ਨਾਟੋ ਨੇ ਰੂਸ-ਚੀਨ ਸਬੰਧਾਂ ਦੀ ਮਜ਼ਬੂਤੀ ’ਤੇ ਚਿੰਤਾ ਜਤਾਈ
ਵਾਸ਼ਿੰਗਟਨ, 11 ਜੁਲਾਈ
ਨਾਟੋ ਨੇ ਰੂਸ ਅਤੇ ਚੀਨ ਵਿਚਕਾਰ ਗੂੜ੍ਹੇ ਹੁੰਦੇ ਸਬੰਧਾਂ ਅਤੇ ਪੇਈਚਿੰਗ ਦੇ ਵਧਦੇ ਹਮਲਾਵਰ ਰੁਖ਼ ’ਤੇ ਚਿੰਤਾ ਜਤਾਈ ਹੈ। 32 ਮੈਂਬਰੀ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਆਗੂਆਂ ਨੇ ਉੱਤਰ ਅਟਲਾਂਟਿਕ ਕੌਂਸਲ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਵਾਸ਼ਿੰਗਟਨ ’ਚ ਮੀਟਿੰਗ ਮਗਰੋਂ ਜਾਰੀ ਐਲਾਨਨਾਮੇ ’ਚ ਕਿਹਾ, ‘‘ਪੀਪਲਜ਼ ਰਿਪਬਲਿਕ ਆਫ਼ ਚਾਈਨਾ (ਪੀਆਰਸੀ) ਦੀਆਂ ਖਾਹਿਸ਼ਾਂ ਅਤੇ ਹਮਲਾਵਰ ਨੀਤੀਆਂ ਲਗਾਤਾਰ ਸਾਡੇ ਹਿੱਤਾਂ, ਸੁਰੱਖਿਆ ਅਤੇ ਕਦਰਾਂ-ਕੀਮਤਾਂ ਨੂੰ ਚੁਣੌਤੀ ਦੇ ਰਹੀਆਂ ਹਨ। ਰੂਸ ਅਤੇ ਪੀਆਰਸੀ ਵਿਚਕਾਰ ਡੂੰਘੀ ਹੁੰਦੀ ਰਣਨੀਤਕ ਭਾਈਵਾਲੀ ਅਤੇ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ ਨੂੰ ਕਮਜ਼ੋਰ ਕਰਨ ਤੇ ਨਵਾਂ ਰੂਪ ਦੇਣ ਦੀਆਂ ਦੋਵੇਂ ਮੁਲਕਾਂ ਦੀਆਂ ਕੋਸ਼ਿਸ਼ਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ।’’ ਬਿਆਨ ’ਚ ਕਿਹਾ ਗਿਆ ਕਿ ਸਰਕਾਰ ’ਚ ਸ਼ਾਮਲ ਅਤੇ ਉਨ੍ਹਾਂ ਤੋਂ ਵੱਖ ਅਨਸਰਾਂ ਨਾਲ ਹਾਈਬ੍ਰਿਡ, ਸਾਈਬਰ, ਪੁਲਾੜ ਅਤੇ ਹੋਰ ਖ਼ਤਰਿਆਂ ਜਿਹੀਆਂ ਸਰਗਰਮੀਆਂ ਦਾ ਉਹ ਸਾਹਮਣਾ ਕਰ ਰਹੇ ਹਨ। ਸੰਮੇਲਨ ’ਚ ਸਵੀਡਨ ਨੂੰ ਨਾਟੋ ਦੇ 32ਵੇਂ ਮੈਂਬਰ ਮੁਲਕ ਵਜੋਂ ਸ਼ਾਮਲ ਕੀਤਾ ਗਿਆ। ਐਲਾਨਨਾਮੇ ’ਚ ਕਿਹਾ ਗਿਆ ਕਿ ਫਿਨਲੈਂਡ ਅਤੇ ਸਵੀਡਨ ਨੂੰ ਨਾਟੋ ’ਚ ਸ਼ਾਮਲ ਕਰਨ ਨਾਲ ਉਹ ਸੁਰੱਖਿਅਤ ਰਹਿਣਗੇ ਅਤੇ ਸੰਗਠਨ ਮਜ਼ਬੂਤ ਹੋਵੇਗਾ। ਇਸ ’ਚ ਕਿਹਾ ਗਿਆ ਹੈ ਕਿ ਯੂਕਰੇਨ ’ਤੇ ਰੂਸ ਦੇ ਹਮਲੇ ਨੇ ਯੂਰੋ-ਅਟਲਾਂਟਿਕ ਖ਼ਿੱਤੇ ’ਚ ਸ਼ਾਂਤੀ ਅਤੇ ਸਥਿਰਤਾ ਭੰਗ ਕਰ ਦਿੱਤੀ ਹੈ ਅਤੇ ਆਲਮੀ ਸੁਰੱਖਿਆ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਰੂਸ ਸੰਗਠਨ ਦੇ ਮੈਂਬਰ ਮੁਲਕਾਂ ਦੀ ਸੁਰੱਖਿਆ ਲਈ ਸਿੱਧੇ ਤੌਰ ’ਤੇ ਖ਼ਤਰਾ ਬਣਿਆ ਹੋਇਆ ਹੈ। -ਪੀਟੀਆਈ
ਏਸ਼ਿਆਈ ਮੁਲਕਾਂ ਵਿਚਕਾਰ ਬਦਅਮਨੀ ਨਾ ਫੈਲਾਏ ਨਾਟੋ: ਚੀਨ
ਪੇਈਚਿੰਗ: ਚੀਨ ਨੇ ਨਾਟੋ ’ਤੇ ਦੂਜਿਆਂ ਦੇ ਸਹਾਰੇ ਆਪਣੀ ਸੁਰੱਖਿਆ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਏਸ਼ਿਆਈ ਮੁਲਕਾਂ ਵਿਚਕਾਰ ਬਦਅਮਨੀ ਨਾ ਫੈਲਾਏ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਇਹ ਬਿਆਨ ਨਾਟੋ ਵੱਲੋਂ ਚੀਨ ’ਤੇ ਯੂਕਰੇਨ ਖ਼ਿਲਾਫ਼ ਰੂਸੀ ਜੰਗ ਨੂੰ ਹੱਲਾਸ਼ੇਰੀ ਦੇਣ ਦੇ ਲਾਏ ਗਏ ਦੋਸ਼ਾਂ ਦੇ ਇਕ ਦਿਨ ਮਗਰੋਂ ਆਇਆ ਹੈ। ਜਿਆਨ ਨੇ ਕਿਹਾ, ‘‘ਨਾਟੋ ਵੱਲੋਂ ਯੂਕਰੇਨ ਦੇ ਮੁੱਦੇ ’ਤੇ ਚੀਨ ਦੀ ਜ਼ਿੰਮੇਵਾਰੀ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ ਜਾਇਜ਼ ਨਹੀਂ ਹੈ ਅਤੇ ਇਸ ਪਿੱਛੇ ਗਲਤ ਇਰਾਦੇ ਹਨ।’’ ਉਨ੍ਹਾਂ ਕਿਹਾ ਕਿ ਯੂਕਰੇਨ ਮੁੱਦੇ ’ਤੇ ਚੀਨ ਦਾ ਰਵੱਈਆ ਨਿਰਪੱਖ ਹੈ। ਉਨ੍ਹਾਂ ਨਾਟੋ ਨੂੰ ਅਪੀਲ ਕੀਤੀ ਕਿ ਉਹ ਚੀਨ ਦੀ ਅੰਦਰੂਨੀ ਸਿਆਸਤ ’ਚ ਦਖ਼ਲ ਦੇਣਾ ਬੰਦ ਕਰੇ। -ਏਪੀ