ਵੱਖ-ਵੱਖ ਥਾਵਾਂ ’ਤੇ ਕੌਮੀ ਵੋਟਰ ਦਿਵਸ ਮਨਾਇਆ
ਪੱਤਰ ਪ੍ਰੇਰਕ
ਸੰਦੌੜ, 29 ਜਨਵਰੀ
ਮਾਡਰਨ ਕਾਲਜ ਆਫ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿਖੇ ਮਾਡਰਨ ਸੰਸਥਾਵਾਂ ਦੇ ਡਾਇਰੈਕਟਰ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਕੌਮੀ ਵੋਟਰ ਦਿਵਸ ਮਨਾਇਆ ਗਿਆ। ਇਸਦਾ ਮੁੱਖ ਉਦੇਸ਼ ਮਤਦਾਨ ਜਾਗਰੂਕਤਾ ਨੂੰ ਵਧਾਉਣਾ ਅਤੇ ਲੋਕਾਂ ਨੂੰ ਮਤਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਡਰਾਇੰਗ ਮੁਕਾਬਲਾ, ‘ਸ਼ਹਿਰੀ ਉਦਾਸੀਨਤਾ ਦੇ ਕਾਰਨ ਅਤੇ ਇਸ ਨੂੰ ਦੂਰ ਕਰਨ ਦੇ ਹੱਲ’ ਵਿਸ਼ੇ ’ਤੇ ਵਾਦ-ਵਿਵਾਦ ਮੁਕਾਬਲਾ, ਮੌਕ ਪੋਲ, ਸਹੁੰ- ਚੁੱਕ ਸਮਾਰੋਹ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ ਇੱਕਰਾ, ਵਿਸ਼ਵਪਾਲ ਅਤੇ ਅੰਮ੍ਰਿਤਪਾਲ ਨੇ ਪਹਿਲਾ, ਹਸਪ੍ਰੀਤ ਕੌਰ, ਹਰਜਿੰਦਰ ਕੌਰ, ਰਮਨਪ੍ਰੀਤ ਕੌਰ ਨੇ ਦੂਜਾ ਅਤੇ ਨਾਦੀਆ ਸੇਠੀ, ਸਪਨਾ ਬੇਗਮ ਅਤੇ ਆਮਪ੍ਰੀਤ ਕੌਰ ਨੇ ਤੀਜਾ ਹਾਸਲ ਕੀਤਾ। ਪ੍ਰਿੰਸੀਪਲ ਡਾ. ਨੀਤੂ ਸੇਠੀ ਅਤੇ ਕਾਲਜ ਸਟਾਫ਼ ਨੇ ਜੇਤੂਆਂ ਨੂੰ ਸਨਮਾਨਤ ਕੀਤਾ। ਹਰਜੀਤ ਕੌਰ ਨੇ ਮੰਚ ਸੰਚਾਨ ਕੀਤਾ।
ਧੂਰੀ (ਖੇਤਰੀ ਪ੍ਰਤੀਨਿਧ): ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੋਟਰ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਵਿੱਚ ਵਿਦਿਆਰਥਣਾ ਵੱਲੋਂ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਗਿਆ। ਬੂਥ ਲੇਵਲ ਅਫਸਰ ਪ੍ਰਵੀਨ ਕੁਮਾਰ, ਕਮਲਦੀਪ ਸਿੰਘ, ਕਮਲਪਤੀ, ਜਸਲੀਨ ਕੌਰ ਨੇ ਕਿਹਾ ਵੋਟ ਬਣਾਉਣ ਸਬੰਧੀ ਕਿਸੇ ਕਿਸਮ ਦੀ ਮੁਸ਼ਕਲ ਆਉਂਦੀ ਹੈ ਤਾਂ ਉਹ ਸੰਪਰਕ ਕਰ ਸਕਦਾ ਹੈ।