਹਰ ਹਿੱਸਾ ਮਨੁੱਖੀ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦਾ ਹੈ। ਫ਼ਲਾਂ ਵਿੱਚ ਵਿਟਾਮਿਨ ਏ, ਸੀ, ਕਾਰਬੋਹਾਈਡ੍ਰੇਟਸ, ਰਾਈਬੋਫਲੇਵਿਨ ਦੀ ਪ੍ਰਾਪਤੀ ਹੁੰਦੀ ਹੈ। ਕੱਚੇ ਫ਼ਲ ਦਸਤ ਰੋਕਣ, ਸਰੀਰ ਵਿੱਚ ਪਾਣੀ ਦੀ ਕਮੀ ਪੂਰੀ ਕਰਨ ਅਤੇ ਕੱਚੇ ਫ਼ਲਾਂ ਦਾ ਕਾੜ੍ਹਾ ਸੌਂਫ/ਅਦਰਕ ਨਾਲ ਮਿਲਾ ਕੇ ਬਵਾਸੀਰ ਰੋਗੀਆਂ ਨੂੰ ਦਿੱਤਾ ਜਾਂਦਾ ਹੈ। ਪੱਕਿਆ ਫ਼ਲ ਕਬਜ਼ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਫ਼ਲ ਦਾ ਗੁੱਦਾ ਚਮੜੀ ਰੋਗ, ਸ਼ੂਗਰ ਦੇ ਮਰੀਜ਼ਾਂ ਅਤੇ ਦਿਲ ਤੇ ਦਿਮਾਗ਼ ਲਈ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਰੁੱਖ ਦੇ ਫੁੱਲਾਂ ਤੋਂ ਅਰਕ ਕੱਢ ਕੇ ਠੰਢੀ ਤਾਸੀਰ ਵਾਲਾ ਸ਼ਰਬਤ ਤਿਆਰ ਕੀਤਾ ਜਾਂਦਾ ਹੈ ਅਤੇ ਮਧੂ ਮੱਖੀਆਂ ਲਈ ਖਾਧ ਖੁਰਾਕ ਵਜੋਂ ਕੰਮ ਆਉਂਦੇ ਹਨ। ਬਿੱਲ ਦੇ ਫ਼ਲਾਂ ਦਾ ਸ਼ਰਬੱਤ ਮਨੁੱਖੀ ਪਾਚਣ ਪ੍ਰਣਾਲੀ ਲਈ ਉੱਤਮ ਮੰਨਿਆ ਗਿਆ ਹੈ। ਇਸ ਦੇ ਪੱਤੇ ਬੁਖਾਰ, ਦਮਾ, ਮੂੰਹ ਦੀ ਦੁਰਗੰਧ ਅਤੇ ਜੈਵਿਕ ਕੀਟਨਾਸ਼ਕ ਵਜੋਂ ਵੀ ਵਰਤੇ ਜਾਂਦੇ ਹਨ। ਇਸ ਦੇ ਸੱਕ ਅਤੇ ਜੜ੍ਹਾਂ ਤੋਂ ਕਾੜ੍ਹਾ ਤਿਆਰ ਕਰਕੇ ਮਲੇਰੀਆ ਅਤੇ ਸਿਰਦਰਦ ਆਦਿ ਠੀਕ ਕਰਨ ਲਈ ਨੁਸਖੇ ਤਿਆਰ ਕੀਤੇ ਜਾਂਦੇ ਹਨ। ਇਸ ਰੁੱਖ ਦੇ ਵੱਖ ਵੱਖ ਭਾਗ ਅਨੇਕਾਂ ਹੋਰ ਮਨੁੱਖੀ ਬਿਮਾਰੀਆਂ ਜਿਵੇਂ ਕਿ ਵਾਲ਼ ਝੜਨ, ਅੱਖਾਂ ਦੇ ਰੋਗ, ਕੰਨਾਂ ਦੇ ਰੋਗ, ਪਿਸ਼ਾਬ ਰੋਗ, ਪੀਲੀਆ ਅਤੇ ਸੱਪ ਕੱਟਣ ਦੇ ਇਲਾਜ ਲਈ ਵਰਤੇ ਜਾਂਦੇ ਹਨ। ਪੁਰਾਣੇ ਵੇਲਿਆਂ ਵਿੱਚ ਕਾਮਵਾਸ਼ਨਾ ਨੂੰ ਸੀਮਤ ਰੱਖਣ ਲਈ ਬਿੱਲ ਤੋਂ ਨੁਸਖੇ ਬਣਦੇ ਸਨ। ਇਹ ਨੁਸਖੇ ਕਿਸੇ ਪੁਰਾਣੇ ਵੈਦ ਜਾਂ ਆਯੁਰਵੈਦ ਮਾਹਿਰ ਦੀ ਸਲਾਹ ਅਨੁਸਾਰ ਹੀ ਅਪਣਾਉਣੇ ਚਾਹੀਦੇ ਹਨ।
ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੰਪਰਕ: 98142-39041