ਕੌਮੀ ਵੋਟਰ ਦਿਵਸ: ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਮਤਦਾਨ ਕਰਨ ’ਤੇ ਜ਼ੋਰ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਜਨਵਰੀ
ਪੰਜਾਬ ਦੇ ਮੁੱਖ ਚੋਣ ਅਫ਼ਸਰ ਸਬਿਿਨ ਸੀ ਨੇ ਅੱਜ ਸੂਬੇ ਭਰ ਵਿੱਚ ਸਿਸਟਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪ੍ਰੋਸੈਸ (ਸਵੀਪ) ਗਤੀਵਿਧੀਆਂ ਤਹਿਤ ਜਨ ਜਾਗਰੂਕਤਾ ਮੁਹਿੰਮ ਸ਼ੁਰੂ ਕਰਕੇ ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਮਤਦਾਨ ਕਰਨ ’ਤੇ ਜ਼ੋਰ ਦਿੱਤਾ। ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ ਕਰਵਾਏ ਗਏ ਸੂਬਾ ਪੱਧਰੀ ਕੌਮੀ ਵੋਟਰ ਦਿਵਸ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਇਸ ਸਾਲ ਦੇ ਰਾਸ਼ਟਰੀ ਵੋਟਰ ਦਿਵਸ ਦੀ ਥੀਮ ‘ਵੋਟਿੰਗ ਵਰਗਾ ਕੁਝ ਨਹੀਂ, ਮੈਂ ਯਕੀਨੀ ਤੌਰ ’ਤੇ ਵੋਟ ਕਰਾਂਗਾ।’ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਇੱਕ ਬਹੁਤ ਹੀ ਢੁਕਵਾਂ ਵਿਸ਼ਾ ਹੈ, ਕਿਉਂਕਿ ਵੋਟਰ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਵੱਧ ਤੋਂ ਵੱਧ ਮਤਦਾਨ ਕਰਕੇ ਹੀ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਵੋਟ ਦੀ ਵਰਤੋਂ ਕਰਨ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਚੋਣ ਜਾਗਰੂਕਤਾ ਮਸਕਟ ਸ਼ੇਰਾ 2.0 ਵੀ ਜਾਰੀ ਕੀਤਾ।
ਇਸ ਮੌਕੇ ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੂੰ ਸਾਲ 2023-24 ਲਈ ਜਨਰਲ ਕੈਟਾਗਰੀ ਵਿੱਚ ਸਰਵੋਤਮ ਇਲੈਕਟੋਰਲ ਪ੍ਰੈਕਟਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਸੁਰਜੀਤ ਲਾਲ ਸਹਾਇਕ ਸਵੀਪ ਨੋਡਲ ਅਫ਼ਸਰ ਜ਼ਿਲ੍ਹਾ ਜਲੰਧਰ ਅਤੇ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਸਵੀਪ ਨੋਡਲ ਅਫ਼ਸਰ ਮੁਹਾਲੀ ਨੂੰ ਸਾਲ 2023-24 ਵਿੱਚ ਸਵੀਪ ਵਿੱਚ ਕੀਤੇ ਸ਼ਾਨਦਾਰ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਰਾਜੀਵ ਕੁਮਾਰ ਦਾ ਇੱਕ ਵੀਡੀਓ ਸੰਦੇਸ਼ ਵੀ ਚਲਾਇਆ ਗਿਆ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਾਚਾ ਚੌਧਰੀ ਦੇ ਚਰਿੱਤਰ ’ਤੇ ਆਧਾਰਿਤ ਐਨੀਮੇਟਡ ਫ਼ਿਲਮ ਦਿਖਾਈ ਗਈ। ਡੀਸੀ ਮੁਹਾਲੀ ਆਸ਼ਿਕਾ ਜੈਨ, ਐਸਐਸਪੀ ਸੰਦੀਪ ਗਰਗ ਅਤੇ ਐਮਿਟੀ ਯੂਨੀਵਰਸਿਟੀ ਦੇ ਵੀਸੀ ਡਾ. ਆਰਕੇ ਕੋਹਲੀ ਵੀ ਮੌਜੂਦ ਸਨ। ਚੋਣ ਕਮਿਸ਼ਨ ਦੇ ਪੰਜਾਬ ਸਟੇਟ ਆਈਕੋਨ ਵਜੋਂ ਨਾਮਵਰ ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਵੀ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਮਤਦਾਨ ਕਰਨ ਦੀ ਅਪੀਲ ਕੀਤੀ। ਡੀਸੀ ਆਸ਼ਿਕਾ ਜੈਨ ਨੇ ਮੁਹਾਲੀ ਵਿੱਚ ਸੂਬਾ ਪੱਧਰੀ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ।