For the best experience, open
https://m.punjabitribuneonline.com
on your mobile browser.
Advertisement

ਕੁਦਰਤਿ ਹੈ ਕੀਮਤਿ ਨਹੀ ਪਾਇ।।

11:12 AM Oct 28, 2023 IST
ਕੁਦਰਤਿ ਹੈ ਕੀਮਤਿ ਨਹੀ ਪਾਇ।।
Advertisement

ਬੜੀ ਪੁਰਾਣੀ ਕਹਾਵਤ ਹੈ ਕਿ ‘ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ’ਚ ਪਤਾ ਲੱਗਦਾ।’ ਪਰ ਅਫ਼ਸੋਸ! ਅੱਜ ਅਸੀਂ ਔਲੇ ਵਰਗੀਆਂ ਕੁਦਰਤੀ ਨਿਆਮਤਾਂ ਤੇ ਸਿਆਣਿਆਂ ਦੀਆਂ ਸਲਾਹਾਂ ਤੋਂ ਦੂਰ ਹੀ ਰਹਿੰਦੇ ਹਾਂ। ਸਿਆਣੇ ਔਲੇ ਨੂੰ ਦੇਵਤਿਆਂ ਦੇ ਫ਼ਲ ਜਾਂ ਅੰਮ੍ਰਿਤ ਫ਼ਲ ਵਜੋਂ ਸੱਦਦੇ ਹਨ। ਆਯੁਰਵੈਦ ਪ੍ਰਣਾਲੀ ਵਿੱਚ ਔਲੇ ਨੂੰ ਅਹਿਮ ਸਥਾਨ ਮਿਲਿਆ ਹੈ। ਇੱਕ ਪੁਰਾਤਨ ਕਹਾਵਤ ਇਹ ਵੀ ਹੈ ‘ਹਰੜ ਬਹੇੜਾ ਆਂਵਲਾ ਤਿੰਨੋਂ ਘਰ ਦੇ ਵੈਦ।’ ਇਨ੍ਹਾਂ ਤਿੰਨਾਂ ਦੇ ਮਿਸ਼ਰਣ ਤੋਂ ਬਣਿਆ ਤ੍ਰਿਫਲਾ ਵਿਸ਼ਵ ਦੇ ਹਰ ਕੋਨੇ ਵਿੱਚ ਪ੍ਰਸਿੱਧ ਹੈ।
ਪਹਿਲਾਂ ਪਹਿਲ ਔਲੇ ਦੇ ਰੁੱਖ ਜੰਗਲੀ ਰੂਪ ਵਿੱਚ ਉੱਗੇ ਮਿਲਦੇ ਸਨ ਜਿਸ ਦਾ ਫ਼ਲ ਛੋਟਾ ਹੁੰਦਾ ਸੀ। ਸਮੇਂ ਦੇ ਚੱਲਦਿਆਂ ਤੇ ਸਾਇੰਸ ਦੀ ਤਰੱਕੀ ਨਾਲ ਹੁਣ ਔਲਾ ਵੱਡੇ ਆਕਾਰ ਦਾ ਕਈ ਵਿਧੀਆਂ ਨਾਲ ਤਿਆਰ ਪੌਦਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਔਲਾ ਜਿਸ ਨੂੰ ਕੁਝ ਲੋਕ ਆਂਵਲੇ ਦੇ ਨਾਂ ਨਾਲ ਵੀ ਸੱਦਦੇ ਹਨ, ਦਾ ਲਗਭਗ ਹਰ ਹਿੱਸਾ, ਭਾਵ ਸੱਕ, ਪੱਤੇ, ਫੁੱਲ, ਫ਼ਲ, ਬੀਜ ਮਨੁੱਖ ਲਈ ਗੁਣਕਾਰੀ ਹੁੰਦੇ ਹਨ। ਇਸ ਦਾ ਤਣਾਂ ਅਨੇਕਾਂ ਰੁੱਖਾਂ ਤੋਂ ਦਿੱਖ ਵਿੱਚ ਵੱਖਰਾ ਚਿਤਰ ਮਿਤਰਾ ਜਿਹਾ ਹੁੰਦਾ ਹੈ। ਇਸ ਰੁੱਖ ਦੇ ਪੱਤੇ ਇਮਲੀ ਵਾਂਗ ਖੰਭ ਨੁਮਾ, ਫਰਨ ਜਿਹੇ ਹੁੰਦੇ ਹਨ ਅਤੇ ਇਸ ਨੂੰ ਪੱਤਝੜੀ ਰੁੱਖ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਸ ਦੇ ਫੁੱਲ ਹਮੇਸ਼ਾਂ ਟਾਹਣੀ ਦੇ ਹੇਠਲੇ ਪਾਸੇ ਲੱਗਦੇ ਹਨ ਜੋ ਆਮ ਤੌਰ ’ਤੇ ਮਾਰਚ-ਅਪਰੈਲ ਮਹੀਨੇ ਵਿਖਾਈ ਦਿੰਦੇ ਹਨ। ਇਹੀ ਫੁੱਲ ਸਮਾਂ ਪਾ ਕੇ ਤਕਰੀਬਨ ਅਕਤੂਬਰ-ਨਵੰਬਰ ਮਹੀਨੇ ਤੋਂ ਰੁੱਖ ਉੱਪਰ ਵਿਖਾਈ ਦੇਣ ਲੱਗਦੇ ਹਨ ਅਤੇ ਢੁੱਕਵਾਂ ਸਮਾਂ ਆਉਣ ’ਤੇ ਤੋੜ ਲਏ ਜਾਂਦੇ ਹਨ। ਫ਼ਲ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਉਸ ਉੱਪਰ ਸਾਨੂੰ ਛੇ ਧਾਰੀਆਂ ਵਿਖਾਈ ਦਿੰਦੀਆਂ ਹਨ ਜੋ ਫਾੜੀਆਂ ਬਣ ਕੇ ਅਲੱਗ ਅਲੱਗ ਹੋ ਜਾਂਦੀਆਂ ਹਨ। ਛੇ ਦਾ ਅੰਕੜਾ ਇਸ ਫ਼ਲ ਲਈ ਬਹੁਤ ਵਿਸ਼ੇਸ਼ ਹੁੰਦਾ ਹੈ ਕਿਉਂਕਿ ਫ਼ਲ ਅੰਦਰਲੀ ਗਿਟਕ ਵੀ ਛੇ ਕੋਨੀ ਹੁੰਦੀ ਹੈ ਅਤੇ ਜੇਕਰ ਉਸ ਨੂੰ ਤੋੜ ਕੇ ਬੀਜ ਕੱਢਦੇ ਹਾਂ ਤਾਂ ਬੀਜਾਂ ਦੀ ਗਿਣਤੀ ਵੀ ਛੇ ਹੀ ਹੁੰਦੀ ਹੈ।
ਔਲੇ ਦੇ ਫ਼ਲ ਅਤੇ ਸੱਕ ਵਿੱਚੋਂ ਰੰਗ ਪ੍ਰਾਪਤੀ ਵੀ ਹੁੰਦੀ ਹੈ ਜਿਸ ਨੂੰ ਪੁਰਾਣੇ ਵੇਲਿਆਂ ਵਿੱਚ ਸਿਆਹੀ ਅਤੇ ਚਮੜੇ ਦੀ ਰੰਗਾਈ ਲਈ ਵਰਤਿਆ ਜਾਂਦਾ ਰਿਹਾ ਹੈ। ਪੰਜਾਬ ਵਿਚਲੀਆਂ ਸ਼ਿਵਾਲਿਕ ਦੀਆਂ ਪਹਾੜੀਆਂ/ਕੰਢੀ ਦੇ ਇਲਾਕੇ ਵਿੱਚ ਔਲੇ ਦੇ ਰੁੱਖ ਖੂਬ ਵੇਖਣ ਨੂੰ ਮਿਲਦੇ ਹਨ। ਇਹ ਰੁੱਖ ਘੱਟ ਉਪਜਾਊ ਅਤੇ ਖਾਰੀਆਂ ਜ਼ਮੀਨਾਂ ਵਿੱਚ ਵੀ ਬਾਖੂਬੀ ਉਗਾਇਆ ਜਾ ਸਕਦਾ ਹੈ। ਔਲੇ ਦੀ ਲੱਕੜ ਪਾਣੀ ਵਿੱਚ ਛੇਤੀ ਖਰਾਬ ਨਹੀਂ ਹੁੰਦੀ। ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਕੁਝ ਤੱਤ ਜਿਵੇਂ ਕਿ ਲੈੱਡ, ਨਿੱਕਲ, ਐਲੂਮੀਨੀਅਮ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਵੀ ਔਲਾ ਸਹਾਈ ਹੁੰਦਾ ਹੈ।
ਔਲੇ ਤੋਂ ਪ੍ਰਾਪਤ ਹੋਣ ਵਾਲੇ ਅਨੇਕਾਂ ਉਤਪਾਦਾਂ ਜਿਵੇਂ ਕਿ ਮੁਰੱਬਾ, ਆਚਾਰ, ਤੇਲ, ਚਟਣੀ, ਕੈਂਡੀ, ਤਾਜ਼ੇ ਫ਼ਲਾਂ ਦਾ ਜੂਸ, ਸ਼ਰਬਤ, ਪਾਊਡਰ ਆਦਿ ਅਨੇਕਾਂ ਮਨੁੱਖੀ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਵਿਟਾਮਨਿ ‘ਸੀ’ ਇਸ ਫ਼ਲ ਵਿੱਚ ਭਰਪੂਰ ਪਾਇਆ ਜਾਂਦਾ ਹੈ ਅਤੇ ਐਂਟੀਆਕਸੀਡੈਂਟ ਹੋਣ ਸਦਕਾ ਮਨੁੱਖ ਨੂੰ ਨਿਰੋਗ ਅਤੇ ਜਵਾਨ ਰੱਖਣ ਵਿੱਚ ਸਹਾਈ ਹੁੰਦਾ ਹੈ। ਇਹ ਮਨੁੱਖ ਦੇ ਦੋ ਅਹਿਮ ਅੰਗਾਂ ਦਿਮਾਗ਼ ਅਤੇ ਦਿਲ ਨੂੰ ਮਜ਼ਬੂਤ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਔਲਾ ਮਨੁੱਖੀ ਸਰੀਰ ਵਿੱਚ ਲਾਲ ਰਕਤਾਣੂਆਂ ਦੀ ਗਿਣਤੀ ਵਧਾਉਣ ਅਤੇ ਕਲੈਸਟਰੋਲ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਔਲੇ ਦੇ ਫ਼ਲ ਅਤੇ ਬਾਕੀ ਭਾਗ ਅਨੇਕਾਂ ਮਨੁੱਖੀ ਰੋਗ ਜਿਵੇਂ ਕਿ ਕੈਂਸਰ, ਜਿਗਰ ਦੇ ਰੋਗ, ਅੱਖਾਂ, ਪੀਲੀਆ, ਬਦਹਜ਼ਮੀ, ਸ਼ੂਗਰ, ਚਮੜੀ ਰੋਗ, ਫੇਫੜੇ, ਪਾਚਨ ਪ੍ਰਣਾਲੀ, ਮੂਤਰ ਰੋਗ, ਬਵਾਸੀਰ, ਖੁਰਕ, ਗਠੀਆ ਅਤੇ ਵਿਸ਼ੇਸ਼ ਕਰਕੇ ਵਾਲਾਂ ਦੇ ਝੜਨ ਜਾਂ ਸਫ਼ੈਦ ਹੋਣ ਆਦਿ ਦੇ ਇਲਾਜ ਲਈ ਵਰਤੇ ਜਾਂਦੇ ਹਨ। ਸਾਡੀ ਸਮੱਸਿਆ ਇਹ ਹੈ ਕਿ ਅਸੀਂ ਔਲੇ ਦੇ ਗੁਣਾਂ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਾਂ, ਪਰ ਆਪਣੀ ਖੁਰਾਕ ਦਾ ਹਿੱਸਾ ਨਹੀਂ ਬਣਾਉਂਦੇ।
ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੰਪਰਕ: 98142-39041

Advertisement

Advertisement
Advertisement
Author Image

sukhwinder singh

View all posts

Advertisement