ਕੌਮੀ ਸਕੂਲ ਖੇਡਾਂ: ਪਟਿਆਲਾ ’ਚ ਬਾਸਕਟਬਾਲ ਮੁਕਾਬਲਿਆਂ ਦਾ ਆਗਾਜ਼
ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਨਵੰਬਰ
ਇੱਥੇ 68ਵੀਆਂ ਕੌਮੀ ਸਕੂਲ ਖੇਡਾਂ ਦੇ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਦਾ ਉਦਘਾਟਨ ਪਰਮਜੀਤ ਸਿੰਘ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਨੇ ਪੋਲੋ ਗਰਾਊਂਡ ਪਟਿਆਲਾ ’ਚ ਕੀਤਾ। ਇਸ ਮੌਕੇ ਕੌਮਾਂਤਰੀ ਕਬੱਡੀ ਖਿਡਾਰੀ ਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਖਿਡਾਰੀਆਂ ਵੱਲੋਂ ਪੰਜਾਬ ਦੇ ਖਿਡਾਰੀ ਨੇ ਖੇਡ ਭਾਵਨਾ ਨਾਲ ਖੇਡਾਂ ਵਿੱਚ ਭਾਗ ਲੈਣ ਅਤੇ ਜ਼ਿੰਦਗੀ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ।
ਪਰਮਜੀਤ ਸਿੰਘ ਨੇ ਬਾਹਰੀ ਰਾਜਾਂ ਤੋਂ ਆਏ ਬਾਸਕਟਬਾਲ ਖਿਡਾਰੀਆਂ ਅਤੇ ਉਨ੍ਹਾਂ ਨਾਲ ਆਏ ਕੋਚਿੰਗ ਸਟਾਫ ਨੂੰ ਜੀ ਆਇਆ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰੇਰਨਾ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਦਿਆਂ ਖਿਡਾਰੀਆਂ ਨੂੰ ਚੰਗੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਖੇਡਾਂ ਖੇਡਦੇ ਹੋਏ ਖੇਡ ਭਾਵਨਾ ਨਾਲ ਵਿਦਿਆਰਥੀਆਂ ਅੰਦਰ ਅਨੁਸ਼ਾਸਨ ਪੈਦਾ ਹੁੰਦਾ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਜ਼ਿਲ੍ਹਾ ਸਪੋਰਟ ਕੁਆਰਡੀਨੇਟਰ ਦਲਜੀਤ ਸਿੰਘ ਅਤੇ ਪੂਰੀ ਪਟਿਆਲਾ ਟੀਮ ਦੀ ਚੰਗੇ ਪ੍ਰਬੰਧਾਂ ਲਈ ਸਰਾਹਨਾ ਵੀ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਵਿਧਾਇਕ ਗੁਰਲਾਲ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕੀਤਾ ਹੈ। ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਸੂਬਾ ਸਰਕਾਰ ਨੇ ਸਾਜ਼ਗਾਰ ਮਾਹੌਲ ਪ੍ਰਦਾਨ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਨੇ ਕਿਹਾ ਕਿ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਟੂਰਨਾਮੈਂਟ ’ਚ ਵੱਖ-ਵੱਖ ਡਿਊਟੀ ਨਿਭਾ ਰਹੇ ਪ੍ਰਿੰਸੀਪਲ, ਮੁੱਖ ਅਧਿਆਪਕ, ਖੇਡ ਅਧਿਆਪਕ ਅਤੇ ਸਹਿਯੋਗੀ ਸਟਾਫ ਤਨਦੇਹੀ ਨਾਲ ਯਤਨ ਕਰ ਰਿਹਾ ਹੈ।