For the best experience, open
https://m.punjabitribuneonline.com
on your mobile browser.
Advertisement

ਉਸਾਰੀ ਅਧੀਨ ਐਕਸਪ੍ਰੈੱਸਵੇਅ ਨਾਲ ਪਾਣੀ ਦਾ ਕੁਦਰਤੀ ਵਹਾਅ ਬੰਦ

08:01 AM Mar 22, 2024 IST
ਉਸਾਰੀ ਅਧੀਨ ਐਕਸਪ੍ਰੈੱਸਵੇਅ ਨਾਲ ਪਾਣੀ ਦਾ ਕੁਦਰਤੀ ਵਹਾਅ ਬੰਦ
ਪਿੰਡ ਰਾਜੋਮਾਜਰਾ ਦੇ ਵਸਨੀਕ ਕੌਮੀ ਮਾਰਗ ’ਤੇ ਪੁਲੀ ਨਾ ਲਾਉਣ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 21 ਮਾਰਚ
ਪਿੰਡ ਰਾਜੋਮਾਜਰਾ, ਮਨੌਲੀ ਸੂਰਤ, ਬਨੂੜ, ਨੱਗਲ ਸਲੇਮਪੁਰ ਤੇ ਛੜਬੜ ਆਦਿ ਪਿੰਡਾਂ ਦੇ ਵਸਨੀਕਾਂ ਵਿੱਚ ਉਸਾਰੀ ਅਧੀਨ ਗਰੀਨ ਫੀਲਡ ਐਕਸਪ੍ਰੈੱਸ ਹਾਈਵੇਅ-205 ‘ਏ’ ਕਾਰਨ ਪਾਣੀ ਦਾ ਕੁਦਰਤੀ ਵਹਾਅ ਬੰਦ ਹੋਣ ਕਰ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਰਾਜੋਮਾਜਰਾ ਦੇ ਵਸਨੀਕਾਂ ਨੇ ਅੱਜ ਇਹ ਮਾਮਲਾ ਵਿਚਾਰਨ ਲਈ ਪਿੰਡ ਵਿੱਚ ਇਕੱਤਰਤਾ ਕਰ ਕੇ ਕੌਮੀ ਸ਼ਾਹਰਾਹ ਅਥਾਰਿਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਸੜਕ ਦੀ ਉਸਾਰੀ ਦਾ ਕੰਮ ਬੰਦ ਕਰਾਉਣ ਦੀ ਚਿਤਾਵਨੀ ਵੀ ਦਿੱਤੀ।
ਰਾਜੋਮਾਜਰਾ ਦੇ ਸਰਪੰਚ ਸਤਪਾਲ ਸਿੰਘ, ਨੰਬਰਦਾਰ ਜਤਿੰਦਰ ਸਿੰਘ, ਅਜੀਤ ਸਿੰਘ ਤੇ ਪਰਦੀਪ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਪਾਣੀ ਦੇ ਕੁਦਰਤੀ ਵਹਾਅ ਲਈ ਪਿੰਡ ਨੇੜੇ ਪੁਲੀ ਲਾਉਣ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡ ਵਾਸੀ ਮੁਹਾਲੀ ਦੀ ਡਿਪਟੀ ਕਮਿਸ਼ਨਰ, ਕੌਮੀ ਸ਼ਾਹਰਾਹ ਅਥਾਰਿਟੀ ਦੇ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਮੰਗ ਪੱਤਰ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਪੁਲੀ ਨਾ ਬਣਾਏ ਜਾਣ ਕਾਰਨ ਬਰਸਾਤਾਂ ਵਿੱਚ ਪਿੰਡਾਂ ਦੇ ਦਰਜਨਾਂ ਘਰਾਂ ਵਿੱਚ ਪਾਣੀ ਭਰ ਜਾਵੇਗਾ। ਇਸੇ ਤਰ੍ਹਾਂ ਚੇਤੰਨ ਸਿੰਘ ਮਨੌਲੀ ਸੂਰਤ, ਰਣ ਸਿੰਘ, ਪਾਲ ਰਾਮ, ਸਰਪੰਚ ਰਿਸ਼ੀ ਪਾਲ ਨੱਗਲ, ਹੈਪੀ ਬਨੂੜ, ਚਰਨਜੀਤ ਸਿੰਘ ਆਦਿ ਦਰਜਨਾਂ ਵਸਨੀਕਾਂ ਨੇ ਕਿਹਾ ਕਿ ਅੱਠ ਤੋਂ 10 ਫੁੱਟ ਉੱਚੀ ਬਣ ਰਹੀ ਸੜਕ ਦੇ ਨਿਰਮਾਣ ਲਈ ਵੱਡੇ-ਵੱਡੇ ਓਵਰਲੋਡ ਟਿੱਪਰਾਂ ਨਾਲ ਮਿੱਟੀ ਪਾਈ ਜਾ ਰਹੀ ਹੈ, ਜਿਸ ਕਰ ਕੇ ਇਨ੍ਹਾਂ ਪਿੰਡਾਂ ਦੀਆਂ ਲਿੰਕ ਸੜਕਾਂ ਬੁਰੀ ਤਰ੍ਹਾਂ ਟੁੱਟ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਸੜਕ ਦੇ ਨਿਰਮਾਣ ਕਾਰਜ ਲਈ ਮਿੱਟੀ ਪਾਉਣ ਵਾਸਤੇ ਇਨ੍ਹਾਂ ਲਿੰਕ ਸੜਕਾਂ ਨੂੰ ਨਹੀਂ ਵਰਤਿਆ ਜਾ ਸਕਦਾ ਪਰ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਅਜਿਹਾ ਹੋ ਰਿਹਾ ਹੈ।

Advertisement

ਘੱਗਰ ਨੇੜੇ ਪਿੱਲਰਾਂ ਉੱਤੇ ਸੜਕ ਬਣਾਉਣ ਦੀ ਮੰਗ

ਇਸ ਖੇਤਰ ਦੇ ਘੱਗਰ ਦਰਿਆ ਨਾਲ ਲੱਗਦੇ ਪਿੰਡਾਂ ਦੀਆਂ ਪੰਚਾਇਤਾਂ, ਕਿਸਾਨਾਂ ਤੇ ਸਮਾਜਿਕ ਜਥੇਬੰਦੀਆਂ ਨੇ ਕੌਮੀ ਸ਼ਾਹਰਾਹ ਅਥਾਰਿਟੀ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪਿੰਡਾਂ ਵਿੱਚੋਂ ਲੰਘ ਰਹੇ ਗਰੀਨ ਫ਼ੀਲਡ ਐਕਸਪ੍ਰੈੱਸਵੇਅ ਦਾ ਨਿਰਮਾਣ ਪਿੱਲਰਾਂ ਉੱਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਨਾਲ ਦਰਜਨ ਤੋਂ ਵੱਧ ਪਿੰਡਾਂ ਨੂੰ ਹੜ੍ਹਾਂ ਦਾ ਖਤਰਾ ਦਰਪੇਸ਼ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਇਸ ਸਬੰਧੀ ਲੋੜੀਂਦੇ ਦਖ਼ਲ ਦੀ ਮੰਗ ਕੀਤੀ।

Advertisement
Author Image

Advertisement
Advertisement
×