For the best experience, open
https://m.punjabitribuneonline.com
on your mobile browser.
Advertisement

ਕੌਮੀ ਰੰਗਮੰਚ ਉਤਸਵ: ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਨੇ ਖੇਡਿਆ ਨਾਟਕ ‘ਨੰਗਾ ਰਾਜਾ’

06:28 AM Apr 23, 2024 IST
ਕੌਮੀ ਰੰਗਮੰਚ ਉਤਸਵ  ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਨੇ ਖੇਡਿਆ ਨਾਟਕ ‘ਨੰਗਾ ਰਾਜਾ’
ਨਾਟਕ ‘ਨੰਗਾ ਰਾਜਾ’ ਖੇਡ ਰਹੇ ਕਲਾਕਾਰ।
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 22 ਅਪਰੈਲ
ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ 23ਵੇਂ ਕੌਮੀ ਰੰਗਮੰਚ ਉਤਸਵ ਦੇ ਦੂਜੇ ਦਿਨ ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਦੀ ਟੀਮ ਵੱਲੋਂ ਅਲੱਖਨੰਦਨ ਵੱਲੋਂ ਲਿਖਿਆ ਅਤੇ ਵਿਸ਼ੂ ਸ਼ਰਮਾ ਵੱਲੋਂ ਨਿਰਦੇਸ਼ਤ ਨਾਟਕ ‘ਨੰਗਾ ਰਾਜਾ’ ਦਾ ਮੰਚਨ ਕੀਤਾ ਗਿਆ। ਸ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਨਾਟਕ ਨੰਗਾ ਰਾਜਾ ਅਸਲ ਵਿੱਚ ਅਲਖ ਨੰਦਨ ਵੱਲੋਂ ਲਿਖੇ ਹਾਸਰਸ ਹਿੰਦੀ ਨਾਟਕ ‘ਉਜਬਕ ਰਾਜਾ ਤੀਨ ਡਕੈਤ’ ਦਾ ਪੰਜਾਬੀ ਰੂਪਾਂਤਰ ਹੈ। ਇਸ ਨਾਟਕ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਨਿਰਦੇਸ਼ਨ ਵਿਸ਼ੂ ਸ਼ਰਮਾ ਨੇ ਕੀਤਾ ਹੈ। ਨਾਟਕ ਇੱਕ ਰਾਜੇ ਦੀ ਗਾਥਾ ਹੈ ਜੋ ਆਪਣੇ ਕੱਪੜੇ ਪਹਿਨਣ ਅਤੇ ਦਿਖਾਉਣ ਤੋਂ ਇਲਾਵਾ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ। ਉਸਨੂੰ ਰਾਜ ਵਿੱਚ ਕੀ ਹੋ ਰਿਹਾ ਹੈ, ਬਾਰੇ ਕੁਝ ਪਤਾ ਨਹੀਂ ਹੁੰਦਾ। ਇਸ ਦੌਰਾਨ ਤਿੰਨ ਡਕੈਤ ਇਹ ਜਾਣਨ ਤੋਂ ਬਾਅਦ ਰਾਜੇ ਨੂੰ ਮਿਲਦੇ ਹਨ ਕਿ ਉਸ ਨੂੰ ਨਵਾਂ ਪਹਿਰਾਵਾ ਤਿਆਰ ਕਰਨ ਲਈ ਅੰਤਰਰਾਸ਼ਟਰੀ ਦਰਜ਼ੀ ਦੀ ਜ਼ਰੂਰਤ ਹੈ। ਉਹ ਆਪਣੇ-ਆਪ ਨੂੰ ਰਾਜੇ ਦੇ ਸਾਹਮਣੇ ਅੰਤਰਰਾਸ਼ਟਰੀ ਦਰਜੀ ਵਜੋਂ ਪੇਸ਼ ਕਰਦੇ ਹਨ। ਉਹ ਉਸ ਨਾਲ ਵਾਅਦਾ ਕਰਦੇ ਹਨ ਕਿ ਉਹ ਜਾਦੂਈ ਸੂਟ ਤਿਆਰ ਕਰਨਗੇ ਜੋ ਰੰਗਾਂ ਨਾਲ ਭਰਪੂਰ, ਆਕਰਸ਼ਕ ਅਤੇ ਅਦਿੱਖ ਹੋਵੇਗਾ। ਇਹ ਮੂਰਖ ਲੋਕਾਂ ਨੂੰ ਦਿਖਾਈ ਨਹੀਂ ਦੇਵੇਗਾ। ਇਹ ਸੁਣ ਕੇ ਰਾਜਾ ਉਨ੍ਹਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਹਿਰਾਵਾ ਤਿਆਰ ਕਰਨ ਲਈ ਕਹਿੰਦਾ ਹੈ। ਡਕੈਤ ਰਾਜੇ ਨੂੰ ਦੱਸਦੇ ਨੇ ਕਿ ਜਾਦੂ ਦਾ ਸੂਟ ਬਣ ਕੇ ਤਿਆਰ ਹੋ ਗਿਆ ਹੈ ਅਤੇ ਉਹ ਰਾਜੇ ਨੂੰ ਸੂਟ ਪਵਾਉਣ ਦਾ ਨਾਟਕ ਕਰਦੇ ਹਨ। ਨਵੇਂ ਕੱਪੜੇ ਪਾ ਕੇ ਉਹ ਦੂਜੇ ਰਾਜੇ ਨੂੰ ਮਿਲਣ ਲਈ ਜਾਂਦਾ ਹੈ ਜੋ ਉਸ ਨੂੰ ਮਿਲਣ ਆਇਆ ਹੈ। ਉਸ ਨੂੰ ਨੰਗਾ ਦੇਖ ਕੇ ਦੂਜੇ ਰਾਜੇ ਪੁੱਛਦੇ ਹਨ ਕਿ ਉਸ ਨੇ ਕੋਈ ਕੱਪੜੇ ਕਿਉਂ ਨਹੀਂ ਪਹਿਨੇ ਹੋਏ। ਪਹਿਲਾ ਰਾਜਾ ਜਵਾਬ ਦਿੰਦਾ ਹੈ ਕਿ ਇਹ ਜਾਦੂਈ ਸੂਟ ਹੈ, ਸਿਰਫ ਬੁੱਧੀਮਾਨ ਲੋਕ ਹੀ ਇਸਨੂੰ ਦੇਖ ਸਕਦੇ ਹਨ। ਨਾਟਕ ਦੇ ਅੰਤ ਵਿੱਚ ਰਾਜੇ ਨੂੰ ਪਤਾ ਲੱਗਦਾ ਹੈ ਕਿ ਤਿੰਨ ਡਕੈਤਾਂ ਨੇ ਉਸਨੂੰ ਮੂਰਖ ਬਣਾਇਆ ਅਤੇ ਜਾਦੂਈ ਸੂਟ ਦੇ ਨਾਮ ’ਤੇ ਬਹੁਤ ਸਾਰਾ ਪੈਸਾ ਲੈ ਲਿਆ। ਨਾਟਕ ਵਿੱਚ ਵਿਅੰਗ ਨਾਲ ਗੱਲ ਕੀਤੀ ਗਈ ਕਿ ਕਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਲੋਕ ਸਾਡੇ ਦੇਸ਼ ਵਿੱਚ ਆ ਕੇ ਸਭ ਕੁਝ ਲੁੱਟ ਲੈਂਦੇ ਹਨ ਅਤੇ ਦੇਸ਼ ਦੀ ਵਾਗਡੋਰ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੰਦੇ ਹਨ। ਨਾਟਕ ਵਿੱਚ ਵਿਸ਼ੂ ਸ਼ਰਮਾ, ਗੁਰਦਿੱਤਪਾਲ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਵਿਸ਼ਾਲ, ਮਨਜਿੰਦਰ ਸਿੰਘ, ਮੋਹਿਤ ਅਤੇ ਹਰਦੀਪ ਸਿੰਘ ਨੇ ਅਦਾਕਾਰੀ ਕੀਤੀ। ਇਸ ਮੌਕੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਪਵਨਦੀਪ, ਰਮਾ ਸੇਖੋਂ, ਗਾਇਕ ਹਰਿੰਦਰ ਸੋਹਲ, ਗੁਰਤੇਜ ਮਾਨ ਸਮੇਤ ਹੋਰ ਨਾਟ ਪ੍ਰੇਮੀ ਹਾਜ਼ਰ ਸਨ।

Advertisement

Advertisement
Advertisement
Author Image

Advertisement