ਕੌਮੀ ਸਕੂਲ ਖੇਡਾਂ: ਬਾਸਕਟਬਾਲ ਵਿੱਚ ਪੰਜਾਬ ਦੀਆਂ ਟੀਮਾਂ ਚੈਂਪੀਅਨ
ਪੱਤਰ ਪ੍ਰੇਰਕ
ਪਟਿਆਲਾ, 26 ਨਵੰਬਰ
ਕੌਮੀ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਅੰਡਰ-19 ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਅਤੇ ਮਿਡਲ ਬ੍ਰਾਂਚ ਪੰਜਾਬੀ ਬਾਗ਼ ਵਿੱਚ ਖੇਡਿਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਦੀ ਨਿਗਰਾਨੀ ਹੇਠ ਅੱਜ ਬਾਸਕਟਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਹੋਏ। ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਦਲਜੀਤ ਸਿੰਘ ਨੇ ਦੱਸਿਆ ਕਿ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੀ ਸਰਪ੍ਰਸਤੀ ਹੇਠ ਕਰਵਾਏ ਬਾਸਕਟਬਾਲ ਅੰਡਰ-19 ਲੜਕਿਆਂ ਦੇ ਟੂਰਨਾਮੈਂਟ ਦਾ ਫਾਈਨਲ ਮੈਚ ਪੰਜਾਬ ਅਤੇ ਰਾਜਸਥਾਨ ਵਿਚਕਾਰ ਖੇਡਿਆ ਗਿਆ। ਇਸ ਵਿੱਚ ਪੰਜਾਬ ਦੇ ਲੜਕਿਆਂ ਨੇ ਰਾਜਸਥਾਨ ਦੀ ਟੀਮ ਨੂੰ 70-46 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕਿਆਂ ਵਿੱਚ ਕੇਰਲ ਨੇ ਚੰਡੀਗੜ੍ਹ ਨੂੰ 90-66 ਅੰਕਾਂ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਸਕਟਬਾਲ ਅੰਡਰ-19 ਲੜਕੀਆਂ ਦਾ ਫਾਈਨਲ ਪੰਜਾਬ ਅਤੇ ਰਾਜਸਥਾਨ ਵਿਚਕਾਰ ਖੇਡਿਆ ਗਿਆ। ਇਸ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਰਾਜਸਥਾਨ ਦੀਆਂ ਲੜਕੀਆਂ ਨੂੰ 60-32 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕੀਆਂ ਵਿੱਚ ਤਾਮਿਲਨਾਡੂ ਨੇ ਮਹਾਰਾਸ਼ਟਰ ਨੂੰ 52-41 ਅੰਕਾਂ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਰਾਜਸਥਾਨ ਲੜਕਿਆਂ ਅਤੇ ਲੜਕੀਆਂ ਦੋਵੇਂ ਪਾਸੇ ਰਨਰ-ਅੱਪ ਰਿਹਾ। ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਖੇਡ ਸ਼ਾਖਾ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੂੰ ਤਗ਼ਮੇ ਅਤੇ ਜੇਤੂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ।