For the best experience, open
https://m.punjabitribuneonline.com
on your mobile browser.
Advertisement

ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ ਬਾਰੇ ਕੌਮੀ ਸੈਮੀਨਾਰ

08:48 AM Oct 27, 2024 IST
ਭਾਰਤੀ ਲੋਕਤੰਤਰ  ਸਮਾਜਿਕ ਨਿਆਂ ਅਤੇ ਸਾਹਿਤ ਬਾਰੇ ਕੌਮੀ ਸੈਮੀਨਾਰ
ਕੌਮੀ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਡਾ. ਸਵਰਾਜਬੀਰ।
Advertisement

ਹਰਦੇਵ ਚੌਹਾਨ
ਚੰਡੀਗੜ੍ਹ, 26 ਅਕਤੂਬਰ
ਇੱਥੇ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਕਲਾ ਭਵਨ ਵਿੱਚ ‘ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ’ ਬਾਰੇ ਕੌਮੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਲੇਖਕ ਤੇ ਚਿੰਤਕ ਪ੍ਰੋ. ਕਾਂਚਾ ਇਲੈਆ ਸ਼ੈਫਰਡ ਨੇ ਕਿਹਾ ਕਿ ਨਵੇਂ ਦਲਿਤ ਕਬਾਇਲੀ ਸਾਹਿਤ ਦੇ ਪ੍ਰਸੰਗ ’ਚ ਸ਼ੂਦਰ ਇਤਿਹਾਸ ਨੂੰ ਨਵੀਨ ਸਰੋਕਾਰਾਂ ਸਮੇਤ ਮੁੜ ਲਿਖਣਾ ਬਹੁਤ ਜ਼ਰੂਰੀ ਹੈ। ਲੇਖਕਾਂ ਦੀ ਭੂਮਿਕਾ ਕਿਸਾਨ, ਕਿਰਤੀ ਅਤੇ ਕਾਰੀਗਰਾਂ ਨੂੰ ਮੁੜ ਸੰਗਠਿਤ ਕਰਨਾ ਹੈ। ਇਸ ਦੌਰਾਨ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰਧਾਨ ਪੀ. ਲਕਸ਼ਮੀ ਨਾਰਾਇਣ ਨੇ ਕਿਹਾ ਕਿ ਅੱਜ ਗਰੀਬੀ, ਬੇਰੁਜ਼ਗਾਰੀ ਅਤੇ ਫਿਰਕਾਪ੍ਰਸਤੀ ਦੇ ਮੁੱਦੇ ਸਾਹਮਣੇ ਖੜ੍ਹੇ ਹਨ। ਇਸ ਲਈ ਲੇਖਕਾਂ ਨੂੰ ਵਿਸ਼ਵ ਪੱਧਰ ’ਤੇ ਆਮ ਲੋਕਾਂ ਤੱਕ ਪਹੁੰਚ ਬਣਾਉਣ ਦੀ ਲੋੜ ਹੈ। ਲੇਖਕ ਤੇ ਪੱਤਰਕਾਰ ਉਰਮਿਲੇਸ਼ ਨੇ ਕਿਹਾ ਕਿ ਭਾਵੇਂ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਵਿਚਾਰ ਸਮਾਜ ਤੇ ਸਾਹਿਤ ਵਿੱਚ ਲੰਮੇ ਸਮੇਂ ਤੋਂ ਮੌਜੂਦ ਹਨ, ਪਰ ਫਿਰ ਵੀ ਇਸ ਸਬੰਧ ’ਚ ਅੱਜ ਦੀ ਸਥਿਤੀ ਸਭ ਲਈ ਚਿੰਤਾਜਨਕ ਹੈ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਸਈਦਾ ਹਮੀਦ ਨੇ ਆਪਣੇ ਨਿੱਜੀ ਪ੍ਰਸੰਗਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀ ਪੀੜ੍ਹੀ ਨੂੰ ਬਾਬਰੀ ਮਸਜਿਦ ਢਾਹੁਣ, ਗੁਜਰਾਤ ਵਾਲਾ 2002 ਕਾਂਡ ਅਤੇ ਭਾਰਤ ਨੂੰ ਇੱਕ ਧਰਮ ਆਧਾਰਿਤ ਹਿੰਦੂ ਰਾਜ ਬਣਾਉਣ ਦੇ ਵਾਅਦੇ ’ਤੇ ਚੋਣਾਂ ਜਿੱਤਣ ਵਾਲੀ ਪਾਰਟੀ ਦੀ ਵੱਡੇ ਪੱਧਰ ’ਤੇ ਵਾਪਸੀ ਦੇ ਤਿੰਨ ਝਟਕੇ ਲੱਗੇ, ਜੋ ਸਿਰਫ਼ ਮੁਸਲਿਮ ਭਾਈਚਾਰੇ ਨੂੰ ਹੀ ਨਹੀਂ ਸਗੋਂ ਉਨ੍ਹਾਂ ਸਾਰੇ ਭਾਰਤੀਆਂ ਨੂੰ ਲੱਗੇ ਜੋ ਸੰਵਿਧਾਨ ਵਿੱਚ ਭਰੋਸਾ ਰੱਖਦੇ ਹਨ। ਉਦਘਾਟਨੀ ਸੈਸ਼ਨ ਦਾ ਸੰਚਾਲਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤਾ। ‘ਭਾਰਤੀ ਲੋਕਤੰਤਰ ਸਾਹਮਣੇ ਚੁਣੌਤੀਆਂ’ ਬਾਰੇ ਕਰਵਾਏ ਗਏ ਪਹਿਲੇ ਸੈਸ਼ਨ ਵਿੱਚ ਪ੍ਰਲੇਸ ਦੇ ਕਾਰਜਕਾਰੀ ਪ੍ਰਧਾਨ ਵਿਭੂਤੀ ਨਰਾਇਣ ਰਾਏ, ਵਰਿੰਦਰ ਯਾਦਵ, ਹੇਤੂ ਭਾਰਦਵਾਜ ਅਤੇ ਡਾ. ਆਰਤੀ ਨੇ ਲੇਖਕਾਂ ਨੂੰ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਸੋਚਣ ਦਾ ਸੱਦਾ ਦਿੱਤਾ। ਇਸ ਸੈਸ਼ਨ ਦੇ ਸੰਚਾਲਕ ਡਾ. ਸਵਰਾਜਬੀਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਵਿਚਾਰਕ ਅਦਾਨ-ਪ੍ਰਦਾਨ ਦੀ ਹਾਮੀ ਰਹੀ ਹੈ ਇੱਥੇ ਗੋਸ਼ਟੀਆਂ ਅਤੇ ਸੰਵਾਦ ਹੁੰਦੇ ਰਹੇ ਹਨ ਤੇ ਇਹ ਪੰਜਾਬ ਗੋਸ਼ਟੀ ਭੂਮੀ ਰਿਹਾ ਹੈ। ‘ਸਮਾਜਿਕ ਪਰਿਵਰਤਨ ਅਤੇ ਸਾਹਿਤ ਦੀਆਂ ਦਿਸ਼ਾਵਾਂ’ ਬਾਰੇ ਆਧਾਰਿਤ ਤੀਜੇ ਸੈਸ਼ਨ ’ਚ ਰਣੇਂਦਰ, ਆਸ਼ੀਸ਼ ਤ੍ਰਿਪਾਠੀ, ਸਾਰਿਕਾ ਸ੍ਰੀ ਵਾਸਤਵ ਅਤੇ ਵਿਨੀਤ ਤਿਵਾੜੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸੈਸ਼ਨ ਦਾ ਸੰਚਾਲਨ ਡਾ. ਕੁਲਦੀਪ ਸਿੰਘ ਦੀਪ ਨੇ ਕੀਤਾ। ਆਖ਼ਰੀ ਸੈਸ਼ਨ ’ਚ ਖਾਲਿਦ ਹੁਸੈਨ, ਡਾ. ਵੰਦਨਾ ਚੌਬੇ, ਡਾ. ਕੁਸੁਮ ਮਾਧੁਰੀ ਟੋਪੋ ਅਤੇ ਰਾਕੇਸ਼ ਵਾਨਖੇੜੇ ਨੇ ‘ਪਛਾਣ ਦੀ ਰਾਜਨੀਤੀ ਅਤੇ ਸਾਹਿਤ’ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸੈਸ਼ਨ ਦਾ ਸੰਚਾਲਨ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕੀਤਾ। ਜਸਪਾਲ ਮਾਨਖੇੜਾ ਨੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement