For the best experience, open
https://m.punjabitribuneonline.com
on your mobile browser.
Advertisement

ਕੁਦਰਤਿ ਹੈ ਕੀਮਤਿ ਨਹੀ ਪਾਇ।।

10:17 AM Jul 22, 2023 IST
ਕੁਦਰਤਿ ਹੈ ਕੀਮਤਿ ਨਹੀ ਪਾਇ।।
Advertisement

ਪੰਜਾਬ ਵਿੱਚ ‘ਅਜਵਾਇਣ’ ਨੂੰ ਜ਼ਿਆਦਾਤਰ ਲੋਕ ‘ਜਵੈਣ’ ਕਹਿ ਕੇ ਪੁਕਾਰਦੇ ਹਨ। ਮਨੁੱਖ ਦਾ ਅਜਵਾਇਣ ਨਾਲ ਪੁਰਾਤਨ ਸਬੰਧ ਹੈ ਅਤੇ ਇਸ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੁੰਦੀ ਆ ਰਹੀ ਹੈ। ਆਯੁਰਵੈਦਿਕ ਪ੍ਰਣਾਲੀ ਵਿੱਚ ਇਸ ਪੌਦੇ ਦੀ ਵਿਸ਼ੇਸ਼ ਮਹੱਤਤਾ ਹੈ। ਪੁਰਾਤਨ ਲਿਖਤਾਂ ਨੂੰ ਫਰੋਲਦਿਆਂ ਬਹੁਤ ਅਨਮੋਲ ਗੱਲਾਂ ਸਾਹਮਣੇ ਆਉਂਦੀਆਂ ਹਨ ਜਿਵੇਂ ਕਿ ‘ਏਕਾ ਯਵਾਨੀ ਸ਼ਤਮਨ ਪਾਚਿਕਾ’ ਕਹਿਣ ਤੋਂ ਭਾਵ ਇਕੱਲੀ ਅਜਵਾਇਣ ਸੈਂਕੜੇ ਪ੍ਰਕਾਰ ਦੇ ਅੰਨ ਪਚਾਉਣ ਵਿੱਚ ਸਹਾਈ ਹੁੰਦੀ ਹੈ।
ਅਜਵਾਇਣ ਦੇ ਪੌਦੇ ਬਾਰੇ ਰੌਚਕ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਲੋਕ ਹੋਰ ਪੌਦੇ ਨੂੰ ਹੀ ਅਜਵਾਇਣ ਦਾ ਪੌਦਾ ਸਮਝ ਦੇ ਘਰਾਂ ਵਿੱਚ ਲਾ ਲੈਂਦੇ ਹਨ। ਦਰਅਸਲ ਇੱਕ ਚੌੜੇ ਪੱਤਿਆਂ ਵਾਲਾ (ਲੁੰਕਾਰ) ਪੌਦਾ ‘ਕੋਲੀਅਸ’ ਜਾਤੀ ਵਿੱਚ ਹੁੰਦਾ ਹੈ ਜਿਸ ਦੇ ਪੱਤਿਆਂ ਵਿੱਚੋਂ ਅਜਵਾਇਣ ਵਰਗੀ ਹੀ ਖੁਸ਼ਬੂ ਆਉਂਦੀ ਹੈ। ਹਾਲਾਂਕਿ ਅਜਵਾਇਣ ਦੇ ਪੌਦੇ ਦੇ ਪੱਤੇ ਬਹੁਤ ਬਾਰੀਕ ਜਿਹੇ ਹੁੰਦੇ ਹਨ ਅਤੇ ਉਨ੍ਹਾਂ ਦੀ ਦਿੱਖ ਬਿਲਕੁਲ ਸੌਂਫ ਦੇ ਪੌਦੇ ਵਰਗੀ ਹੁੰਦੀ ਹੈ। ਅਜਵਾਇਣ ਦੇ ਪੌਦੇ ਦਾ ਮੂਲ ਸਥਾਨ ਮਿਸਰ ਨੂੰ ਮੰਨਿਆ ਜਾਂਦਾ ਹੈ ਅਤੇ ਇਰਾਨ, ਇਰਾਕ, ਪਾਕਿਤਸਾਨ ਅਤੇ ਅਫ਼ਗਾਨਿਸਤਾਨ ਵਰਗੇ ਮੁਲਕਾਂ ਤੋਂ ਇਲਾਵਾ ਭਾਰਤ ਵਿੱਚ ਵੀ ਉਗਾਇਆ ਜਾਂਦਾ ਹੈ। ਭਾਰਤ ਦੇ ਜੇਕਰ ਸੂਬਿਆਂ ਦੀ ਗੱਲ ਕਰੀਏ ਤਾਂ ਇਹ ਗੁਜਰਾਤ, ਰਾਜਸਥਾਨ ਅਤੇ ਕੁਝ ਦੱਖਣੀ ਸੂਬਿਆਂ ਅਤੇ ਪੰਜਾਬ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਅਫ਼ਗਾਨਿਸਤਾਨ ਵਿੱਚ ਤਾਂ ਬਰੈੱਡਾਂ ਅਤੇ ਬਿਸਕੁਟਾਂ ਉੱਪਰ ਖੂਬ ਜਵੈਣ ਲੱਗੀ ਨਜ਼ਰ ਆਉਂਦੀ ਹੈ।
ਅਜਵਾਇਣ ਦਾ ਪੌਦਾ 2-3 ਫੁੱਟ ਤੱਕ ਦੀ ਉਚਾਈ ਤੱਕ ਸੀਮਤ ਰਹਿੰਦਾ ਹੈ। ਬਾਰੀਕ ਪੱਤਿਆਂ ਵਾਲੇ ਪੌਦੇ ਨੂੰ ਸਫ਼ੈਦ ਰੰਗ ਦੇ ਧਨੀਏ ਵਰਗੇ ਫੁੱਲ ਪੈਂਦੇ ਹਨ। ਸਫ਼ੈਦ ਰੰਗ ਦੇ ਫੁੱਲ ਸਮਾਂ ਪਾ ਕੇ ਬੀਜਨੁਮਾ ਫ਼ਲਾਂ ਵਿੱਚ ਤਬਦੀਲ ਹੋ ਜਾਂਦੇ ਹਨ। ਪਹਿਲਾਂ ਇਹ ਪੌਦਾ ਖੁਸ਼ਕ ਅਤੇ ਬੰਜਰ ਜ਼ਮੀਨਾਂ ਵਿੱਚ ਉਗਾਇਆ ਜਾਂਦਾ ਸੀ। ਇਸ ਦੇ ਫ਼ਲਾਂ ਵਿੱਚ ਤੇਲ ਦੀ ਪ੍ਰਾਪਤੀ ਵੀ ਕੀਤੀ ਜਾਂਦੀ ਹੈ ਜਿਸ ਵਿੱਚ ‘ਥਾਈਮੋਲ’ ਵਰਗੇ ਗੁਣਕਾਰੀ ਤੱਤ ਪਾਏ ਜਾਂਦੇ ਹਨ। ਕੁਝ ਲੋਕ ਇਸ ਦੇ ਬੀਜ ਤੋਂ ਇਲਾਵਾ ਪੱਤੇ ਵੀ ਵੱਖ ਵੱਖ ਤਰੀਕਿਆਂ ਰਾਹੀਂ ਖਾਣਾ ਪਸੰਦ ਕਰਦੇ ਹਨ।
ਬਹੁਤੇ ਲੋਕ ਅਜਵਾਇਣ ਨੂੰ ਮਸਾਲੇ ਵਜੋਂ ਜਾਂ ਮਹਿਕ ਵਜੋਂ ਖਾਣਯੋਗ ਪਦਾਰਥਾਂ, ਸਬਜ਼ੀ ਦੀ ਤਰੀ, ਸਮੌਸੇ, ਪਕੌੜੇ, ਮੱਠੀਆਂ ਆਦਿ ਵਿੱਚ ਵਰਤਣ ਤੱਕ ਜਾਂ ਫਿਰ ਕਾਲੇ ਨਮਕ ਨਾਲ ਫੱਕੀ ਲੈਣ ਤੱਕ ਹੀ ਸੀਮਤ ਸਮਝਦੇ ਹਨ। ਪਰ ਇਹ ਇੱਕ ਬਹੁਤ ਹੀ ਗੁਣਕਾਰੀ ਔਸ਼ਧੀ ਹੈ ਜੋ ਅਨੇਕਾਂ ਮਨੁੱਖੀ ਬਿਮਾਰੀਆਂ ਜਿਵੇਂ ਕਿ ਪੇਟ ਦਰਦ, ਅਫਾਰ, ਪੱਥਰੀਆਂ, ਔਰਤਾਂ ਦੇ ਰੋਗ, ਜੁਕਾਮ- ਖਾਂਸੀ, ਦਸਤ-ਉਲਟੀਆਂ, ਜੋੜਾਂ ਦਾ ਦਰਦ, ਬਲੱਡ ਸ਼ੂਗਰ, ਪਾਚਣ ਪ੍ਰਣਾਲੀ ਆਦਿ ਦੇ ਰੋਗਾਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੇ ਹਨ। ਬਹੁਤ ਲੋਕ ਇਸ ਦੀ ਵਰਤੋਂ ਬਲੱਡ ਸ਼ੂਗਰ ਕੰਟਰੋਲ ਕਰਨ ਅਤੇ ਕੋਸੇ ਪਾਣੀ ਵਿੱਚ ਪਾ ਕੇ ਭਾਰ ਘਟਾਉਣ ਲਈ ਵਰਤਦੇ ਹਨ। ਪੁਰਾਣੇ ਵੇਲਿਆਂ ਵਿੱਚ ਔਰਤਾਂ ਵਾਲਾਂ ਵਿੱਚ ਜੂੰਆਂ ਮਾਰਨ ਲਈ ਇਸ ਦੀ ਵਰਤੋਂ ਫਟਕੜੀ ਅਤੇ ਦਹੀਂ ਵਿੱਚ ਮਿਲਾ ਕੇ ਕਰਦੀਆਂ ਸਨ। ਕੁਝ ਲੋਕ ਇਸ ਦੀ ਵਰਤੋਂ ਸ਼ਰਾਬ ਛੁਡਾਉਣ ਲਈ ਵੀ ਖੂਬ ਕਰਦੇ ਸਨ। ਬਿੱਛੂ, ਮਧੂ ਮੱਖੀ ਜਾਂ ਕੀੜੇ ਮਕੌੜੇ ਦੇ ਡੰਗ ਉੱਪਰ ਵੀ ਇਸ ਦਾ ਲੇਪ ਕੀਤਾ ਜਾਂਦਾ ਸੀ। ਕੁਲ ਮਿਲਾ ਕੇ ਅਜਵਾਇਣ ਇੱਕ ਬਹੁਤ ਹੀ ਲਾਜਵਾਬ ਤੇ ਗੁਣਕਾਰੀ ਪੌਦਾ ਹੈ।
ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੰਪਰਕ: 98142-39041

Advertisement

Advertisement
Advertisement
Author Image

joginder kumar

View all posts

Advertisement