ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਰਾਸ਼ਟਰੀ ਯੁਵਾ ਸੰਸਦ ਸਮਾਗਮ
ਪੱਤਰ ਪ੍ਰੇਰਕ
ਲੰਬੀ, 19 ਸਤੰਬਰ
ਪਿੰਡ ਵੜਿੰਗਖੇੜਾ ਵਿੱਚ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ’ਚ ‘25ਵੀਂ ਰਾਸ਼ਟਰੀ ਯੁਵਾ ਸੰਸਦ’ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 50 ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਸਪੀਕਰ, ਸੱਤਾ ਧਿਰ ਅਤੇ ਵਿਰੋਧੀ ਧਿਰ ਦੀ ਭੂਮਿਕਾ ਬਾਖੂਬੀ ਨਿਭਾਈ। ਯੁਵਾ ਸੰਸਦ ਵਿੱਚ ਵਿਰੋਧੀ ਧਿਰ ਨੇ ਬੇਰੁਜ਼ਗਾਰੀ, ਮਹਿੰਗਾਈ, ਔਰਤ ਸੁਰੱਖਿਆ, ਧਰਮ ਨਿਰਪੱਖਤਾ ਤੇ ਜਾਤੀ ਹਿੰਸਾ, ਵਿਦੇਸ਼ ਨੀਤੀ ਅਤੇ ਰਾਸ਼ਟਰੀ ਸਿੱਖਿਆ ਨੀਤੀ ਜਿਹੇ ਮਹੱਤਵਪੂਰਣ ਮੁੱਦਿਆਂ ’ਤੇ ਸੱਤਾ ਧਿਰ ਨੂੰ ਘੇਰਿਆ। ਸੱਤਾ ਧਿਰ ਦੀ ਭੂਮਿਕਾ ’ਚ ਸੰਸਦ ਮੈਂਬਰ ਬਣੇ ਵਿਦਿਆਰਥੀਆਂ ਨੇ ਬੇਹੱਦ ਸਿੱਝਵੇਂ ਸੰਸਦੀ ਲਹਿਜ਼ੇ ਵਿੱਚ ਜਵਾਬ ਦਿੱਤੇ। ਸੱਤਾਧਾਰੀ ਧਿਰ ਨੇ ਰਾਸ਼ਟਰੀ ਖੇਡ ਬਿੱਲ ਪਾਸ ਕਰਕੇ ਹਕੀਕੀ ਸੰਸਦ ਵਿਚਲੀ ਪ੍ਰਕਿਰਿਆ ਤੋਂ ਦਰਸ਼ਕ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਵਾਇਆ। ਜਵਾਹਰ ਨਵੋਦਿਆ ਵਿਦਿਆਲਿਆ ਦੇ ਪ੍ਰਿੰਸੀਪਲ ਪਵਨ ਕੁਮਾਰ ਬੇਨੀਵਾਲ ਨੇ ਆਖਿਆ ਕਿ ਯੁਵਾ ਸੰਸਦ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸੰਸਦ ਅਤੇ ਸੰਸਦੀ ਕਾਰਜਪ੍ਰਣਾਲੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਿੰਡ ਵੜਿੰਗਖੇੜਾ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਵੜਿੰਗ, ਗੁਰਲਾਲ ਸਿੰਘ ਵੜਿੰਗ, ਰਣਧੀਰ ਸਿੰਘ, ਨਹਿਰੂ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਡਾ. ਕ੍ਰਿਸ਼ਣਕਾਂਤ ਅਤੇ ਪੰਚ ਜਗਦੇਵ ਸਿੰਘ ਸ਼ਾਮਿਲ ਹੋਏ।