ਕੌਮੀ ਸਕੂਲ ਖੇਡਾਂ ਲੁਧਿਆਣਾ ਵਿੱਚ ਅੱਜ ਤੋਂ
ਸਤਵਿੰਦਰ ਬਸਰਾ
ਲੁਧਿਆਣਾ, 5 ਜਨਵਰੀ
67ਵੀਆਂ ਰਾਸ਼ਟਰੀ ਸਕੂਲ ਖੇਡਾਂ ਦਾ ਉਦਘਾਟਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 6 ਜਨਵਰੀ ਨੂੰ ਸਵੇਰੇ 11.30 ਵਜੇ ਪੀਏਯੂ ਦੇ ਖੇਡ ਮੈਦਾਨ ਵਿੱਚ ਕਰਨਗੇ। ਇਨ੍ਹਾਂ ਖੇਡਾਂ ਦੌਰਾਨ ਦੇਸ਼ ਭਰ ਤੋਂ ਆਉਣ ਵਾਲੇ ਖਿਡਾਰੀਆਂ ਦੇ ਜੂਡੋ, ਕਰਾਟੇ ਅਤੇ ਫੁਟਬਾਲ ਖੇਡਾਂ ਦੇ ਮੁਕਾਬਲੇ ਹੋਣਗੇ। ਇਨ੍ਹਾਂ ਖੇਡਾਂ ਸਬੰਧੀ ਅੱਜ ਸ਼ਾਮ ਤੱਕ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੌਰਾਨ ਵੱਖ ਵੱਖ ਰਾਜਾਂ ਤੋਂ ਪਹੁੰਚੇ ਖਿਡਾਰੀਆਂ ਦਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਦੀ ਸਪੋਰਟਸ ਸ਼ਾਖਾ ਵੱਲੋਂ ਕਰਵਾਈਆਂ ਜਾ ਰਹੀਆਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਪੂਰੇ ਦੇਸ਼ ਵਿੱਚੋਂ ਸਕੂਲਾਂ ਦੇ ਖਿਡਾਰੀ ਸ਼ਿਰਕਤ ਕਰ ਰਹੇ ਹਨ। ਅੱਜ ਸ਼ਾਮ ਤੱਕ ਵੱਖ ਵੱਖ ਰਾਜਾਂ ਤੋਂ ਖਿਡਾਰੀਆਂ ਦਾ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਨ੍ਹਾਂ ਸਾਰੇ ਖਿਡਾਰੀਆਂ ਅਤੇ ਆਫੀਸਰਜ਼ ਨੇ ਪੀਏਯੂ ਕੈਂਪਸ ਵਿੱਚ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਕੰਮਲ ਕਰਵਾਈ। ਦੱਸਣਯੋਗ ਹੈ ਕਿ 6 ਤੋਂ 11 ਜਨਵਰੀ ਤੱਕ ਚੱਲਣ ਵਾਲੀਆਂ ਖੇਡਾਂ ਵਿੱਚ 36 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਫੁਟਬਾਲ ਦੀਆਂ 26, ਜੂਡੋ ਲੜਕਿਆਂ ਦੀਆਂ 32, ਲੜਕੀਆਂ ਦੀਆਂ 31, ਕਰਾਟੇ ’ਚ ਲੜਕੀਆਂ ਦੀਆਂ 22 ਅਤੇ ਲੜਕਿਆਂ ਦੀਆਂ 23 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਤੋਂ ਪਹਿਲਾਂ ਅੱਜ ਪੀਏਯੂ ਕੈਂਪਸ ਵਿੱਚ ਪਹੁੰਚੇ ਵੱਖ ਵੱਖ ਰਾਜਾਂ ਦੇ ਖਿਡਾਰੀਆਂ ਨੇ ਜਿੱਥੇ ਮੈਦਾਨਾਂ ਦਾ ਜਾਇਜ਼ਾ ਲਿਆ ਉੱਥੇ ਖੇਡ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰਨ ਲਈ ਪ੍ਰੈਕਟਿਸ ਕੀਤੀ। ਇਸ ਮੌਕੇ ਖਿਡਾਰੀ ਕਾਫੀ ਉਤਸ਼ਾਹਿਤ ਸਨ।
ਅਧਿਕਾਰੀਆਂ ਵੱਲੋਂ ਖੇਡ ਮੈਦਾਨਾਂ ’ਚ ਪ੍ਰਬੰਧਾਂ ਦਾ ਜਾਇਜ਼ਾ
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਿੰਪਲ ਮਦਾਨ ਨੇ ਦੱਸਿਆ ਕਿ ਰਾਸ਼ਟਰੀ ਸਕੂਲ ਖੇਡਾਂ ਦੀਆਂ ਤਿਆਰੀਆਂ ਲਈ 50 ਦੇ ਕਰੀਬ ਪ੍ਰਿੰਸੀਪਲ ਅਤੇ ਮਕੂਲ ਮੁਖੀਆਂ ਦੀਆਂ ਵੱਖ-ਵੱਖ ਕਮੇਟੀਆਂ ਅਧੀਨ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਪੰਜਾਬ ਭਰ ਵਿਚੋਂ 300 ਦੇ ਕਰੀਬ ਖੇਡ ਅਧਿਆਪਕਾਂ ਦੀਆ ਡਿਊਟੀਆਂ ਲਗਾਈਆਂ ਗਈਆਂ ਹਨ। ਉਦਘਾਟਨੀ ਸਮਾਰੋਹ ਦੌਰਾਨ ਇੱਕ ਦਰਜਨ ਕਰੀਬ ਸਕੂਲਾਂ ਦੇ ਵਿਦਿਆਰਥੀ ਗਿੱਧਾ, ਭੰਗੜਾ ਅਤੇ ਕੋਰਿਓਗ੍ਰਾਫੀ ਪੇਸ਼ ਕਰਨਗੇ। ਇਸ ਮੌਕੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀ ਮਾਰਚ ਪਾਸਟ ਵਿੱਚ ਹਿੱਸਾ ਲੈਣਗੇ।