For the best experience, open
https://m.punjabitribuneonline.com
on your mobile browser.
Advertisement

ਪ੍ਰਭ ਆਸਰਾ ਦੇ ਬਿਜਲੀ ਕੁਨੈਕਸ਼ਨ ਮਾਮਲੇ ’ਤੇ ਕੌਮੀ ਮਾਰਗ ਜਾਮ

08:49 AM Apr 10, 2024 IST
ਪ੍ਰਭ ਆਸਰਾ ਦੇ ਬਿਜਲੀ ਕੁਨੈਕਸ਼ਨ ਮਾਮਲੇ ’ਤੇ ਕੌਮੀ ਮਾਰਗ ਜਾਮ
ਕੁਰਾਲੀ ਵਿੱਚ ਕੌਮੀ ਮਾਰਗ ’ਤੇ ਚੱਕਾ ਜਾਮ ਕਰ ਕੇ ਬੈਠੇ ਜਥੇਬੰਦੀਆਂ ਦੇ ਆਗੂ ਤੇ ਲੋਕ।
Advertisement

ਮਿਹਰ ਸਿੰਘ
ਕੁਰਾਲੀ, 9 ਅਪਰੈਲ
ਸ਼ਹਿਰ ਦੀ ਹੱਦ ਅੰਦਰ ਪਡਿਆਲਾ ਵਿੱਚ ਮੰਦਬੁੱਧੀ, ਦਿਵਿਆਂਗ ਅਤੇ ਲਾਵਾਰਸ ਪ੍ਰਾਣੀਆਂ ਦੀ ਸੇਵਾ-ਸੰਭਾਲ ਕਰ ਰਹੀ ਸਮਾਜ ਸੇਵੀ ਸੰਸਥਾ ਦਾ ਬਿਜਲੀ ਦਾ ਕੁਨੈਕਸ਼ਨ ਕੱਟਣ ਤੋਂ ਪੈਦਾ ਹੋਇਆ ਰੋਹ ਅੱਜ ਲੋਕ ਸੰਘਰਸ਼ ਦਾ ਰੂਪ ਅਖ਼ਤਿਆਰ ਕਰ ਗਿਆ। ਇਸ ਮਸਲੇ ’ਤੇ ਦਰਜਨ ਤੋਂ ਵਧੇਰੇ ਜਥੇਬੰਦੀਆਂ ਨੇ ਸੰਘਰਸ਼ ਦਾ ਐਲਾਨ ਕਰਦਿਆਂ ਕੌਮੀ ਮਾਰਗ ਜਾਮ ਕੀਤਾ।
ਅੱਜ ਪ੍ਰਭ ਆਸਰਾ ਕੰਪਲੈਕਸ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਪਰਮਿੰਦਰ ਸਿੰਘ ਚਲਾਕੀ, ਦਵਿੰਦਰ ਸਿੰਘ ਬਾਜਵਾ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਰਵਿੰਦਰ ਸਿੰਘ ਵਜੀਦਪੁਰ, ਰੇਸ਼ਮ ਸਿੰਘ ਬਡਾਲੀ ਤੇ ਹੋਰਨਾਂ ਨੇ ਸਮਾਜ ਸੇਵਾ ਕਰ ਰਹੀ ਸੰਸਥਾ ਪ੍ਰਭ ਆਸਰਾ ਦਾ ਬਿਜਲੀ ਦਾ ਕੁਨੈਕਸ਼ਨ ਕੱਟਣ ਦੀ ਨਿਖੇਧੀ ਕੀਤੀ। ਆਗੂਆਂ ਨੇ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇ ਰਹੀ ਹੈ ਜਦੋਂਕਿ ਬੇਸਹਾਰਾ ਲੋਕਾਂ ਦੀ ਰਿਹਾਇਸ਼ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਜਦੋਂਕਿ ਇਸ ਨਾਲ ‘ਆਪ’ ਸਰਕਾਰ ਦਾ ਅਸਲੀ ਚਿਹਰਾ ਬੇਪਰਦ ਹੋਇਆ ਹੈ। ਇਸ ਤੋਂ ਪਹਿਲਾਂ ਸੰਸਥਾ ਦੇ ਮੁੱਖ ਪ੍ਰਬੰਧਕ ਸ਼ਮਸ਼ੇਰ ਸਿੰਘ ਪਡਿਆਲਾ ਨੇ ਸਾਰੀ ਸਥਿਤੀ ਸਬੰਧੀ ਜਾਣੂ ਕਰਵਾਇਆ।
ਪ੍ਰਸ਼ਾਸਨ ਵਲੋਂ ਐੱਸਡੀਐੱਮ ਖਰੜ ਗੁਰਮਿੰਦਰ ਸਿੰਘ, ਪਾਵਰਕੌਮ ਦੇ ਐਕਸੀਅਨ ਇੰਦਰਪ੍ਰੀਤ ਸਿੰਘ ਅਤੇ ਡੀਐੱਸਪੀ ਧਰਮਵੀਰ ਸਿੰਘ ਮੌਕੇ ’ਤੇ ਪੁੱਜੇ ਅਤੇ ਮਸਲੇ ਦੇ ਹੱਲ ਲਈ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਬੇਸਿੱਟਾ ਰਹਿਣ ’ਤੇ ਮੁਜ਼ਾਹਰਾਕਾਰੀਆਂ ਨੇ ਕੌਮੀ ਮਾਰਗ ਜਾਮ ਕਰ ਦਿੱਤਾ। ਕੁਝ ਮਿੰਟਾਂ ਵਿੱਚ ਹੀ ਕੌਮੀ ਮਾਰਗ ’ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਚੱਕਾ ਜਾਮ ਦੌਰਾਨ ਧਰਨਾਕੀਆਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਸੰਤੋਖ ਸਿੰਘ, ਨਿਰਮਲ ਸਿੰਘ ਲੋਧੀਮਾਜਰਾ, ਰਣਜੀਤ ਸਿੰਘ ਪਟਿਆਲਾ, ਗੁਰਦੇਵ ਸਿੰਘ ਕੋਹਲੀ ਅਤੇ ਹੋਰਨਾਂ ਨੇ ਕਿਹਾ ‘ਆਪ’ ਸਰਕਾਰ ਦੇ ਰਾਜ ਵਿੱਚ ਦਿਵਿਆਂਗ ਤੇ ਬੇਸਹਾਰਾ ਲੋਕਾਂ ਦੇ ਧਰਨੇ ਲੱਗਣੇ ਚਿੰਤਾ ਦਾ ਵਿਸ਼ਾ ਹਨ।
ਪ੍ਰਸ਼ਾਸ਼ਨਿਕ ਅਧਿਕਾਰੀ ਇੱਕ ਵਾਰ ਫਿਰ ਚੱਕਾ ਜਾਮ ਵਾਲੀ ਥਾਂ ਪੁੱਜੇ ਤੇ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਚਾਰ ਦਿਨ ਦਾ ਸਮਾਂ ਮੰਗਦਿਆਂ ਮਸਲੇ ਸਬੰਧੀ ਉੱਚ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਲਿਖਣ ਅਤੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ। ਕੁਝ ਸਮੇਂ ਤੱਕ ਮੁਜ਼ਾਹਰਾਕਾਰੀ ਬਿਜਲੀ ਦਾ ਕੁਨੈਕਸ਼ਨ ਤੁਰੰਤ ਜੋੜੇ ਜਾਣ ਲਈ ਬਜਿੱਦ ਰਹੇ। ਸਲਾਹ-ਮਸ਼ਵਰਾ ਕਰਨ ਬਾਅਦ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ 15 ਅਪਰੈਲ ਤੱਕ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਜੇ ਉਦੋਂ ਤੱਕ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਅਮਨਦੀਪ ਸਿੰਘ ਗੋਲਡੀ,ਜੈ ਸਿੰਘ ਚੱਕਲਾਂ,ਗੁਰਮੀਤ ਸਿੰਘ ਸ਼ਾਂਟੂ,ਹੈਪੀ ਮੁੰਧੋਂ,ਮੋਹਨ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×