For the best experience, open
https://m.punjabitribuneonline.com
on your mobile browser.
Advertisement

ਕੁਦਰਤਿ ਹੈ ਕੀਮਤਿ ਨਹੀ ਪਾਇ।।

11:26 AM Sep 30, 2023 IST
ਕੁਦਰਤਿ ਹੈ ਕੀਮਤਿ ਨਹੀ ਪਾਇ।।
Advertisement

ਅੱਜ ਆਪਾਂ ਨੀਲੇ-ਸਫ਼ੈਦ ਰੰਗਾਂ ਵਿੱਚ ਨਜ਼ਰ ਆਉਣ ਵਾਲੇ ਹੁਸੀਨ ਫੁੱਲਾਂ ਲੱਦੇ ਵੇਲਨੁਮਾ ਪੌਦੇ ਦੀ ਗੱਲ ਕਰਾਂਗੇ, ਜਿਸ ਨੂੰ ‘ਅਪਰਾਜਿਤਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਲਾਂਕਿ ਪੂਰੇ ਵਿਸ਼ਵ ਵਿੱਚ ਇਸ ਨੂੰ ‘ਬਟਰਫਲਾਈ ਪੀ’ ਜਾਂ ‘ਬਟਰਫਲਾਈ ਬਲਿਊ ਪੀ’ ਕਿਹਾ ਜਾਂਦਾ ਹੈ। ਕੁਝ ਲੋਕ ਇਸ ਨੂੰ ‘ਏਸ਼ੀਅਨ ਪਿਜ਼ਨ ਵਿੰਗਜ਼’ ਜਾਂ ਸ਼ੰਖ ਪੁਸ਼ਪ ਵੀ ਕਹਿੰਦੇ ਹਨ, ਪਰ ਅਸਲ ਸ਼ੰਖ ਪੁਸ਼ਪੀ ਨਾਮੀ ਪੌਦਾ ਹੋਰ ਹੁੰਦਾ ਹੈ। ਅਪਰਾਜਿਤਾ ਦਾ ਵਿਗਿਆਨਕ ਨਾਂ ‘ਕਲਾਈਟੋਰੀਆ-ਟਰੇਨਟੀਆ’ ਹੈ।
ਦੱਖਣ ਪੂਰਬੀ ਏਸ਼ੀਆ ਦੇਸ਼ਾਂ ਥਾਈਲੈਂਡ, ਮਲੇਸ਼ੀਆ, ਸਿੰਘਾਪੁਰ, ਇੰਡੋਨੇਸ਼ੀਆ ਆਦਿ ਨੂੰ ਇਸ ਦਾ ਮੂਲ ਸਥਾਨ ਮੰਨਿਆ ਜਾਂਦਾ ਹੈ। ਇਹ ਇਸ ਤੋਂ ਇਲਾਵਾ ਅਫ਼ਰੀਕਾ, ਦੱਖਣੀ ਅਮਰੀਕਾ, ਆਸਟਰੇਲੀਆ ਅਤੇ ਭਾਰਤ ਵਿੱਚ ਵੀ ਖ਼ੂਬ ਵੇਖਣ ਨੂੰ ਮਿਲਦਾ ਹੈ। ਭਾਰਤੀ ਅਤੇ ਚੀਨੀ ਲੋਕਾਂ ਨਾਲ ਇਸ ਪੌਦੇ ਦੀ ਸਾਂਝ ਬੇਹੱਦ ਪੁਰਾਣੀ ਹੈ। ਹਿੰਦੂ ਮਿਥਿਹਾਸ ਵਿੱਚ ਇਸ ਦਾ ਜ਼ਿਕਰ ਵੇਖਣ ਨੂੰ ਮਿਲਦਾ ਹੈ। ਵਿਸ਼ਨੂੰ ਭਗਵਾਨ, ਸ਼ਨੀ ਦੇਵ ਅਤੇ ਕਾਲੀ ਮਾਤਾ ਨੂੰ ਇਸ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ।
ਇਸ ਦਾ ਪੌਦਾ ਬਹੁਤ ਜ਼ਿਆਦਾ ਉਚਾਈ ਗ੍ਰਹਿਣ ਨਹੀਂ ਕਰਦਾ ਅਤੇ ਨਾ ਹੀ ਬਹੁਤ ਭਾਰਾ ਹੁੰਦਾ ਹੈ। ਇਸ ਨੂੰ ਵਧਣ ਲਈ ਸਹਾਰੇ ਦੀ ਲੋੜ ਪੈਂਦੀ ਹੈ ਅਤੇ ਕਈ ਵਾਰ ਪੱਥਰਾਂ ਜਾਂ ਉੱਚੀ-ਨੀਵੀਂ ਜ਼ਮੀਨ ’ਤੇ ਵੀ ਖਿਲਰਿਆ ਜਿਹਾ ਨਜ਼ਰ ਆਉਂਦਾ ਹੈ। ਕੁਝ ਲੋਕ ਇਸ ਦੀ ਵਰਤੋਂ ਵੱਡੇ ਗਮਲੇ ਜਾਂ ਜ਼ਮੀਨ ਵਿੱਚ ਲਾ ਕੇ ਸਜਾਵਟ ਲਈ ਕਰਦੇ ਹਨ। ਇਸ ਪੌਦੇ ਦੇ ਫੁੱਲ ਮੁੱਖ ਰੂਪ ਵਿੱਚ ਨੀਲੇ ਅਤੇ ਸਫ਼ੈਦ ਰੰਗਾਂ ਵਾਲੇ ਮੰਨੇ ਜਾਂਦੇ ਹਨ, ਪਰ ਨੀਲੇ ਰੰਗਾਂ ਵਿੱਚ ਕਾਫ਼ੀ ਭਿੰਨਤਾ ਨਜ਼ਰ ਆਉਂਦੀ ਹੈ ਜਵਿੇਂ ਕਿ ਹਲਕਾ ਨੀਲਾ, ਹਲਕੀ ਗੁਲਾਬੀ ਭਾਅ ਵਾਲਾ ਨੀਲਾ, ਗੂੜ੍ਹਾ ਨੀਲਾ, ਜਾਮਣੀ ਆਦਿ ਫੁੱਲਾਂ ਦਾ ਕੇਂਦਰੀ ਹਿੱਸਾ ਸਫ਼ੈਦ ਹੁੰਦਾ ਹੈ ਅਤੇ ਕੁਝ ਲੋਕ ਫੁੱਲਾਂ ਦੀ ਦਿੱਖ ਨੂੰ ਗਾਂ ਦੇ ਕੰਨ ਨਾਲ ਵੀ ਸੁਮੇਲਦੇ ਹਨ। ਇਸ ਦੀਆਂ ਜੜ੍ਹਾਂ, ਪੱਤੇ, ਫੁੱਲ, ਫਲੀਆਂ, ਬੀਜ ਵੱਖ ਵੱਖ ਤਰੀਕਿਆਂ ਰਾਹੀਂ ਵਰਤੇ ਜਾਂਦੇ ਹਨ। ਕੁਝ ਲੋਕ ਇਸ ਦੇ ਫੁੱਲਾਂ ਨੂੰ ਸੁਕਾ ਕੇ ਪਾਊਡਰ ਜਾਂ ਫਿਰ ਅਰਕ ਦੇ ਰੂਪ ਵਿੱਚ ਵਰਤਦੇ ਹਨ।
ਅਪਾਰਜਿਤਾ ਦੇ ਫੁੱਲਾਂ ਤੋਂ ਬਣਨ ਵਾਲੀ ਨੀਲੀ ਚਾਹ ਵਿਸ਼ਵ ਪ੍ਰਸਿੱਧ ਹੈ। ਤਾਜ਼ੇ ਫੁੱਲਾਂ ਜਾਂ ਸੁਕਾ ਕੇ ਫੁੱਲਾਂ ਤੋਂ ਬਣੀ ਨੀਲੀ ਚਾਹ ਵਿੱਚ ਲੋਕ ਸ਼ਹਿਦ, ਅਦਰਕ ਆਦਿ ਪਾ ਕੇ ਪੀਣਾ ਪਸੰਦ ਕਰਦੇ ਹਨ ਅਤੇ ਕੁਝ ਬੂੰਦਾਂ ਨਿੰਬੂ ਦੀਆਂ ਪਾਉਣ ’ਤੇ ਚਾਹ ਦਾ ਰੰਗ ਨੀਲੇ ਤੋਂ ਜਾਮਣੀ ਵਿੱਚ ਬਦਲ ਜਾਂਦਾ ਹੈ ਜੋ ਸਭ ਨੂੰ ਆਕਰਸ਼ਿਤ ਕਰਦਾ ਹੈ। ਚਾਹ ਵਾਂਗ ਹੀ ਕਾੜ੍ਹਾ ਵੀ ਖ਼ੂਬ ਪੀਤਾ ਜਾਂਦਾ ਹੈ। ਚੀਨੀ ਇਲਾਜ ਪ੍ਰਣਾਲੀ ਅਤੇ ਖ਼ਾਸ ਕਰਕੇ ਆਯੂਰਵੈਦਿਕ ਪ੍ਰਣਾਲੀ ਵਿੱਚ ਅਪਾਰਜਿਤਾ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਚੀਨੀ ਲੋਕ ਇਸ ਦੇ ਫੁੱਲਾਂ ਤੋਂ ਬਣੇ ਨੁਸਖੇ ਅਨੇਕਾਂ ਬਿਮਾਰੀਆਂ ਦੇ ਇਲਾਜ ਲਈ ਵਰਤਦੇ ਹਨ। ਆਯੂਰਵੈਦਿਕ ਪ੍ਰਣਾਲੀ ਵਿੱਚ ਇਸ ਦੇ ਵੱਖ ਵੱਖ ਭਾਗਾਂ ਨੂੰ ਅਨੇਕਾਂ ਨੁਸਖਿਆਂ ਵਿੱਚ ਵਰਤਿਆ ਜਾਂਦਾ ਹੈ। ਮਨੁੱਖੀ ਦਿਮਾਗ਼ ਸ਼ਕਤੀ, ਯਾਦਸ਼ਕਤੀ, ਉਦਾਸੀ, ਪਰੇਸ਼ਾਨੀ ਆਦਿ ਵਿੱਚ ਘਿਰੇ ਲੋਕਾਂ ਲਈ ਇਸ ਨੂੰ ਬਹੁਤ ਵਧੀਆ ਸਮਝਿਆ ਜਾਂਦਾ ਹੈ। ਹਰ ਵਕਤ ਮੂਡ ਖਰਾਬ ਵਾਲੇ ਲੋਕਾਂ ਨੂੰ ਇਸ ਦੀ ਚਾਹ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਅਪਾਰਜਿਤਾ ਵਿੱਚ ਮੌਜੂਦ ਅਨੇਕਾਂ ਗੁਣਕਾਰੀ ਤੱਤ ਹੋਰ ਵੀ ਕਈ ਮਨੁੱਖੀ ਬਿਮਾਰੀਆਂ ਜਵਿੇਂ ਕਿ ਸ਼ੂਗਰ, ਸਾਹ ਪ੍ਰਣਾਲੀ ਰੋਗ, ਮਾਈਗ੍ਰੇਨ, ਪਾਚਨ ਪ੍ਰਣਾਲੀ, ਵਾਲਾਂ ਦੇ ਰੋਗ, ਅੱਖਾਂ ਦੀ ਰੌਸ਼ਨੀ, ਬਵਾਸੀਰ, ਕਬਜ਼, ਨਾਮਰਦੀ, ਭਾਰ ਘਟਾਉਣ ਆਦਿ ਲਈ ਵਰਤਿਆ ਜਾਂਦਾ ਹੈ। ਇਸ ਦਾ ਕਾੜ੍ਹਾ ਆਵਾਜ਼ ਨੂੰ ਬਿਹਤਰ ਕਰਨ ਲਈ ਪੀਤਾ ਜਾਂਦਾ ਹੈ। ਅੰਤਰਰਾਸ਼ਟਰੀ ਪੱਧਰ ’ਤੇ ਕੈਂਸਰ ਦੀ ਬਿਮਾਰੀ ਨਾਲ ਸਬੰਧਿਤ ਅਨੇਕਾਂ ਖੋਜਾਂ ਹੋ ਰਹੀਆਂ ਹਨ ਅਤੇ ਇਹ ਪੌਦਾ ਲਾਭਕਾਰੀ ਸਿੱਧ ਹੋ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਪਰਾਜਿਤਾ ਨਾਮੀ ਇਹ ਪੌਦਾ ਅਨੇਕਾਂ ਤਰੀਕਿਆਂ ਰਾਹੀਂ ਮਨੁੱਖ ਲਈ ਗੁਣਕਾਰੀ ਹੈ, ਪਰ ਗਰਭਵਤੀ ਔਰਤਾਂ ਜਾਂ ਬੱਚਿਆਂ ਲਈ ਇਸ ਦੀ ਵਰਤੋਂ ਖ਼ੁਦ ਨਹੀਂ ਕਰਨੀ ਚਾਹੀਦੀ। ਇਸ ਨੂੰ ਵਰਤਣ ਤੋਂ ਪਹਿਲਾਂ ਆਯੂਰਵੈਦਿਕ ਮਾਹਿਰ ਦੀ ਸਲਾਹ ਜ਼ਰੂਰ ਲਵੋ।
ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੰਪਰਕ: 98142-39041

Advertisement

Advertisement
Author Image

sukhwinder singh

View all posts

Advertisement
Advertisement
×